ਅੱਗ ਲੱਗਣ ਕਾਰਣ ਦੋ ਦੁਕਾਨਾਂ ਦਾ ਸਾਮਾਨ ਸੜ ਕੇ ਸੁਆਹ

01/01/2020 6:39:05 PM

ਬੇਗੋਵਾਲ (ਰਜਿੰਦਰ)— ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਬੀਤੀ ਰਾਤ ਬੇਗੋਵਾਲ ਦੀ ਮਾਰਕੀਟ 'ਚ ਅੱਗ ਲੱਗਣ ਕਾਰਨ ਦੋ ਦੁਕਾਨਾਂ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਨਾਲ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਦੁਕਾਨਾਂ ਬਾਹਰ ਬਿਜਲੀ ਦੀਆਂ ਤਾਰਾਂ 'ਚੋਂ ਹੋਇਆ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਇਸ ਸਬੰਧੀ ਪਾਵਰਕਾਮ ਦੇ ਐੱਸ. ਡੀ. ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਮੌਕਾ ਦੇਖ ਕੇ ਹੀ ਕੁਝ ਕਿਹਾ ਜਾ ਸਕਦਾ ਹੈ ਪਰ ਦੁਕਾਨਾਂ ਬਾਹਰ ਤਾਰਾਂ ਸਬੰਧੀ ਮੇਰੇ ਕੋਲ ਪਹਿਲਾਂ ਕੋਈ ਨਹੀਂ ਆਇਆ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਨਵੇਂ ਸਾਲ ਤੋਂ ਪਹਿਲਾਂ ਦੇਰ ਰਾਤ ਬੇਗੋਵਾਲ ਦੀ ਮੀਖੋਵਾਲ ਮਾਰਕੀਟ 'ਚ ਦੋ ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਸਮੇਂ ਦੁਕਾਨਾਂ ਬੰਦ ਸਨ। ਪਹਿਲੀ ਦੁਕਾਨ ਅਰੋੜਾ ਫੁੱਟਵੀਅਰ ਦੇ ਮਾਲਕ ਅਵਿਨਾਸ਼ ਅਰੋੜਾ ਪੁੱਤਰ ਜੁਗਲ ਕਿਸ਼ੋਰ ਵਾਸੀ ਬੇਗੋਵਾਲ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਰਾਤ ਅਸੀਂ ਦੁਕਾਨ ਬੰਦ ਕਰਕੇ ਚਲੇ ਗਏ ਸੀ, ਰਾਤ ਕਰੀਬ 8 ਵਜੇ ਤੋਂ ਬਾਅਦ ਫੋਨ ਆਇਆ ਕਿ ਦੁਕਾਨ ਵਿਚ ਅੱਗ ਲੱਗ ਗਈ। ਆ ਕੇ ਦੇਖਿਆ ਤਾਂ ਮੇਰੀ ਤੇ ਨਾਲ ਦੀ ਦੁਕਾਨ 'ਚ ਅੱਗ ਪੂਰੀ ਤਰ੍ਹਾਂ ਮਚੀ ਹੋਈ ਸੀ। ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਅਵਿਨਾਸ਼ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਮੇਰਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਇਸੇ ਦੌਰਾਨ ਦੂਸਰੀ ਦੁਕਾਨ 'ਓਂਕਾਰ ਇਲੈਕਟ੍ਰੀਕਲ' ਦੇ ਮਾਲਕ ਓਂਕਾਰ ਸਿੰਘ ਵਾਸੀ ਲੱਖਣ ਕਲਾਂ ਨੇ ਦਸਿਆ ਕਿ ਮੇਰੀ ਇਲੈਕਟ੍ਰੀਕਲ ਦੀ ਦੁਕਾਨ ਹੈ। ਜਿਸ 'ਚ ਬੈਟਰੀਆਂ, ਇਨਵਰਟਰ, ਤਾਰ ਤੇ ਇਲੈਕਟ੍ਰੀਕਲ ਦਾ ਹੋਰ ਸਾਮਾਨ ਸੀ। ਜੋ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ। ਜਿਸ 'ਚੋਂ ਕੁਝ ਵੀ ਨਹੀਂ ਬਚਿਆ ਤੇ ਇਸ ਨਾਲ ਮੇਰਾ ਕਰੀਬ ਸਾਢੇ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੀ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪਲ ਤੋਂ ਮੰਗ ਹੈ ਕਿ ਸਾਡੀ ਮਾਲੀ ਮਦਦ ਕੀਤੀ ਜਾਵੇ।

ਦੱਸਣਯੋਗ ਹੈ ਕਿ ਅੱਗ ਦਾ ਸੇਕ ਇਨ੍ਹਾਂ ਦੋਵਾਂ ਦੁਕਾਨਾਂ ਨੂੰ ਛੱਡ ਕੇ ਨਾਲ ਦੀਆਂ ਦੁਕਾਨ ਨੂੰ ਵੀ ਲੱਗਾ, ਜਿਸ ਦਾ ਸੀ. ਸੀ. ਟੀ. ਵੀ. ਕੈਮਰਾ ਤੇ ਫਲੈਕਸ ਸੜ ਗਈ। ਇਸ ਦੁਕਾਨ ਦੇ ਮਾਲਕ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੇਰਾ ਰੈਡੀਮੇਡ ਕੱਪੜੇ ਦਾ ਕੰਮ ਹੈ, ਇਨ੍ਹਾਂ ਦੁਕਾਨਾਂ ਨੂੰ ਲੱਗੀ ਅੱਗ ਦੇ ਸੇਕ ਨਾਲ ਮੇਰੀ ਦੁਕਾਨ ਵਿਚ ਕੰਧ ਨਾਲ ਪਿਆ ਕੱਪੜਾ ਨੁਕਸਾਨਿਆ ਗਿਆ ਹੈ, ਜਿਸ ਕਾਰਣ ਮੇਰਾ ਭਾਰੀ ਨੁਕਸਾਨ ਹੋਇਆ ਹੈ। ਅੱਗ ਬਾਰੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਬਾਹਰ ਬਿਜਲੀ ਦੀਆਂ ਤਾਰਾਂ ਵਿਚੋਂ ਹੋਏ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ।

ਇਸ ਸਬੰਧੀ ਗੱਲਬਾਤ ਕਰਨ 'ਤੇ ਪਾਵਰਕਾਮ ਬੇਗੋਵਾਲ ਦੇ ਐੱਸ. ਡੀ. ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਮੌਕਾ ਦੇਖਣ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਕਿਉਂਕਿ ਤਾਰਾਂ ਸਬੰਧੀ ਮੇਰੇ ਕੋਲ ਪਹਿਲਾਂ ਕੋਈ ਨਹੀਂ ਆਇਆ। ਦੂਜੇ ਪਾਸੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਕਰਤਾਰਪੁਰ ਤੇ ਕਪੂਰਥਲਾ ਤੋਂ ਇਥੇ ਆਈਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕਾਫੀ ਮਿਹਨਤ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਜਦਕਿ ਅੱਗ ਬੁਝਾਉਣ ਵਿਚ ਸੰਤ ਬਾਬਾ ਪ੍ਰੇਮ ਸਿੰਘ ਚੈਰੀਟੇਬਲ ਸੋਸਾਇਟੀ ਬੇਗੋਵਾਲ ਦੇ ਨੌਜਵਾਨਾਂ ਨੇ ਅੱਗ ਬੁਝਾਉਣ ਵਿਚ ਅਹਿਮ ਯੋਗਦਾਨ ਪਾਇਆ।


shivani attri

Content Editor

Related News