ਸ਼ਿਵਮ ਸ਼ਰਮਾ ਕਤਲਕਾਂਡ ਦਾ ਮਾਮਲਾ ਸੁਲਝਿਆ, 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

05/07/2019 3:09:21 PM

ਕਪੂਰਥਲਾ (ਭੂਸ਼ਣ, ਗੌਰਵ)— ਬੀਤੀ 3 ਮਈ ਦੀ ਰਾਤ ਸ਼ਹਿਰ ਦੇ ਸਦਰ ਬਾਜ਼ਾਰ ਖੇਤਰ 'ਚ ਕੁਝ ਮੋਟਰਸਾਈਕਲ ਸਵਾਰ ਮੁਲਜ਼ਮਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕੀਤੇ ਗਏ ਸ਼ਿਵਮ ਸ਼ਰਮਾ ਕਤਲਕਾਂਡ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਜਦ ਕਿ ਬਾਕੀ 8 ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 3 ਮਈ ਦੀ ਰਾਤ ਸ਼ਿਵਮ ਸ਼ਰਮਾ ਪੁੱਤਰ ਰਾਜ ਕੁਮਾਰ ਸ਼ਰਮਾ ਵਾਸੀ ਕੋਟੂ ਚੌਕ ਦਾ ਉਸ ਸਮੇਂ ਕਈ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਸਦਰ ਬਾਜ਼ਾਰ ਦੇ ਵੱਲ ਜਾ ਰਿਹਾ ਸੀ। ਇਸ ਪੂਰੇ ਮਾਮਲੇ 'ਚ ਸਿਟੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ 8-9 ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ, ਜਿਸ ਨੂੰ ਲੈ ਕੇ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਹੁਕਮਾਂ 'ਤੇ ਬਣੀ ਇਕ ਜਾਂਚ ਟੀਮ ਜਿਸ ਦੀ ਨਿਗਰਾਨੀ ਐੱਸ. ਪੀ. (ਡੀ.) ਹਰਪ੍ਰੀਤ ਸਿੰਘ ਮੰਡੇਰ ਨੂੰ ਸੌਂਪੀ ਗਈ ਸੀ, ਨੇ ਆਪਣੀ ਜਾਂਚ ਦੌਰਾਨ ਕਈ ਮੁਲਜ਼ਮਾਂ ਦੀ ਪਛਾਣ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਬਰਾੜ ਨੂੰ ਸੂਚਨਾ ਮਿਲੀ ਕਿ ਸ਼ਿਵਮ ਸ਼ਰਮਾ ਦੇ ਕਤਲਕਾਂਡ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਸਾਗਰ ਪੁੱਤਰ ਵਿਜੈ ਕੁਮਾਰ ਵਾਸੀ ਹਾਥੀਖਾਨਾ ਅਤੇ ਕੋਮਲਪ੍ਰੀਤ ਸਿੰਘ ਉਰਫ ਕਮਲ ਉਰਫ ਕਾਲੂ ਪੁੱਤਰ ਹਰਬਿੰਦਰ ਸਿੰਘ ਵਾਸੀ ਮਹਿਤਾਬਗੜ੍ਹ ਕਪੂਰਥਲਾ ਨੂੰ ਡੀ. ਸੀ. ਚੌਕ ਇਲਾਕੇ 'ਚੋਂ ਗ੍ਰਿਫਤਾਰ ਕਰ ਲਿਆ।
ਦੋਵੇਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ 'ਚ ਇਸਤੇਮਾਲ 'ਚ ਲਿਆਂਦੀ ਗਈ ਸਕੂਟਰੀ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ। ਡੀ. ਐੱਸ. ਪੀ. ਸਬ ਡਵੀਜ਼ਨ ਨੇ ਦੱਸਿਆ ਕਿ ਦੋਨਾਂ ਮੁਲਜ਼ਮਾਂ ਤੋਂ ਕੀਤੀ ਗਈ ਸਖ਼ਤ ਪੁੱਛਗਿਛ ਦੌਰਾਨ ਸ਼ਿਵਮ ਸ਼ਰਮਾ ਦੇ ਕਤਲ ਵਿਚ ਸ਼ਾਮਲ 8 ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਜਿਨ੍ਹਾਂ ਦੀ ਤਲਾਸ਼ 'ਚ ਛਾਪੇਮਾਰੀ ਦਾ ਦੌਰ ਜਾਰੀ ਹੈ। ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News