ਏ. ਆਈ. ਜੀ. ਦੀ ਮਾਤਾ ਦੀ ਹੱਤਿਆ ਦੇ ਮਾਮਲੇ ''ਚ ਮਹਿਲਾ ਟੀਚਰ ਦੇ ਬੇਟੇ ਨੂੰ ਚੁੱਕਿਆ

10/04/2018 12:59:54 PM

ਜਲੰਧਰ (ਮਹੇਸ਼)— 17 ਸਤੰਬਰ ਨੂੰ ਏ. ਆਈ. ਜੀ. ਸਰੀਨ ਕੁਮਾਰ ਪ੍ਰਭਾਕਰ ਦੀ ਮਾਤਾ ਸ਼ੀਲਾ ਰਾਣੀ ਪ੍ਰਭਾਕਰ ਦੀ ਦਕੋਹਾ ਸਥਿਤ ਉਨ੍ਹਾਂ ਦੇ ਜੱਦੀ ਘਰ 'ਚ ਕੀਤੀ ਗਈ ਹੱਤਿਆ ਨੂੰ ਲੈ ਕੇ ਬੀਤੇ ਦਿਨ ਪੁਲਸ ਨੇ ਵਾਰਦਾਤ ਵਾਲੀ ਗਲੀ 'ਚ ਹੀ ਰਹਿੰਦੀ ਇਕ ਮਹਿਲਾ ਟੀਚਰ ਦੇ ਬੇਟੇ ਨੂੰ ਚੁੱਕਿਆ ਹੈ। ਪਤਾ ਲੱਗਾ ਹੈ ਕਿ ਨੰਗਲ ਸ਼ਾਮਾ ਚੌਕੀ ਦੀ ਪੁਲਸ ਬੀਤੇ ਦਿਨ ਸਵੇਰੇ ਦਕੋਹਾ 'ਚ ਆਈ ਅਤੇ ਉਕਤ ਨੌਜਵਾਨ ਨੂੰ ਚੁੱਕ ਕੇ ਲੈ ਗਈ। ਪੁਲਸ ਨੂੰ ਉਸ ਬਾਰੇ ਸੂਚਨਾ ਮਿਲੀ ਸੀ ਕਿ ਉਸ ਨੌਜਵਾਨ ਦਾ ਹੀ ਸ਼ੀਲਾ ਰਾਣੀ ਦੀ ਹੱਤਿਆ 'ਚ ਹੱਥ ਹੈ, ਜਿਸ ਕਾਰਨ ਪੁਲਸ ਉਸ ਨੂੰ ਆਪਣੀ ਕਸਟੱਡੀ 'ਚ ਲੈ ਕੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। 

ਮਹਿਲਾ ਟੀਚਰ ਦੇ ਬੇਟੇ ਨੂੰ ਪੁਲਸ ਵਲੋਂ ਚੁੱਕੇ ਜਾਣ ਦੀ ਚਰਚਾ ਪੂਰਾ ਦਿਨ ਦਕੋਹਾ 'ਚ ਹੁੰਦੀ ਰਹੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਨੌਜਵਾਨ ਨੂੰ ਛੁਡਾਉਣ ਲਈ ਪੁਲਸ ਕੋਲ ਕਈ ਸਿਫਾਰਸ਼ਾਂ ਵੀ ਪਹੁੰਚੀਆਂ ਪਰ ਪੁਲਸ ਨੇ ਦੇਰ ਰਾਤ ਤੱਕ ਉਸ ਨੂੰ ਨਹੀਂ ਛੱਡਿਆ ਸੀ। ਮਹਿਲਾ ਟੀਚਰ ਵੀ ਬੇਟੇ ਨੂੰ ਫੜਨ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ। ਚਰਚਾ ਹੈ ਕਿ ਪੁਲਸ ਨੇ ਉਸ ਨੂੰ ਕਾਬੂ ਕਰਨ ਦੇ ਬਾਅਦ ਸ਼ੀਲਾ ਰਾਣੀ ਕਤਲ ਕਾਂਡ ਲਗਭਗ ਟਰੇਸ ਕਰ ਲਿਆ ਹੈ। ਹਾਲਾਂਕਿ ਪੁਲਸ ਇਸ ਸਬੰਧੀ ਅਜੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਨੰਗਲ ਸ਼ਾਮਾ ਚੌਕੀ ਮੁਖੀ ਰਵਿੰਦਰ ਕੁਮਾਰ ਨਾਲ ਇਸ ਸਬੰਧ 'ਚ ਜਾਣਕਾਰੀ ਲੈਣ ਲਈ ਕਈ ਵਾਰ ਉਨ੍ਹਾਂ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


Related News