ਜਲੰਧਰ : ਸ਼ੌਰਿਆ ਗ੍ਰੀਨ ਟਾਵਰ ''ਚ ਆਬਕਾਰੀ ਵਿਭਾਗ ਵਲੋਂ ਛਾਪੇਮਾਰੀ

09/12/2018 10:54:25 PM

ਜਲੰਧਰ,(ਬੁਲੰਦ)— ਸਥਾਨਕ ਸੂਰਿਆ ਇਨਕਲੇਵ ਨਾਲ ਲੱਗਦੇ ਸ਼ੌਰਿਆ ਗ੍ਰੀਨ ਟਾਵਰ 'ਚ ਆਬਕਾਰੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਦੀ ਅਗਵਾਈ 'ਚ ਵਿਭਾਗੀ ਟੀਮ ਨੇ ਛਾਪੇਮਾਰੀ ਕੀਤੀ।
ਜਾਣਕਾਰੀ ਦਿੰਦੇ ਹੋਏ ਵਿਰਦੀ ਅਤੇ ਏ. ਈ. ਟੀ. ਸੀ. ਪਵਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੌਰਿਆ ਗ੍ਰੀਨ ਟਾਵਰ 'ਚ ਲੰਬੇ ਸਮੇਂ ਤੋਂ ਫਲੈਟ ਬਿਨਾ ਪੂਰਾ ਟੈਕਸ ਭਰੇ ਅਤੇ ਜੀ. ਐੱਸ. ਟੀ. ਦੀ ਚੋਰੀ ਨਾਲ ਵੇਚੇ ਜਾ ਰਹੇ ਹਨ। ਇਸ ਦੇ ਚੱਲਦੇ ਸ਼ੌਰਿਆ ਗ੍ਰੀਨ ਟਾਵਰ ਅਤੇ ਉਕਤ ਜੁਆਇੰਟ ਕੰਪਨੀਆਂ ਯੂਨਾਈਟੇਡ ਬਿਲਡਰਜ਼ ਤੇ ਨਵੇਂ ਬਿਲਡਰਾਂ ਦੇ ਦਫਤਰਾਂ 'ਚ ਛਾਪੇਮਾਰੀ ਕੀਤੀ ਗਈ। ਵਿਰਦੀ ਨੇ ਦੱਸਿਆ ਕਿ ਉਕਤ ਛਾਪੇਮਾਰੀ 'ਚ ਉਨ੍ਹਾਂ ਨੇ ਕੰਪਨੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਅਤੇ 2 ਕੰਪਿਊਂਟਰ ਸੀ. ਪੀ. ਯੂ. ਕੁੱਝ ਮੋਬਾਇਲ ਅਤੇ ਕਈ ਫਾਈਲਾਂ ਸਮੇਤ ਦਸਤਾਵੇਜ਼ ਬਰਾਮਦ ਕੀਤੇ ਹਨ। 4-5 ਘੰਟੇ ਕੀਤੀ ਗਈ ਛਾਪੇਮਾਰੀ 'ਚ ਕੰਪਨੀ ਦੀਆਂ ਦਰਜਨਾਂ ਫਾਈਲਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਟਾਵਰ 'ਚ ਰਹਿਣ ਵਾਲੇ ਕੁੱਝ ਫਲੈਟ ਹੋਲਡਰਾਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ।