ਪਾਰਾ 38 ਡਿਗਰੀ ਤੋਂ ਪਾਰ : ਸ਼ਤਾਬਦੀ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਵਧਿਆ ਹੀਟ ਸਟ੍ਰੋਕ ਦਾ ਖ਼ਤਰਾ

04/18/2022 4:41:43 PM

 ਜਲੰਧਰ (ਗੁਲਸ਼ਨ)-ਇਸ ਵਾਰ ਗਰਮੀ ਦਾ ਮੌਸਮ ਲਗਭਗ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਗਰਮੀ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇਥੇ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਦਾ ਆਉਣਾ-ਜਾਣਾ ਹੈ। ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ਦੇ ਅੱਧੇ ਹਿੱਸੇ ਵਿਚ ਸ਼ੈੱਡ ਨਾ ਹੋਣ ਕਾਰਨ ਅਤਿ ਵਿਸ਼ੇਸ਼ ਕਹੀ ਜਾਂਦੀ ਟਰੇਨ ਸ਼ਤਾਬਦੀ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਦੇ ਏਅਰ ਕੰਡੀਸ਼ਨਡ ਡੱਬਿਆਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ’ਤੇ ਹੀਟ ਸਟ੍ਰੋਕ ਦਾ ਖਤਰਾ ਮੰਡਰਾੳੁਣ ਲੱਗਾ ਹੈ।ਦਰਅਸਲ ਟਰੇਨ ਦੇ ਏ. ਸੀ. ਕੋਚ ਦਾ ਤਾਪਮਾਨ 17 ਡਿਗਰੀ ਦੇ ਲਗਭਗ ਹੁੰਦਾ ਹੈ। ਜਦੋਂ ਯਾਤਰੀ ਲੰਮੇ ਸਫ਼ਰ ਤੋਂ ਬਾਅਦ ਜਲੰਧਰ ਸਟੇਸ਼ਨ ’ਤੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਦੁਪਹਿਰ ਸਮੇਂ ਸਿੱਧਾ 38 ਤੋਂ 40 ਡਿਗਰੀ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਯਾਤਰੀਆਂ ਦੀ ਸਿਹਤ ਵਿਗੜਨੀ ਸੁਭਾਵਿਕ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਅੱਤ ਦੀ ਠੰਡ ਵਿਚੋਂ ਬਾਹਰ ਨਿਕਲ ਕੇ ਇਕਦਮ ਧੁੱਪ ਵਿਚ ਆਉਣਾ ਪਵੇ ਤਾਂ ਵਿਅਕਤੀ ਨੂੰ ਸਿਰਦਰਦ, ਚੱਕਰ ਆਉਣਾ, ਉਲਟੀਆਂ ਆਉਣੀਆਂ ਆਦਿ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਦੇ ਅੱਧੇ ਹਿੱਸੇ ਵਿਚ ਸ਼ੈੱਡ ਨਹੀਂ ਬਣਿਆ। ਵਾਰ-ਵਾਰ ਪ੍ਰਮੁੱਖਤਾ ਨਾਲ ਖ਼ਬਰਾਂ ਛਾਪ ਕੇ ਰੇਲਵੇ ਅਧਿਕਾਰੀਆਂ ਦਾ ਧਿਆਨ ਖਿੱਚਣ ਦੇ ਬਾਵਜੂਦ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।

PunjabKesari

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਨਾਰਦਰਨ ਰੇਲਵੇ ਦੇ ਜੀ. ਐੱਮ., ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਸਮੇਤ ਸਾਰੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਹੈ ਪਰ ਫਿਰ ਵੀ ਯਾਤਰੀਆਂ ਨੂੰ ਧੁੱਪ ਅਤੇ ਬਰਸਾਤ ਦੇ ਦਿਨਾਂ ਵਿਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸ਼ਤਾਬਦੀ ਵਰਗੀਆਂ ਵੀ. ਆਈ. ਪੀ. ਟਰੇਨਾਂ ਦੇ ਐਗਜ਼ੀਕਿਊਟਿਵ ਅਤੇ ਅਨੁਭੂਤੀ ਕੋਚ, ਜਿਨ੍ਹਾਂ ਦਾ ਕਿਰਾਇਆ ਆਮ ਟਰੇਨਾਂ ਨਾਲੋਂ ਦੁੱਗਣੇ ਤੋਂ ਜ਼ਿਆਦਾ ਹੈ, ਵੀ ਟਰੇਨ ਦੇ ਪਿਛਲੇ ਪਾਸੇ ਲੱਗੇ ਹੁੰਦੇ ਹਨ। ਟਰੇਨ ਜਦੋਂ ਪਲੇਟਫਾਰਮ ’ਤੇ ਆ ਕੇ ਰੁਕਦੀ ਹੈ ਤਾਂ ਉਕਤ ਕੋਚ ਵੀ ਬਿਨਾਂ ਸ਼ੈੱਡ ਵਾਲੀ ਥਾਂ ’ਤੇ ਹੀ ਆ ਕੇ ਰੁਕਦੇ ਹਨ। ਕੜਕਦੀ ਗਰਮੀ ਵਿਚ ਰੋਜ਼ਾਨਾ ਸਟੇਸ਼ਨ ’ਤੇ ਆਉਣ ਵਾਲੇ ਲੋਕ ਮਾਡਰਨ ਸਟੇਸ਼ਨ ਦੇ ਦਾਅਵੇ ਕਰਨ ਵਾਲੇ ਰੇਲਵੇ ਅਧਿਕਾਰੀਆਂ ਨੂੰ ਨਿੰਦ ਰਹੇ ਹਨ।


Manoj

Content Editor

Related News