ਓ. ਟੀ. ਐੱਸ. ਸਕੀਮ ਨਾਲ ਦੋਆਬਾ ਦੇ 10 ਹਜ਼ਾਰ ਵਪਾਰੀਆਂ ਨੂੰ ਮਿਲੇਗਾ ਲਾਭ : ਸੁੰਦਰ ਸ਼ਾਮ ਅਰੋੜਾ

01/13/2021 11:19:03 AM

ਜਲੰਧਰ (ਚੋਪੜਾ)–ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੈਟ ਦੇ ਬਕਾਏ ਲਈ ਮਨਜ਼ੂਰ ਕੀਤੀ ਓ. ਟੀ. ਐੱਸ. ਸਕੀਮ ਨਾਲ ਦੋਆਬਾ ਖੇਤਰ ਦੇ ਲਗਭਗ 10 ਹਜ਼ਾਰ ਛੋਟੇ ਅਤੇ ਮੱਧ ਦਰਜੇ ਦੇ ਕਾਰੋਬਾਰੀਆਂ ਨੂੰ ਲਾਭ ਮਿਲੇਗਾ। ਉਕਤ ਜਾਣਕਾਰੀ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਕੀਮ ਦੇ ਵਰਚੂਅਲ ਸ਼ੁਰੂਆਤ ਪ੍ਰੋਗਰਾਮ ਸਬੰਧੀ ਵੀਡੀਓ ਕਾਨਫਰੰਸਿੰਗ ਵਿਚ ਹਿੱਸਾ ਲੈਂਦਿਆਂ ਦਿੱਤੀ। ਅਰੋੜਾ ਨੇ ਕਿਹਾ ਕਿ ਇਸ ਅਧੀਨ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਐੱਸ. ਬੀ. ਐੱਸ. ਨਗਰ ਦੇ ਵਪਾਰੀਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਸਕੀਮ ਦੇ ਨਿਯਮਾਂ ਅਨੁਸਾਰ 50 ਕਰੋੜ ਰੁਪਏ ਦਾ ਬਕਾਇਆ ਮੁਆਫ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ ਅਤੇ ਮੇਅਰ ਜਗਦੀਸ਼ ਰਾਜਾ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਕੀਮ ਪੰਜਾਬ ਦੇ ਉਦਯੋਗਪਤੀਆਂ ਦੇ ਸੀ-ਫਾਰਮ ਦੀ ਉਪਲੱਬਧਤਾ ਨਾ ਹੋਣ ਕਾਰਣ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੇ ਮਸਲੇ ਦਾ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ 17 ਫੋਕਲ ਪੁਆਇੰਟਾਂ ਵਿਚ ਮੁੱਢਲੇ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ 146 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ :  ਅਫ਼ਸੋਸਜਨਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਮੁਕਤਸਰ ਦੇ ਕਿਸਾਨ ਦੀ ਹੋਈ ਮੌਤ

ਅਰੋੜਾ ਨੇ ਉਦਯੋਗਾਂ ਨੂੰ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਕਿਹਾ ਕਿ ਉਦਯੋਗਪਤੀਆਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਪੰਜਾਬ ਸਰਕਾਰ ਉਦਯੋਗਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਪਿਛਲੇ 4 ਸਾਲਾਂ ਵਿਚ ਪੰਜਾਬ ਨੇ 71 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਤੇ 2.70 ਲੱਖ ਨੌਕਰੀਆਂ ਪੈਦਾ ਕੀਤੀਆਂ ਹਨ।

ਉਦਯੋਗ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਕੈਪਟਨ ਸਰਕਾਰ ਨੇ ਸੂਬੇ ਦੀ ਸੱਤਾ ਸੰਭਾਲੀ ਹੈ, ਉਦੋਂ ਤੋਂ ਉਦਯੋਗਾਂ ਦੀ ਹਰ ਸਮੱਸਿਆ ਦਾ ਹੱਲ ਹੋ ਰਿਹਾ ਹੈ। ਪੰਜਾਬ ਸਰਕਾਰ ਦੀ ਸਾਲ 2017 ਵਿਚ ਬਣਾਈ ਗਈ ਉਦਯੋਗਿਕ ਨੀਤੀ ਸੂਬੇ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਿਚ ਸਹਾਇਕ ਰਹੀ ਹੈ ਅਤੇ ਉਦਯੋਗਾਂ ਨੂੰ ਮੁੜ-ਸੁਰਜੀਤ ਕਰਨ ਵਿਚ ਮਦਦਗਾਰ ਸਾਬਿਤ ਹੋਈ ਹੈ। ਕਾਂਗਰਸੀ ਵਿਧਾਇਕਾਂ ਰਿੰਕੂ, ਹੈਨਰੀ ਆਦਿ ਨੇ ਇਸ ਨੀਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਉਦਯੋਗਪਤੀਆਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਸੂਬਾ ਸਰਕਾਰ ਨੇ ਪੈਂਡਿੰਗ ਬਕਾਏ ਦਾ ਨਿਪਟਾਰਾ ਕਰਨ ਲਈ ਇਸ ਸਕੀਮ ਨੂੰ ਲਿਆ ਕੇ ਉਦਯੋਗਪਤੀਆਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਵੀਡੀਓ ਕਾਨਫਰੰਸਿੰਗ ਵਿਚ ਸ਼ਾਮਲ ਹੋਣ ਵਾਲਿਆਂ ਗੁਰਸ਼ਰਨ ਸਿੰਘ, ਪ੍ਰਮੋਦ ਚੋਪੜਾ, ਸੋਮ ਪ੍ਰਕਾਸ਼ ਅਰੋੜਾ, ਅਜੈ ਗੋਸਵਾਮੀ, ਨਰੇਸ਼ ਤਿਵਾੜੀ, ਰਾਜੂ ਵਿਰਕ, ਸ਼ਰਦ ਅਗਰਵਾਲ, ਬੂਟਾ ਸਿੰਘ, ਰਵਿੰਦਰ ਧੀਰ ਅਤੇ ਹੋਰ ਵਪਾਰੀਆਂ ਤੇ ਉੱਦਮੀਆਂ ਨੇ ਓ. ਟੀ. ਐੱਸ. ਨੀਤੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀ ਕਾਫੀ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਵਾਸਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਟੈਕਸੇਸ਼ਨ ਕਮਿਸ਼ਨਰ ਜਲੰਧਰ ਡਵੀਜ਼ਨ ਪਰਮਜੀਤ ਸਿੰਘ, ਸਹਾਇਕ ਟੈਕਸ ਕਮਿਸ਼ਨਰ ਕੰਵਲਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ :  ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ

ਕੈਪਟਨ ਅਮਰਿੰਦਰ ਦੀ ਕਮਰ ਦਰਦ ਕਾਰਣ ਮੰਤਰੀ, ਵਿਧਾਇਕਾਂ ਅਤੇ ਉਦਯੋਗਪਤੀਆਂ ਨੂੰ ਡੇਢ ਘੰਟਾ ਕਰਨਾ ਪਿਆ ਇੰਤਜ਼ਾਰ
ਓ. ਟੀ. ਐੱਸ. ਸਕੀਮ ਦੇ ਵਰਚੂਅਲ ਸ਼ੁਰੂਆਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਪ੍ਰਸ਼ਾਸਕੀ ਕੰਪਲੈਕਸ ਵਿਚ ਪਹੁੰਚੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕਾਂ ਅਤੇ ਉਦਯੋਗਪਤੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਮਰ ਦਰਦ ਕਾਰਣ ਕਰੀਬ ਡੇਢ ਘੰਟਾ ਇੰਤਜ਼ਾਰ ਕਰਨਾ ਪਿਆ। ਵਰਣਨਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਵਿਚ ਸ਼ੁਰੂਆਤ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ ਪਰ ਐਨ ਮੌਕੇ ’ਤੇ ਕਮਰ ਦਰਦ ਕਾਰਣ ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਲੁਧਿਆਣਾ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਡਿਊਟੀ ਲਾ ਦਿੱਤੀ। ਮਨਪ੍ਰੀਤ ਬਾਦਲ, ਜਿਨ੍ਹਾਂ ਬਠਿੰਡਾ ਤੋਂ ਵਰਚੂਅਲ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ, ਨੂੰ ਅਚਾਨਕ ਲੁਧਿਆਣਾ ਪਹੁੰਚਣਾ ਪਿਆ। ਉਨ੍ਹਾਂ ਦੇ ਪਹੁੰਚਣ ਉਪਰੰਤ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਅਤੇ ਇੰਨਾ ਸਮਾਂ ਸਾਰਿਆਂ ਨੂੰ ਪ੍ਰਸ਼ਾਸਕੀ ਕੰਪਲੈਕਸ ਦੇ ਵੀਡੀਓ ਹਾਲ ਵਿਚ ਇੰਤਜ਼ਾਰ ਕਰਨਾ ਪਿਆ, ਜਿਸ ਕਾਰਣ ਪ੍ਰੋਗਰਾਮ ਸ਼ਾਮ 5 ਵਜੇ ਸਮਾਪਤ ਹੋਇਆ।

ਉਦਯੋਗਪਤੀਆਂ ਅਤੇ ਵਪਾਰੀਆਂ ਨੇ ਕੈਬਨਿਟ ਮੰਤਰੀ ਨੂੰ ਹੋਰ ਮਸਲਿਆਂ ’ਤੇ ਵੀ ਘੇਰਿਆ
ਪ੍ਰੋਗਰਾਮ ਸ਼ੁਰੂ ਹੋਣ ਦਾ ਇੰਤਜ਼ਾਰ ਕਰਦੇ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਕੈਬਨਿਟ ਮੰਤਰੀ ਨੂੰ ਹੋਰ ਮਸਲਿਆਂ ’ਤੇ ਵੀ ਘੇਰਦਿਆਂ ਉਨ੍ਹਾਂ ਦਾ ਜਲਦ ਹੱਲ ਕਰਵਾਉਣ ਦੀ ਮੰਗ ਰੱਖੀ। ਉਨ੍ਹਾਂ ਅਰੋੜਾ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਦੇ 2 ਮਹੀਨਿਆਂ ਦੇ ਪਾਵਰਕਾਮ ਨੇ ਬਿਜਲੀ ਦੇ ਬਿੱਲਾਂ ਵਿਚ ਫਿਕਸ ਚਾਰਜਿਜ਼ ਵਸੂਲੇ ਹਨ, ਜਦੋਂ ਕਿ ਮੁੱਖ ਮੰਤਰੀ ਵਾਅਦਾ ਕਰ ਚੁੱਕੇ ਹਨ ਕਿ ਵਸੂਲੇ ਫਿਕਸ ਚਾਰਜਿਜ਼ ਰਿਫੰਡ ਹੋਣਗੇ ਪਰ ਇਸ ’ਤੇ ਅੱਜ ਤੱਕ ਅਮਲ ਨਹੀਂ ਹੋ ਸਕਿਆ। ਉਨ੍ਹਾਂ ਕੈਬਨਿਟ ਮੰਤਰੀ ਨੂੰ ਕਿਹਾ ਕਿ ਨਗਰ ਨਿਗਮ ਵੱਲੋਂ ਦੋਬਾਰਾ ਫਾਇਰ ਸੈੱਸ ਦੇ ਨੋਟਿਸ ਭੇਜੇ ਜਾ ਰਹੇ ਹਨ, ਜਦੋਂ ਕਿ ਪ੍ਰਾਪਰਟੀ ਟੈਕਸ ਵਿਚ ਫਾਇਰ ਸੈੱਸ ਪਹਿਲਾਂ ਹੀ ਸ਼ਾਮਲ ਹੁੰਦਾ ਹੈ। ਅਰੋੜਾ ਨੇ ਕਿਹਾ ਕਿ ਉਹ ਇਸ ਸਬੰਧੀ ਜਲਦ ਮੁੱਖ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਡੋਗਰੀ ਇੰਡਸਟਰੀਅਲ ਕੰਪਲੈਕਸ ਦੀਆਂ ਸੜਕਾਂ ਦੇ ਕਰੀਬ 3 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ ਅਤੇ ਇਸ ਕੰਮ ਦਾ ਉਦਘਾਟਨ 22 ਜਨਵਰੀ ਨੂੰ ਕੀਤਾ ਜਾਵੇਗਾ ਤਾਂ ਕਿ ਉਦਯੋਗਪਤੀਆਂ ਦੀ ਲਟਕ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ :  ਪੰਜਾਬ ਦੇ ਟ੍ਰੈਵਲ ਏਜੰਟਾਂ ਦਾ ਕਾਰਨਾਮਾ, ਫਰਜ਼ੀਵਾੜਾ ਕਰਕੇ ਵਿਦਿਆਰਥੀਆਂ ਨੂੰ ਇੰਝ ਭੇਜਿਆ ਵਿਦੇਸ਼

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

shivani attri

This news is Content Editor shivani attri