ਭਾਰੀ ਮੀਂਹ ਕਾਰਨ ਸਿਵਲ ਹਸਪਤਾਲ ਪਾਣੀ ’ਚ ਡੁੱਬਿਆ, ਜਨਰਲ ਵਾਰਡ ਤੇ ਐਮਰਜੈਂਸੀ ਵਿਭਾਗ ਹੋਏ ਜਲ-ਮਗਨ

07/23/2023 5:10:51 PM

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)-ਮੋਹਲੇਧਾਰ ਬਰਸਾਤ ਕਾਰਨ ਸਿਵਲ ਹਸਪਤਾਲ ਸ਼ਾਹਕੋਟ ਪੂਰੀ ਤਰ੍ਹਾਂ ਨਾਲ ਜਲਮਗਨ ਹੋ ਗਿਆ। ਹਸਪਤਾਲ ਦੇ ਜਨਰਲ ਵਾਰਡ, ਐੱਸ. ਐੱਮ. ਓ. ਦਫ਼ਤਰ, ਐਮਰਜੈਂਸੀ ਵਾਰਡ ਸਮੇਤ ਲੱਗਭਗ ਸਾਰੇ ਕਮਰੇ ਜਲ-ਮਗਨ ਹੋ ਗਏ। ਐਮਰਜੈਂਸੀ ਤੇ ਜਨਰਲ ਵਾਰਡ ’ਚ ਮਰੀਜ਼ ਮੀਂਹ ਦੇ ਪਾਣੀ ’ਚ ਹੀ ਬੈਠੇ ਸਨ। ਮੀਂਹ ਦਾ ਪਾਣੀ ਹਸਪਤਾਲ ’ਚ ਭਰਨ ਕਾਰਨ ਹਸਪਤਾਲ ਦੇ ਸਟਾਫ਼ ਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੱਖਾਂ ਰੁਪਏ ਖ਼ਰਚ ਕਰਕੇ ਸਰਕਾਰੀ ਹਸਪਤਾਲ ਸ਼ਾਹਕੋਟ ਨੂੰ ਅੰਦਰੋਂ ਬਦਲਿਆ ਜਾ ਰਿਹਾ ਹੈ ਤੇ ਕਮਰਿਆਂ ਦੀ ਮੁਰੰਮਤ ਕਰਕੇ ਨਵੇਂ ਕੀਤੇ ਜਾ ਰਹੇ ਹਨ ਪਰ ਬਾਹਰੋਂ ਹਸਪਤਾਲ ਨੀਵੀਂ ਜਗ੍ਹਾ ’ਤੇ ਬਣਿਆ ਹੋਇਆ ਹੈ।

ਸਭ ਤੋਂ ਪਹਿਲਾਂ ਹਸਪਤਾਲ ਦੀ ਇਮਾਰਤ ਨੂੰ ਉੱਚਾ ਚੁੱਕਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਬਾਅਦ ’ਚ ਹਸਪਤਾਲ ਦਾ ਅੰਦਰੋਂ ਸੁਧਾਰ ਕਰਨਾ ਚਾਹੀਦਾ ਹੈ। ਹਸਪਤਾਲ ਦੇ ਬਾਹਰ ਵੀ ਗੋਡੇ-ਗੋਡੇ ਪਾਣੀ ਖੜ੍ਹਾ ਸੀ। ਮੀਂਹ ਦਾ ਪਾਣੀ ਹਸਪਤਾਲ ’ਚ ਭਰਨ ਕਾਰਨ ਪਾਵਰਕਾਮ ਵੱਲੋਂ ਬਿਜਲੀ ਦੀ ਸਪਲਾਈ ਵੀ ਪਿੱਛੋਂ ਬੰਦ ਕੀਤੀ ਗਈ। ਜਿਸ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ ਮੀਂਹ ਦਾ ਪਾਣੀ ਭਰਨ ਕਾਰਨ ਹੋਰ ਬੀਮਾਰੀਆਂ ਤੋਂ ਵੀ ਪੀੜਤ ਹੋ ਸਕਦੇ ਹਨ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸਰਕਾਰੀ ਹਸਪਤਾਲ ਸ਼ਾਹਕੋਟ ਦੀ ਇਮਾਰਤ ਨੂੰ ਉੱਚਾ ਚੁੱਕਿਆ ਜਾਵੇ ਜਾਂ ਫਿਰ ਹਸਪਤਾਲ ’ਚ ਪਾਣੀ ਨਾ ਆਉਣ ਸਬੰਧੀ ਢੁੱਕਵੇਂ ਕਦਮ ਚੁੱਕੇ ਜਾਣ।

Manoj

This news is Content Editor Manoj