ਸ਼ਾਹਕੋਟ ''ਚ ਕੱਪੜਾ ਵਪਾਰੀ ਤੇ ਬੈਂਕ ਮੁਲਾਜ਼ਮ ਸਮੇਤ 11 ਲੋਕ ਆਏ ਕੋਰੋਨਾ ਪਾਜ਼ੇਟਿਵ

08/02/2020 12:50:41 AM

ਸ਼ਾਹਕੋਟ,(ਤ੍ਰੇਹਨ)- ਕੋਰੋਨਾ ਵਾਇਰਸ ਤੇਜ਼ੀ ਨਾਲ ਸ਼ਾਹਕੋਟ ਖੇਤਰ ਵਿਚ ਪੈਰ ਪਸਾਰ ਰਿਹਾ ਹੈ। ਦੋ ਦਿਨਾਂ ਅੰਦਰ 13 ਲੋਕ ਕੋਰੋਨਾ ਤੋਂ ਪ੍ਰਭਾਵਿਤ ਮਿਲੇ ਹਨ। ਸ਼ਨੀਵਾਰ ਨੂੰ 11 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੇ ਸਾਹਮਣੇ ਦੁਕਾਨ ਕਰਨ ਵਾਲੇ ਵਿਅਕਤੀ ਹਨੀ ਸਮੇਤ ਉਸ ਦੇ ਪਰਿਵਾਰ ਦੇ ਸੱਤ ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਕਪੜਾ ਵਪਾਰੀ ਦੇ ਪਿਤਾ ਚਰਨਜੀਤ 'ਚ ਕੋਰੋਨਾ ਦੀ ਤਸਦੀਕ ਹੋਣ ਤੋਂ ਬਾਅਦ ਸਾਰਿਆਂ ਦਾ ਟੈਸਟ ਕੀਤਾ ਗਿਆ ਸੀ। ਇਸੇ ਤਰ੍ਹਾਂ ਨਿੱਜੀ ਬੈਂਕ ਦੇ ਮੈਨੇਜ਼ਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੂਰੇ ਸਟਾਫ ਦਾ ਟੈਸਟ ਕੀਤਾ ਗਿਆ ਸੀ। ਇਨ੍ਹਾਂ ਚੋਂ ਇਕ ਮਹਿਲਾ ਮੁਲਾਜ਼ਮ ਸਮੇਤ ਚਾਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਪੁਲਸ ਮੁਲਾਜ਼ਮਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸ਼ਨੀਵਾਰ ਨੂੰ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚ ਕਪੜਾ ਵਪਾਰੀ ਸਮੇਤ ਪਰਿਵਾਰ ਦੇ 7 ਲੋਕ ਸ਼ਾਮਲ ਹਨ, ਜਿਨ੍ਹਾਂ 'ਚ 3 ਬੱਚੇ ਹਨ। ਕਪੜਾ ਵਪਾਰੀ ਦੀ ਦੁਕਾਨ ਪਹਿਲਾਂ ਹੀ ਬੰਦ ਕਰਵਾਈ ਜਾ ਚੁੱਕੀ ਹੈ ਅਤੇ ਸਾਰੇ ਮੈਂਬਰ ਇਕਾਂਤਵਾਸ ਸਨ। ਹੁਣ ਪੂਰੇ ਇਲਾਕੇ ਨੂੰ ਮਾਇਕ੍ਰੋ ਕੰਟੇਨਮੈਂਟ ਜ਼ੋਨ ਵਿਚ ਬਦਲਿਆ ਜਾਵੇਗਾ ਅਤੇ ਘਰ-ਘਰ ਸਰਵੇ ਕੀਤਾ ਜਾਵੇਗਾ। ਇਸੇ ਤਰ੍ਹਾਂ ਨਿੱਜੀ ਬੈਂਕ ਦੇ 4 ਮੁਲਾਜ਼ਮਾਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚ ਇਕ ਮੀਨੂ ਗੁਪਤਾ ਕਰਤਾਰ ਨਗਰ ਸ਼ਾਹਕੋਟ ਦੀ ਰਹਿਣ ਵਾਲੀ ਹੈ, ਜਦਕਿ ਇਕ ਵਿਅਕਤੀ ਰੂਪੇਵਾਲ ਦਾ ਰਹਿਣ ਵਾਲਾ ਹੈ ਜਦਕਿ ਸਿਕਿਊਰਿਟੀ ਗਾਰਡ ਕਮਾਲਕੇ ਦਾ ਅਤੇ ਇਕ ਹੋਰ ਕਰਮਚਾਰੀ ਨਕੋਦਰ ਦਾ ਰਹਿਣ ਵਾਲਾ ਹੈ। ਹੁਣ ਇਨ੍ਹਾਂ ਸਾਰਿਆਂ ਦੇ ਪਰਿਵਾਰ ਵਾਲਿਆਂ ਦਾ ਅਤੇ ਸੰਪਰਕ ਵਿਚ ਆਏ ਲੋਕਾਂ ਦਾ ਟੈਸਟ ਕੀਤਾ ਜਾਵੇਗਾ।

ਪਹਿਲੀ ਵਾਰ ਇੱਕਠੇ 20 ਐਕਟਿਵ ਕੇਸ, ਬਲਾਕ ਵਿਚ ਬਣੇ ਦੋ ਮਾਇਕ੍ਰੋ ਕੰਟੇਨਮੈਂਟ ਜ਼ੋਨ
ਬੀ. ਈ. ਈ. ਚੰਦ ਮਿਸ਼ਰਾ ਨੇ ਦੱਸਿਆ ਕਿ ਆਦਰਸ਼ ਨਗਰ, ਸ਼ਾਹਕੋਟ ਵਿਖੇ ਇਕੱਠਿਆਂ ਅੱਠ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਤੋਂ ਬਾਅਦ ਇਹ ਇਲਾਕਾ ਮਾਇਕ੍ਰੋ ਕੰਟੇਨਮੇਂਟ ਜ਼ੋਨ ਵਿਚ ਤਬਦੀਲ ਹੋ ਗਿਆ ਹੈ। ਇਸ ਤੋਂ ਪਹਿਲਾਂ ਲਸੂੜੀ ਪਿੰਡ ਮਾਇਕ੍ਰੋ ਕੰਟੇਨਮੈਂਟ ਜ਼ੋਨ ਵਿਚ ਹੈ। ਬਲਾਕ ਸ਼ਾਹਕੋਟ ਵਿਚ ਬੀਤੇ ਦੋ ਹਫਤਿਆਂ ਦਰਮਿਆਨ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ ਆਏ ਹਨ। ਇਨ੍ਹਾਂ ਵਿਚ ਅੱਜ ਆਏ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਅੱਜ ਸ਼ਾਹਕੋਟ ਵਿਚ ਇਕੱਠਿਆ 20 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਖੇਤਰ ਵਿਚ ਹੁਣ ਤੱਕ 69 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਅਤੇ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਪਾਜ਼ੇਟਿਵ ਆਏ ਮਰੀਜ਼ਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਪੁਲਸ ਮੁਲਾਜ਼ਮਾਂ ਅਤੇ ਦੁਕਾਨ ਚਲਾਉਣ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਹੈ।

ਲੋਕਾਂ ਦੀ ਲਾਪ੍ਰਵਾਹੀ ਇਲਾਕੇ 'ਤੇ ਪੈ ਸਕਦੀ ਹੈ ਭਾਰੀ : ਐੱਸ. ਐੱਮ. ਓ.
ਸ਼ਾਹਕੋਟ ਖੇਤਰ ਵਿਚ ਇਕੱਠੇ 11 ਪਾਜ਼ੇਟਿਵ ਮਰੀਜ਼ ਆਉਣ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਡਾ. ਏ. ਐੱਸ. ਦੁੱਗਲ ਨੇ ਕੋਰੋਨਾ ਨੂੰ ਲੈ ਕੇ ਲੋਕਾਂ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ 'ਤੇ ਚੇਤਾਇਆ ਕਿ ਜੇਕਰ ਲੋਕ ਸਾਵਧਾਨ ਨਾ ਹੋਏ ਤਾਂ ਆਉਣ ਵਾਲੇ ਦਿਨਾਂ 'ਚ ਬਲਾਕ ਵਿਚ ਕੋਰੋਨਾ ਦੇ ਜ਼ਿਆਦਾ ਕੇਸ ਸਾਹਮਣੇ ਆ ਸਕਦੇ ਹਨ। ਲੋਕ ਕੋਰੋਨਾ ਵਰਗੇ ਲੱਛਣ ਹੋਣ 'ਤੇ ਵੀ ਟੈਸਟ ਨਹੀਂ ਕਰਵਾਉਂਦੇ ਅਤੇ ਨਾ ਹੀ ਸਿਹਤ ਵਿਭਾਗ ਨੂੰ ਇਸਦੀ ਸੂਚਨਾ ਦਿੰਦੇ ਹਨ, ਜੋ ਖਤਰਨਾਕ ਹੈ। ਅਜਿਹੇ ਕਾਰਣ ਕੋਰੋਨਾ ਉਨ੍ਹਾਂ ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ, ਜੋ ਗੰਭੀਰ ਬੀਮਾਰੀ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਲੋਕ ਬਾਜ਼ਾਰਾਂ ਵਿਚ ਧੜੱਲੇ ਦੇ ਨਾਲ ਘੁੰਮਦੇ ਹਨ। ਨਾ ਮਾਸਕ ਪਾਉਂਦੇ ਹਨ ਅਤੇ ਨਾ ਹੀ ਸਮਾਜਕ ਦੂਰੀ ਦਾ ਖਿਆਲ ਰੱਖਦੇ ਹਨ। ਅਜਿਹੇ ਵਿਚ ਵਿਭਾਗ ਹੁਣ ਉਨ੍ਹਾਂ ਲੋਕਾਂ 'ਤੇ ਸਖਤੀ ਕਰੇਗਾ, ਜੋ ਮਾਸਕ ਨਹੀਂ ਪਾਉਂਦੇ ਜਾਂ ਨੱਕ-ਮੂਹ ਢੱਕ ਕੇ ਨਹੀਂ ਰੱਖਦੇ, ਨਾਲ ਹੀ ਜਿਨ੍ਹਾਂ ਇਲਾਕਿਆਂ ਵਿਚ ਪਾਜ਼ੇਟਿਵ ਕੇਸ ਆਏ ਹਨ, ਉੱਥੇ ਸਖਤੀ ਦੇ ਨਾਲ ਸਾਰਿਆਂ ਦੀ ਸੈਂਪਲਿੰਗ ਕਰਵਾਈ ਜਾਵੇਗੀ। ਖਾਸ ਤੌਰ 'ਤੇ ਸ਼ਾਹਕੋਟ ਦੇ ਦੁਕਾਨਦਾਰਾਂ ਦਾ ਟੈਸਟ ਕੀਤਾ ਜਾਵੇਗਾ।
 

Deepak Kumar

This news is Content Editor Deepak Kumar