ਆਜ਼ਾਦੀ ਦੀ ਲੜਾਈ ’ਚ 80 ਫ਼ੀਸਦੀ ਪੰਜਾਬੀਆਂ ਨੇ ਦਿੱਤਾ ਬਲੀਦਾਨ : ਅਰੁਣਾ ਚੌਧਰੀ

02/13/2021 12:33:55 PM

ਜਲੰਧਰ (ਸੁਨੀਲ ਧਵਨ)- ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਆਜ਼ਾਦੀ ਦੀ ਲੜਾਈ ’ਚ 80 ਫ਼ੀਸਦੀ ਪੰਜਾਬੀਆਂ ਨੇ ਬਲੀਦਾਨ ਦਿੱਤਾ ਸੀ, ਜਿਸ ਨੂੰ ਵੇਖਦੇ ਹੋਏ ਪੰਜਾਬੀਆਂ ਖ਼ਿਲਾਫ਼ ਚਲ ਰਹੇ ਕੂੜ ਪ੍ਰਚਾਰ ਦੀ ਮੁਹਿੰਮ ਬੰਦ ਹੋਣੀ ਚਾਹੀਦੀ ਹੈ। ਉਹ ਅੱਜ ਇਥੇ ਪੰਜਾਬ ਕੇਸਰੀ ਸਮੂਹ ਵੱਲੋਂ ਆਯੋਜਿਤ 117ਵੇਂ (18) ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਤ ਕਰ ਰਹੇ ਸਨ। ਸਮਾਰੋਹ ’ਚ ਅੱਤਵਾਦ ਤੋਂ ਪ੍ਰਭਾਵਿਤ 16 ਪਰਿਵਾਰਾਂ ’ਚ 8.80 ਲੱਖ ਰੁਪਏ (ਵਿਆਜ਼ ਸਮੇਤ) ਦੀ ਵਿੱਤੀ ਮਦਦ ਵੰਡੀ ਗਈ। ਇਸ ਦੇ ਇਲਾਵਾ ਉਨ੍ਹਾਂ ਇਕ ਕੰਬਲ, ਇਕ ਸ਼ਾਲ, ਇਕ ਸਵੈਟਰ ਅਤੇ ਹੋਰ ਸਾਮਾਨ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ

ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਦਾ ਕੋਈ ਵੀ ਪੰਨਾ ਖੋਲ੍ਹ ਕੇ ਵੇਖ ਲਓ ਉਥੇ ਪੰਜਾਬੀਆਂ ਦੇ ਬਲੀਦਾਨ ਦਾ ਜ਼ਿਕਰ ਜ਼ਰੂਰ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੰਡੇਸਾਨ-ਨਿਕੋਬਾਰ ਜਾਣ ਦਾ ਮੌਕਾ ਮਿਲਿਆ ਸੀ, ਜਿੱਥੇ ਉੁਨ੍ਹਾਂ ਨੇ ਆਜ਼ਾਦੀ ਦੀ ਲੜਾਈ ’ਚ ਕੁਰਬਾਨੀਆਂ ਅਤੇ ਬਲੀਦਾਨ ਦੇਣ ਵਾਲੇ ਲੋਕਾਂ ਦੀ ਸੂਚੀ ਵੇਖੀ ਤਾਂ ਉਸ ਵਿਚ 80 ਫ਼ੀਸਦੀ ਪੰਜਾਬੀਆਂ ਦੇ ਨਾਂ ਸਨ। ਅਰੁਣਾ ਚੌਧਰੀ ਨੇ ਕਿਹਾ ਕਿ ਆਜ਼ਾਦੀ ਨੂੰ ਦੇਸ਼ ਨੇ ਆਸਾਨੀ ਨਾਲ ਹਾਸਲ ਨਹੀਂ ਕੀਤਾ ਸੀ ਸਗੋਂ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਇਸ ਦੇ ਲਈ ਭਾਰੀ ਤਸੀਹੇ ਸਹਿਣੇ ਪਏ ਸਨ। ਆਜ਼ਾਦੀ ਦੇ ਹੱਕ ’ਚ ਆਵਾਜ਼ ਉਠਾਉਣ ਵਾਲਿਆਂ ਨੂੰ ਕਾਲਾ ਪਾਣੀ ਭੇਜ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਆਜ਼ਾਦੀ ਨੂੰ ਬਣਾਕੇ ਰੱਖਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਉਨ੍ਹਾਂ ਨੇ ਪੰਜਾਬ ’ਚ ਅੱਤਵਾਦ ਦੇ ਦੌਰ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਹ ਸਰਹੱਦੀ ਖੇਤਰ ਦੀਨਾਨਗਰ ਨਾਲ ਸਬੰਧ ਰੱਖਦੇ ਹਨ ਜੋ ਬਿਲਕੁਲ ਪਾਕਿਸਤਾਨ ਸਰਹੱਦ ਦੇ ਨਾਲ ਸਥਿਤ ਹੈ। ਸਰਹੱਦ ਪਾਰ ਤੋਂ ਜੇਕਰ ਥੋੜ੍ਹੀ ਜਿਹੀ ਵੀ ਹਲਚਲ ਹੁੰਦੀ ਹੈ ਤਾਂ ਉਸ ਦਾ ਸਿੱਧਾ ਅਸਰ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਲੋਕਾਂ ’ਤੇ ਪੈਂਦਾ ਹੈ।

ਪੰਜਾਬੀਆਂ ਦੀ ਦੇਸ਼ਭਗਤੀ ’ਤੇ ਕੀਤਾ ਜਾ ਰਿਹੈ ਸ਼ੱਕ
ਉਨ੍ਹਾਂ ਕਿਹਾ ਕਿ ਅੱਜ ਪੰਜਾਬੀਆਂ ਦੀ ਦੇਸ਼ਭਗਤੀ ’ਤੇ ਸ਼ੱਕ ਕੀਤਾ ਜਾ ਰਿਹਾ ਹੈ। ਕੋਈ ਉਨ੍ਹਾਂ ਨੂੰ ਖ਼ਾਲਿਸਤਾਨੀ ਤਾਂ ਕੋਈ ਅੱਤਵਾਦੀ ਕਹਿ ਰਿਹਾ ਹੈ ਜਦਕਿ ਪੰਜਾਬੀਆਂ ਨੂੰ ਦੇਸ਼ਭਗਤੀ ਸਿਖਾਉਣ ਦੀ ਲੋੜ ਨਹੀਂ ਹੈ। ਹਰ ਮਹੀਨੇ ਤਿਰੰਗੇ ’ਚ ਲਿਪਟੇ ਹੋਏ ਪੰਜਾਬੀਆਂ ਦੀਆਂ ਲਾਸ਼ਾਂ ਪਹੁੰਚਦੀਆਂ ਹਨ। ਉਨ੍ਹਾਂ ਨੇ ਜਵਾਨ ਅਤੇ ਕਿਸਾਨ ਦੇ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰੇਕ ਕਿਸਾਨ ਨੇ ਆਪਣੇ ਇਕ-ਇਕ ਬੱਚੇ ਨੂੰ ਫੌਜ ’ਚ ਭਰਤੀ ਕਰਵਾਇਆ ਹੋਇਆ ਹੈ। ਜੇਕਰ ਕਿਸੇ ਦਾ ਬੱਚਾ ਸ਼ਹੀਦ ਹੋ ਜਾਂਦਾ ਹੈ ਤਾਂ ਵੀ ਉਸ ਪਰਿਵਾਰ ਦਾ ਹੌਸਲਾ ਕਮਜ਼ੋਰ ਨਹੀਂ ਹੁੰਦਾ ਹੈ ਸਗੋਂ ਪਰਿਵਾਰ ਵਾਲੇ ਸ਼ਹੀਦ ਹੋਣ ਵਾਲੇ ਦੇ ਬੱਚੇ ਨੂੰ ਦੁਬਾਰਾ ਫੌਜ ’ਚ ਭਰਤੀ ਕਰਵਾਉਣ ਦਾ ਸੰਕਲਪ ਲੈਂਦੇ ਹਨ। ਅਰੁਣਾ ਚੌਧਰੀ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਅਤੇ ਰਮੇਸ਼ ਚੰਦਰ ਜੀ ਦੀਆਂ ਸ਼ਹੀਦੀਆਂ ਵਿਅਰਥ ਨਹੀਂ ਗਈਆਂ ਸਗੋਂ ਉਸ ਤੋਂ ਬਾਅਦ ਹੀ ਪੰਜਾਬੀਆਂ ਦੇ ਅੰਦਰ ਅੱਤਵਾਦੀਆਂ ਤੋਂ ਲੋਹਾ ਲੈਣ ਦੀ ਭਾਵਨਾ ਪੈਦਾ ਹੋਈ ਜਿਸ ਨਾਲ ਅਖੀਰ ਸੂਬਾ ਸ਼ਾਂਤੀ ਦੇ ਮਾਰਗ ਵੱਲ ਵਧਿਆ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਉਨ੍ਹਾਂ ਕਿਹਾ ਕਿ ਪੰਜਾਬ ਬੁਰੇ ਦੌਰ ’ਚੋਂ ਲੰਘਿਆ ਹੈ ਅਤੇ ਭਾਵੇਂ ਸੂਬੇ ’ਚ ਸ਼ਾਂਤੀ ਆਈ ਹੋਈ ਹੈ ਪਰ ਫਿਰ ਵੀ ਗੜਬੜ ਕਰਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਚਲ ਰਹੀਆਂ ਹਨ। ਸਰਹੱਦੀ ਸੂਬਾ ਹੋਣ ਕਾਰਣ ਪੰਜਾਬ ਦੀ ਸ਼ਾਂਤੀ ਨੂੰ ਹਰ ਸਮੇਂ ਖਤਰਾ ਪੈਦਾ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ’ਚ ਭਾਰਤੀ ਚੌਂਕੀਆਂ ਨੂੰ ਪਾਕਿਸਤਾਨ ਵਲੋਂ ਜ਼ਿਆਦਾਤਰ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਲਈ ਪੰਜਾਬੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ ਕਿ ਕਿਤੇ ਗੁਆਂਢੀ ਦੇਸ਼ ਗੜਬੜ ਕਰਵਾਉਣ ਦੀ ਕੋਸ਼ਿਸ਼ ਨਾ ਕਰੇ। ਕੈਬਿਨੇਟ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਕੋਲ ਸ਼ਿਖਿਆ ਮਹਿਕਮਾ ਦੀ ਜ਼ਿੰਮੇਵਾਰੀ ਸੀ ਤਾਂ ਉਨ੍ਹਾਂ ਨੇ 3 ਸਾਲ ਦੇ ਬੱਚਿਆਂ ਲਈ ਪ੍ਰੀ-ਪ੍ਰਾਈਮਰੀ ਜਮਾਤਾਂ ਕਰਵਾਈਆਂ ਸਨ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ’ਚ ਪਹਿਲਾ ਸੂਬਾ ਸੀ। ਉਨ੍ਹਾਂ ਕਿਹਾ ਕਿ ਬਾਅਦ ’ਚ ਭਾਰਤ ਸਰਕਾਰ ਨੇ ਪੰਜਾਬ ਦੀ ਨਕਲ ਕਰਦੇ ਹਏ ਇਸ ਨੂੰ ਪੂਰੇ ਦੇਸ਼ ’ਚ ਲਾਗੂ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਅੱਜ ਸਰਕਾਰੀ ਨੌਕਰੀਆਂ ’ਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ ਜਦਕਿ ਪੰਚਾਇਤੀ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ।

2017 ਤੋਂ ਹੁਣ ਤੱਕ ਪੰਜਾਬ ਦੇ 54 ਫੌਜੀਆਂ ਨੇ ਆਪਣੇ ਬਲੀਦਾਨ ਦਿੱਤੇ : ਲੈਫਟੀਨੈਂਟ ਜਨਰਲ ਸ਼ੇਰਗਿਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ. ਐੱਸ. ਸ਼ੇਰਗਿਲ ਨੇ ਕਿਹਾ ਕਿ ਪੰਜਾਬੀਆਂ ਦੇ ਬਲੀਦਾਨ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਲੈਫਟੀਨੈਂਟ ਜਨਰਲ ਸ਼ੇਰਗਿਲ ਨੇ ਕਿਹਾ ਕਿ 2017 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 54 ਫੌਜੀਆਂ ਨੇ ਸਰਹੱਦਾਂ ’ਤੇ ਰਾਸ਼ਟਰ ਦੀ ਖਾਤਿਰ ਲੜਦੇ ਹੋਏ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਪਰਿਵਾਰਾਂ ਨਾਲ ਇਨ੍ਹਾਂ ਜਵਾਨਾਂ ਦਾ ਸਿੱਧੇ ਤੌਰ ’ਤੇ ਸਬੰਧ ਹੈ।

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਫੌਜ ’ਚ ਸਾਰੇ ਧਰਮਾਂ ਨਾਲ ਜੁੜੇ ਅਧਿਕਾਰੀ ਅਤੇ ਜਵਾਨ ਕੰਮ ਕਰ ਰਹੇ ਹਨ ਉਸੇ ਤਰਜ ’ਤੇ ਸਮਾਜ ਨੂੰ ਵੀ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਮਿਲਕੇ ਦੇਸ਼ ਲਈ ਲੜਨਾ ਹੈ। ਜੇਕਰ ਸਾਰੇ ਧਰਮਾਂ ਦੇ ਲੋਕ ਦੇਸ਼ ਪ੍ਰਤੀ ਲੜਦੇ ਹੋਏ ਆਪਣੀਆਂ ਸ਼ਹੀਦੀਆਂ ਦੇ ਸਕਦੇ ਹਨ ਤਾਂ ਫਿਰ ਸਾਡਾ ਸਮਾਜ ਇਕੱਠਾ ਕਿਉਂ ਨਹੀਂ ਰਹਿ ਸਕਦਾ। ਲੈਫਟੀਨੈਂਟ ਜਨਰਲ ਸ਼ੇਰਗਿਲ ਨੇ ਕਿਹਾ ਕਿ ਚੀਨ, ਪਾਕਿਸਤਾਨ ਦੇ ਬਾਰਡਰਾਂ ਦਾ ਜ਼ਿਕਰ ਤਾਂ ਜ਼ਿਆਦਾਤਰ ਹੁੰਦਾ ਰਹਿੰਦਾ ਹੈ ਪਰ ਹੁਣ ਦੇਸ਼ ਦੇ ਅੰਦਰ ਹੀ ਸਿੰਧੁ ਬਾਰਡਰ ਦੇ ਚਰਚੇ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਫੌਜ ’ਚ ਕੰਮ ਕਰਨ ਕਾਰਣ ਉਨ੍ਹਾਂ ਨੂੰ ਪਤਾ ਹੈ ਕਿ ਸ਼ਹੀਦ ਦਾ ਅਰਥ ਕੀ ਹੁੰਦਾ ਹੈ? ਪੰਜਾਬ ’ਚ ਕਿਸੇ ਵੀ ਸਥਾਨ ’ਤੇ ਕੋਈ ਜਵਾਨ ਸ਼ਹੀਦ ਹੁੰਦਾ ਹੈ ਤਾਂ ਉਨ੍ਹਾਂ ਦੇ ਘਰ ’ਚ ਉਹ ਸੰਵੇਦਨਾ ਪ੍ਰਗਟ ਕਰਨ ਲਈ ਜਾਂਦੇ ਹਨ। ਓਦੋਂ ਸ਼ਹੀਦ ਪਰਿਵਾਰ ਦੇ ਦੁੱਖਾਂ ਦਾ ਪਤਾ ਲਗਦਾ ਹੈ ਪਰ ਫਿਰ ਵੀ ਅਜਿਹੇ ਪਰਿਵਾਰਾਂ ਨੇ ਆਪਣਾ ਹੌਸਲਾ ਕਦੇ ਵੀ ਘੱਟ ਨਹੀਂ ਕੀਤਾ ਹੈ।

ਉਨ੍ਹਾਂ ਸ਼ਹੀਦ ਪਰਿਵਾਰ ਫੰਡ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸਦੀ ਮਾਰਫਤ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਲਾਲਾ ਜੀ ਨੇ ਪਹਿਲਾਂ ਤਾਂ ਚਿਨਾਬ ਦਾ ਪਾਣੀ ਪੀਤਾ ਸੀ ਵਜੀਰਾਬਾਦ ’ਚ ਉਨ੍ਹਾਂ ਦਾ ਜਨਮ ਹੋਇਆ ਸੀ ਫਿਰ ਲਾਹੌਰ ’ਚ ਸਿਖਿਆ ਗ੍ਰਹਿਣ ਕੀਤੀ ਜਿਥੇ ਉਨ੍ਹਾਂ ਨੇ ਰਾਵੀ ਦਾ ਪਾਣੀ ਪੀਤਾ, ਵੰਡ ਤੋਂ ਬਾਅਦ ਉਹ ਜਲੰਧਰ ਆਕੇ ਵਸੇ ਜਿਥੇ ਦੋ ਦਰਿਆਵਾਂ ਵਿਆਸ ਅਤੇ ਸਤਲੁਜ ਦਾ ਪਾਣੀ ਉੁਨ੍ਹਾਂ ਨੇ ਪੀਤਾ। ਇਸ ਲਈ ਅਜਿਹੇ ਯੋਧਿਆਂ ਦਾ ਜਨਮ ਵਾਰ-ਵਾਰ ਨਹੀਂ ਹੁੰਦਾ ਹੈ।
ਉੁਨ੍ਹਾਂ ਨੇ ਆਪਣੇ ਪਰਿਵਾਰ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਪਹਿਲਾਂ ਤਾਂ ਪਰਿਵਾਰ ਨੇ ਮੁਗਲਾਂ ਦੇ ਖਿਲਾਫ ਲੜਾਈ ਲੜੀ, ਫਿਰ ਅੰਗਰੇਜ਼ਾਂ ਦੇ ਖਿਲਾਫ ਲੜੇ। ਵਿਸ਼ਵ ਜੰਗ ’ਚ ਵੀ ਪਰਿਵਾਰ ਨੇ ਭਾਗ ਲਿਆ ਅਤੇ ਉਸਦੇ ਬਾਅਦ 1947-48 ਵੰਡ ਦੇ ਸਮੇਂ, ਫਿਰ 1965 ਤੇ 1971 ਦੀਆਂ ਜੰਗਾਂ ’ਚ ਵੀ ਦੇਸ਼ ਲਈ ਕੰਮ ਕੀਤਾ।

shivani attri

This news is Content Editor shivani attri