ਖਟਕੜ ਕਲਾਂ ''ਚ ਰੈਲੀ ਕਰਨ ਪੁੱਜੇ ਕੈਪਟਨ ਨੇ ਸ਼ਹੀਦ ਭਗਤ ਸਿੰਘ ਦੀ ਸਮਾਰਕ ਨੂੰ ਕੀਤਾ ਨਜ਼ਰ ਅੰਦਾਜ਼

05/06/2019 6:52:55 PM

ਨਵਾਂਸ਼ਹਿਰ,(ਜੋਬਨਪ੍ਰੀਤ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਖਟਕੜ ਕਲਾਂ ਪਹੁੰਚੇ ਕੈਪਟਨ ਨੇ ਆਨੰਦਪੁਰ ਸਾਹਿਬ ਲੋਕ ਸਭਾ ਤੋਂ ਉਮੀਦਵਾਰ ਮੁਨੀਸ਼ ਤਿਵਾੜੀ ਦੇ ਪੱਖ 'ਚ ਚੋਣ ਰੈਲੀ ਕੀਤੀ ਤੇ ਲੋਕਾਂ ਨੂੰ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਨੂੰ ਵੋਟ ਦੇਣ ਦੀ ਅਪੀਲ ਕੀਤੀ। ਸ਼ਹੀਦ ਭਗਤ ਸਿੰਘ ਦੀ ਸਮਾਰਕ ਤੋਂ ਲਗਭਗ 200 ਮੀਟਰ ਦੀ ਦੂਰੀ 'ਤੇ ਕੈਪਟਨ ਨੇ ਇਹ ਰੈਲੀ ਕੀਤੀ ਪਰ ਉਨ੍ਹਾਂ ਕੋਲ ਇੰਨਾ ਸਮਾਂ ਨਹੀਂ ਸੀ ਕਿ ਉਹ ਭਗਤ ਸਿੰਘ ਦੇ ਸਮਾਰਕ 'ਤੇ ਪਹੁਚ ਕੇ ਸ਼ਰਧਾ ਦੇ ਫੁੱਲ ਭੇਂਟ ਕਰ ਸਕਣ। ਰੈਲੀ ਸਮਾਪਤ ਹੋਣ ਉਪਰੰਤ ਸ਼ਹੀਦ ਭਗਤ ਸਿੰਘ ਦੀ ਸਮਾਰਕ ਸਾਹਮਣਿਓਂ ਉਨ੍ਹਾਂ ਦੀਆਂ ਗੱਡੀਆਂ ਨਿਕਲੀਆਂ ਪਰ ਫਿਰ ਵੀ ਉਨ੍ਹਾਂ ਨੂੰ ਸ਼ਹੀਦ ਦੀ ਸਮਾਰਕ ਨਜ਼ਰ ਨਹੀਂ ਆਈ ਅਤੇ ਉਨ੍ਹਾਂ ਨੇ ਸ਼ਹੀਦ ਦੀ ਸਮਾਰਕ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਜਿਸ 'ਤੇ ਪਿੰਡ ਦੇ ਲੋਕਾਂ 'ਚ ਨਿਰਾਸ਼ਾ ਦੇਖਣ ਨੂੰ ਮਿਲੀ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਖਰੀਦਿਆ ਹੋਇਆ ਬੋਰੀਆ ਦਾ ਬਾਰਦਾਨਾ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਦੇ ਦਿੱਤਾ ਹੈ। 
ਇਹ ਵਿਰੋਧੀਆਂ ਦੀ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੈ ਤਾਂ ਜੋ ਮੰਡੀਆਂ 'ਚ ਫਸਲ ਦੀ ਲਿਫਟਿੰਗ ਨਾ ਹੋ ਸਕੇ। ਲੋਕ ਪਰੇਸ਼ਾਨ ਹੁੰਦੇ ਰਹੇ ਇਹ ਆਪਣੀ ਸਿਆਸੀ ਰੋਟੀਆਂ ਸੇਕਣ ਤੋਂ ਨਹੀਂ ਹਟ ਰਹੇ ਹਨ। ਮੋਦੀ ਵਲੋਂ ਰਾਜੀਵ ਗਾਂਧੀ ਦੇ ਖਿਲਾਫ ਦਿੱਤੇ ਬਿਆਨ 'ਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੜੇ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਨੇ ਰਾਜੀਵ ਗਾਂਧੀ ਖਿਲਾਫ ਅਜਿਹਾ ਬਿਆਨ ਦਿੱਤਾ ਹੈ। ਇਹ ਬੜੇ ਦੁੱਖ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਮੋਦੀ ਦਾ ਜਨਮ ਕਿਥੇ ਹੋਇਆ ਹੈ ਉਨ੍ਹਾਂ ਨੂੰ ਸਾਡੇ ਸਮਾਜ ਬਾਰੇ ਨਹੀਂ ਪਤਾ ਫਿਰ ਕਿਸ ਦੇ ਬਾਰੇ 'ਚ ਕੀ ਬੋਲਣਾ ਹੈ। ਲੋਕਾਂ ਨੂੰ ਮੋਦੀ ਦੀ ਛੁੱਟੀ ਕਰਵਾ ਕੇ ਹੁਣ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ। 
ਕੈਪਟਨ ਨੇ ਕਿਹਾ ਝੋਨੇ ਦੀ ਫਸਲ ਦੀ ਬੀਜਾਈ ਪਹਿਲੀ 20 ਤਾਰੀਕ ਤੋਂ ਸ਼ੁਰੂ ਹੋਣੀ ਸੀ ਹੁਣ 13 ਤਾਰੀਕ ਤੋਂ ਸ਼ੁਰੂ ਹੋਵੇਗੀ। ਇਸ 'ਤੇ ਬਿਜਲੀ 'ਤੇ ਜਿੰਨਾ ਖਰਚ ਆਵੇਗਾ ਪੰਜਾਬ ਸਰਕਾਰ ਦੇਵੇਗੀ। ਮੀਂਹ ਤੇ ਅੱਗ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਜ਼ਲਦੀ ਦਿੱਤਾ ਜਾਵੇਗਾ। 
ਅੱਗ ਨਾਲ ਸੜੀ ਫਸਲ ਦਾ ਮੁਆਵਜਾ ਮੁੱਖ ਮੰਤਰੀ ਰਾਹਤ ਫੰਡ ਤੋਂ ਦਿੱਤਾ ਜਾਵੇਗਾ। ਕੈਪਟਨ ਸਰਕਾਰ ਨੇ ਪਿਛਲੇ ਦੋ ਸਾਲਾਂ 'ਚ 8 ਲੱਖ 25 ਹਜ਼ਾਰ ਨੌਜਵਾਨਾਂ ਨੂੰ ਹੁਣ ਤਕ ਰੋਜ਼ਗਾਰ ਦਿੱਤਾ ਹੈ। ਇਸ ਸਾਲ 40000 ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਹਰਸਿਮਰਤ ਕੌਰ ਬਾਦਲ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਇਕ ਸਿੱਖ ਵਿਅਕਤੀ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਕਿਹਾ ਕਿ ਮੈਂ ਜਵਾਬ ਦੇਣ ਨਹੀਂ ਆਉਣ ਹੁਣ ਤਾਂ ਵੋਟਾਂ ਦਾ ਟਾਈਮ ਹੈ। ਇਸ 'ਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਕੋਲ ਜਾਣਗੇ ਤਾਂ ਲੋਕ ਸਵਾਲ ਪੁੱਛਣਗੇ । ਉਹ ਉਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ। ਲੋਕ ਮੇਰੇ ਤੋਂ ਸਵਾਲ ਕਰਨ ਮੈਂ ਜਵਾਬ ਦੇਣ ਨੂੰ ਤਿਆਰ ਹਾਂ। ਇਸ ਦੇ ਲਈ ਪੰਜਾਬ 'ਚ 5 ਮੀਟਿੰਗਾਂ ਰੱਖਾਂਗੇ ਲੋਕਾਂ ਬਾਰੇ ਸੁਣਾਂਗੇ। ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ, ਕੋਈ ਭਾਸ਼ਣ ਨਹੀਂ ਦਿੱਤਾ ਜਾਵੇਗਾ।