ਬਿਨ੍ਹਾਂ ਮਿਹਨਤ ਕੀਤੇ ਵੀ ਸਿਵਲ ਹਸਪਤਾਲ ''ਚ ਸਟਾਫ ਲੈਂਦਾ ਹੈ ਵਧਾਈ

02/15/2020 9:01:44 PM

ਜਲੰਧਰ, (ਸ਼ੋਰੀ)— ਸਿਵਲ ਹਸਪਤਾਲ 'ਚ ਕਿੰਨੇ ਮੈਡੀਕਲ ਸੁਪਰੀਟੈਂਡੈਂਟ ਆਏ ਤੇ ਕਿੰਨੇ ਚਲੇ ਗਏ ਸਾਰਿਆਂ ਨੇ ਕੋਸ਼ਿਸ਼ ਕਰਨ ਚਾਹੀ ਕਿ ਹਸਪਤਾਲ 'ਚ ਸੁਧਾਰ ਹੋ ਸਕਣ ਪਰ ਅਜੇ ਤੱਕ ਮੌਜੂਦਾ ਹਾਲਾਤ ਤਾਂ ਇਹ ਦੇਖਣ ਨੂੰ ਮਿਲ ਰਹੇ ਹਨ ਕਿ ਬਿਨ੍ਹਾਂ ਮਿਹਨਤ ਕੀਤੇ ਵੀ ਹਸਪਤਾਲ ਦਾ ਸਟਾਫ ਵਧਾਈ ਮੰਗਣ ਤੋਂ ਪਿੱਛੇ ਨਹੀਂ ਹੈ। ਜਾਣਕਾਰੀ ਮੁਤਾਬਕ ਪਿੰਡ ਅਲੀਪੁਰ ਵਾਸੀ ਸਗੀਤਾ ਪਤਨੀ ਅਮਿਤ ਰੋਸ਼ਨ ਦਰਦ ਨਾਲ ਪੀੜਤ ਹੋਣ ਕਾਰਨ ਸਵੇਰੇ ਕਰੀਬ 11.50 ਵਜੇ ਉਸ ਦੇ ਪਤੀ ਨੇ 108 ਦੀ ਐਂਬੂਲੈਸ ਨੂੰ ਕਾਲ ਕੀਤੀ। ਐਂਬੂਲੈਸ 'ਚ ਤਾਇਨਾਤ ਈ. ਐੱਮ. ਟੀ. ਬਿਕਰਮਜੀਤ ਸਿੰਘ ਤੇ ਡਰਾਈਵਰ ਅਮਰੀਕ ਸਿੰਘ ਨੇ ਔਰਤ ਨੂੰ ਗੱਡੀ 'ਚ ਬਿਠਾਇਆ ਅਤੇ ਸਿਵਲ ਹਸਪਤਾਲ ਵੱਲ ਆਉਣ ਲੱਗਾ ਪਰ ਦਰਦ ਵੱਧਣ ਕਾਰਨ ਗੱਡੀ ਬੀ. ਐੱਸ. ਐੱਫ. ਚੌਕ 'ਤੇ ਰੋਕਣੀ ਪਈ ਤੇ ਐਂਬੂਲੈਂਸ 'ਚ ਹੀ ਔਰਤ ਨੇ ਬੇਟੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਸ ਨੂੰ ਐਂਬੂਲੈਸ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਛੱਡ ਕੇ ਵਾਪਸ ਚੱਲੀ ਗਈ। ਔਰਤ ਦੇ ਪਤੀ ਅਮਿਤ ਰੋਸ਼ਨ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਬੇਟੇ ਨੂੰ ਸਟਾਫ ਰੂਮ 'ਚ ਲੈ ਗਿਆ ਤੇ ਸਾਫ਼-ਸਫਾਈ ਤੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਕ ਸਟਾਫ ਨੇ ਬੇਟਾ ਦੇਣ ਤੋਂ ਪਹਿਲਾਂ 500 ਰੁਪਏ ਵਧਾਈ ਦੇ ਤੌਰ 'ਤੇ ਲਏ। ਇਸ ਤੋਂ ਬਾਅਦ ਬੇਟਾ ਉਸ ਨੂੰ ਸੌਂਪਿਆ ਗਿਆ ਇਸ ਦੌਰਾਨ ਦੂਜੀ ਔਰਤ ਸਟਾਫ ਆਈ ਤੇ 1200 ਰੁਪਏ ਮੰਗਣ ਲੱਗੀ ਉਸ ਨੇ 500 ਦੇਣ ਦੀ ਗੱਲ ਕਹੀ ਤਾਂ ਬੋਲੀ ਕਿ ਉਸ ਦਾ ਸਟੇਟਸ 500 ਦਾ ਨਹੀਂ ਹੈ ਤੇ ਗ਼ੁੱਸੇ 'ਚ ਚੱਲੀ ਗਈ।

ਜ਼ਿਕਰਯੋਗ ਹੋ ਕਿ ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ 'ਚ ਵਧਾਈ ਮੰਗਣ ਦਾ ਸਿਲਸਿਲਾ ਜਾਰੀ ਹੈ ਅਤੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਵਧਾਈ ਦੇ ਨਾਮ ਨਾਲ ਲੋਕਾਂ ਨੂੰ ਲੁੱਟਣ ਦਾ ਕੰਮ ਹੋ ਰਿਹਾ ਹੈ। ਬੇਸ਼ਕ ਲੱਖ ਦਾਅਵੇ ਪੰਜਾਬ ਸਰਕਾਰ ਕਰ ਲਵੇ ਕਿ ਔਰਤਾਂ ਦੀ ਡਿਲਵਰੀ ਸਰਕਾਰੀ ਹਸਪਤਾਲ 'ਚ ਫ੍ਰੀ ਹੁੰਦੀ ਹੈ ਪਰ ਜਿਥੇ ਕੁਝ ਭ੍ਰਿਸ਼ਟ ਸਟਾਫ ਵਧਾਈ ਲੈ ਹੀ ਲੈਂਦਾ ਹੈ।

ਵਧਾਈ ਪੁਰੀ ਨਹੀਂ ਦਿੱਤੀ ਤਾਂ ਦਿੱਤਾ ਫਟਿਆ ਗੱਦਾ
ਉਥੇ ਹੀ ਸ਼ਰਮਨਾਕ ਗੱਲ ਤਾਂ ਇਹ ਦੇਖਣ ਨੂੰ ਮਿਲੀ ਕਿ 1200 ਵਧਾਈ ਨਾ ਦੇਣ 'ਤੇ ਔਰਤ ਸਗੀਤਾ ਨੂੰ ਫਟਿਆ ਗੱਦਾ ਦੇ ਦਿੱਤਾ ਗਿਆ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ 'ਚ ਕੁਝ ਸਟਾਫ ਖੁਦ ਹੀ ਆਪਣਾ ਨਿਯਮ ਲਾਗੂ ਕਰਨ 'ਚ ਪਿੱਛੇ ਨਹੀਂ ਹੈ।


KamalJeet Singh

Content Editor

Related News