ਸ਼ਾਦਮਾਨ ਚੌਕ ਮਾਮਲੇ ’ਚ ਦੇਰੀ ’ਤੇ ਮੇਅਰ ਨੂੰ ਮਿਲੇ ਕੁਰੈਸ਼ੀ

10/17/2018 1:46:49 AM

ਹੁਸ਼ਿਆਰਪੁਰ,   (ਅਮਰਿੰਦਰ)-  ਪਾਕਿਸਤਾਨ ਦੇ ਲਾਹੌਰ ਸਥਿਤ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਅਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ਦੇ ਮਾਮਲੇ ’ਚ ਹਾਈ ਕੋਰਟ ਵੱਲੋਂ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੁੰਦੀ ਦੇਖ ਅੱਜ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਸ਼ੀਦ ਕੁਰੈਸ਼ੀ ਲਾਰਡ  ਮੇਅਰ ਰਿਟ. ਕਰਨਲ ਮੁਵਾਸੀਰ ਜਾਵੇਦ ਨੂੰ ਮਿਲੇ। ਚੇਅਰਮੈਨ ਕੁਰੈਸ਼ੀ ਨੇ ਲਾਰਡ ਮੇਅਰ ਨੂੰ 5 ਸਤੰਬਰ 2018 ਨੂੰ ਹਾਈ ਕੋਰਟ ਵੱਲੋਂ ਜਾਰੀ ਨਿਰਦੇਸ਼ ਦੀ ਕਾਪੀ ਸੌਂਪਦਿਆਂ ਮਾਮਲੇ ਨੂੰ ਜਲਦ ਤੋਂ ਜਲਦ ਨਿਪਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 5 ਸਤੰਬਰ ਨੂੰ ਮਾਣਯੋਗ ਜਸਟਿਸ ਸ਼ਾਹਿਦ ਜਮੀਲ ਦੀ ਅਦਾਲਤ ਨੇ ਆਪਣੇ ਨਿਰਦੇਸ਼ ’ਚ ਮੇਅਰ ਨੂੰ ਮਾਮਲੇ ਦਾ ਜਲਦ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਸਨ। 
ਸ਼੍ਰੀ ਕੁਰੈਸ਼ੀ ਨੇ ਲਾਹੌਰ ਤੋਂ ਫੋਨ ’ਤੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਨਾ ਰੱਖਿਆ ਗਿਆ ਤਾਂ ਉਹ ਮਾਮਲੇ ਨੂੰ ਸੁਪਰੀਮ ਕੋਰਟ ਲਿਜਾਣਗੇ। ਸ਼੍ਰੀ ਕੁਰੈਸ਼ੀ ਨੇ ਦੱਸਿਆ ਕਿ ਮੇਅਰ ਮੁਵਾਸੀਰ ਜਾਵੇਦ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਅਦਾਲਤ ਦੇ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਮਾਮਲੇ ਦਾ ਜਲਦ ਨਿਪਟਾਰਾ ਕਰਨਗੇ। 
ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਨੇ ਪਾਕਿਸਤਾਨ ਸਰਕਾਰ ਤੋਂ ਸ਼ਹੀਦ ਭਗਤ ਸਿੰਘ ਨੂੰ ਦੇਸ਼ ਦਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ‘ਨਿਸ਼ਾਨ-ਏ-ਹੈਦਰ’ ਦੇਣ ਦੀ ਮੰਗ ਵੀ ਕੀਤੀ ਹੈ।