ਗੁ. ਸ੍ਰੀ ਭੱਠਾ ਸਾਹਿਬ ਦੇ ਠੇਕੇਦਾਰ ਅਤੇ ਦੁਕਾਨਦਾਰਾਂ ’ਚ ਕਿਰਾਏ ਨੂੰ ਲੈ ਕੇ ਨਾਰਾਜ਼ਗੀ

12/17/2018 2:43:04 AM

ਰੂਪਨਗਰ,   (ਵਿਜੇ)-  ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਦੇ ਪ੍ਰਬੰਧਕਾਂ ਦੁਆਰਾ ਨਿਯੁਕਤ ਠੇਕੇਦਾਰ ਅਤੇ ਰੇਹਡ਼ੀ-ਫਡ਼ੀ, ਦੁਕਾਨਾਂ ਆਦਿ ਲਗਾਉਣ ਵਾਲੇ ਦੁਕਾਨਦਾਰਾਂ ਵਿਚ ਕਿਰਾਏ ਨੂੰ ਲੈ ਕੇ ਨਰਾਜ਼ਗੀ ਪੈਦਾ ਹੋ ਗਈ ਜਿਸ ਕਾਰਨ ਤਣਾਅ ਦੀ ਸਥਿਤੀ ਪੈਦਾ ਹੋ ਗਈ। ਸਥਾਨਕ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਚ 17  ਤੋਂ  19 ਦਸੰਬਰ ਤੱਕ ਸ਼ਹੀਦੀ ਜੋਡ਼ ਮੇਲੇ (ਸਭਾ) ਦਾ ਸਾਲਾਨਾ ਆਯੋਜਨ ਹੋ ਰਿਹਾ ਹੈ ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿਚ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਦੁਕਾਨਾਂ ਲਗਾਉਣ ਦੀ ਹੋਡ਼ ਲੱਗੀ ਹੋਈ ਹੈ। ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਇਥੇ ਦੁਕਾਨਾਂ ਆਦਿ ਲਗਾਉਣ ਲਈ ਇਕ ਠੇਕੇਦਾਰ ਨਿਯੁਕਤ ਕਰ ਦਿੱਤਾ ਹੈ ਜੋ ਸ਼੍ਰੋਮਣੀ ਕਮੇਟੀ ਨੂੰ ਇਕ ਨਿਸ਼ਚਿਤ ਰਾਸ਼ੀ ਦੇਵੇਗਾ ਅਤੇ ਫਿਰ ਆਪਣੀ ਮਰਜ਼ੀ ਨਾਲ ਦੁਕਾਨਦਾਰਾਂ ਨੂੰ ਦੁਕਾਨਾਂ ਲਗਾਉਣ ਲਈ ਨਿਸ਼ਚਿਤ ਸਥਾਨ ਅਲਾਟ ਕਰੇਗਾ। ਇਸ ਗੱਲ ਨੂੰ ਲੈ ਕੇ ਨਵੇਂ ਦੁਕਾਨਦਾਰਾਂ ਵਿਚ ਹੋਡ਼ ਮਚ ਗਈ ਅਤੇ ਕਿਰਾਏ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਰੂਪਨਗਰ ਦੇ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਮੌਕੇ ’ਤੇ ਆ ਗਏ ਅਤੇ ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ’ਤੇ  ਦੋਸ਼ ਲਗਾਇਆ ਕਿ ਉਹ ਛੋਟੇ ਦੁਕਾਨਦਾਰਾਂ ਨਾਲ ਧੱਕਾ ਕਰ ਰਹੇ ਹਨ ਅਤੇ ਠੇਕੇਦਾਰ ਦੀ ਮਾਰਫਤ ਇਸ ਵਿਚ ਲੱਖਾਂ ਰੁਪਏ ਦਾ ਘੋਟਾਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਸਿੱਧਾ ਦੁਕਾਨਦਾਰਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਤਾਂਕਿ ਗਰੀਬ ਲੋਕਾਂ ਨਾਲ ਅਨਿਆਂ ਨਾ ਹੋ ਸਕੇ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੀ ਘਟਨਾ ਅਤੇ ਘਪਲੇ ਦੀ ਜਾਂਚ ਹੋਣੀ ਚਾਹੀਦੀ ਹੈ। ਦੂਜੇ ਪਾਸੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਦੁਆਰਾ ਦੁਕਾਨਾਂ ਲਈ ਇਕ ਠੇਕੇਦਾਰ ਨੂੰ 3 ਲੱਖ 11 ਹਜ਼ਾਰ ਰੁਪਏ ਵਿਚ ਠੇਕਾ ਦਿੱਤਾ ਗਿਅਾ ਹੈ ਜੋ ਕਿ ਅੱਗੇ ਦੁਕਾਨਦਾਰਾਂ ਤੋਂ ਆਪਣੇ ਪੱਧਰ ’ਤੇ ਪੈਸੇ ਵਸੂਲ ਕਰੇਗਾ ਅਤੇ ਗੁਰਦੁਆਰਾ ਪ੍ਰਬੰਧਕਾਂ ਦਾ ਇਸ ਵਿਚ ਕੋਈ ਸੰਬੰਧ ਨਹੀਂ ।