ਸਰਵਿਸ ਲੇਨ ਬਣੀ ਪਾਰਕਿੰਗ ਸਥਾਨ

09/30/2019 1:54:39 PM

ਜਲੰਧਰ (ਸੁਨੀਲ)-ਸ਼ਹਿਰ 'ਚ ਪੁਲਸ ਦੀ ਉਦਾਸੀਨਤਾ ਅਤੇ ਨਜ਼ਰਅੰਦਾਜ਼ੀ ਕਾਰਨ ਆਏ ਦਿਨ ਸੜਕ ਹਾਦਸੇ ਹੋਣਾ ਆਮ ਗੱਲ ਹੋ ਗਈ ਹੈ। ਸ਼ਹਿਰ 'ਚ ਖੁੱਲ੍ਹੇਆਮ ਪੁਲਸ ਨੂੰ ਚੁਣੌਤੀ ਦਿੰਦੇ ਸਰਵਿਸ ਲੇਨ ਅਤੇ ਮੇਨ ਰੋਡ 'ਤੇ ਟਰੱਕ ਅਤੇ ਟੈਂਕਰ ਆਦਿ ਖੜ੍ਹੇ ਕਰਨ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ, ਜਿਸ ਕਾਰਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ।
ਪਠਾਨਕੋਟ ਬਾਈਪਾਸ, ਲੰਮਾ ਪਿੰਡ ਚੌਕ ਅਤੇ ਇੰਡੀਅਨ ਆਇਲ ਦੇ ਬਾਹਰ ਅਕਸਰ ਟਰੱਕ, ਟਿੱਪਰ, ਟੈਂਕਰ ਆਦਿ ਮੇਨ ਰੋਡ 'ਤੇ ਖੜ੍ਹੇ ਰਹਿੰਦੇ ਹਨ, ਜਿਸ ਕਾਰਣ ਉਥੇ ਅਕਸਰ ਜਾਮ ਲੱਗਾ ਰਹਿੰਦਾ ਹੈ। ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸਰਵਿਸ ਲੇਨ ਨੂੰ ਹੀ ਪਾਰਕਿੰਗ ਬਣਾ ਕੇ ਵਰਤਿਆ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਟ੍ਰੈਫਿਕ ਪੁਲਸ ਜਾਂ ਹੋਰ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਨਹੀਂ ਹੈ ਪਰ ਪੁਲਸ ਦੀ ਢਿੱਲੀ ਕਾਰਜਪ੍ਰਣਾਲੀ ਕਾਰਣ ਚਾਲਕ ਹੈਵੀ ਵ੍ਹੀਕਲ ਬੇਤਰਤੀਬ ਢੰਗ ਨਾਲ ਖੜ੍ਹੇ ਕਰਕੇ ਚਲੇ ਜਾਂਦੇ ਹਨ ਅਤੇ ਕਈ ਦਿਨਾਂ ਤੱਕ ਟਰੱਕ ਆਦਿ ਉਥੇ ਹੀ ਖੜ੍ਹੇ ਰਹਿੰਦੇ ਹਨ।

ਗੈਸ ਅਤੇ ਤੇਲ ਦੇ ਟੈਂਕਰ ਬਣ ਸਕਦੇ ਹਨ ਅਣਸੁਖਾਵੀਂ ਘਟਨਾ ਦਾ ਕਾਰਨ
ਉਥੇ ਹੀ ਜ਼ਿਲੇ ਦੇ ਸੁੱਚੀ ਪਿੰਡ ਦੇ ਬਾਹਰ ਬੇਤਰਤੀਬ ਤਰੀਕੇ ਨਾਲ ਖੜ੍ਹੇ ਗੈਸ ਅਤੇ ਤੇਲ ਦੇ ਟੈਂਕਰ ਕਿਸੇ ਵੀ ਸਮੇਂ ਕਿਸੇ ਅਣਸੁਖਾਵੀ ਘਟਨਾ ਦਾ ਕਾਰਨ ਬਣ ਸਕਦੇ ਹਨ। ਦੱਸ ਦੇਈਏ ਕਿ ਉਕਤ ਖੇਤਰ 'ਚ ਸਰਕਾਰੀ ਗੈਸ ਅਤੇ ਤੇਲ ਭੰਡਾਰਨ ਹੋਣ ਕਾਰਣ ਅਕਸਰ ਗੈਸ ਅਤੇ ਤੇਲ ਨਾਲ ਭਰੇ ਖਾਲੀ ਟੈਂਕਰ ਸਰਵਿਸ ਲੇਨ ਅਤੇ ਹਾਈਵੇ 'ਤੇ ਖੜ੍ਹੇ ਰਹਿੰਦੇ ਹਨ। ਜੇਕਰ ਕੋਈ ਵੀ ਵਾਹਨ ਇਨ੍ਹਾਂ ਟੈਂਕਰਾਂ ਨਾਲ ਟਕਰਾ ਗਿਆ ਤਾਂ ਇਥੇ ਤੇਲ ਨਾਲ ਅੱਗ ਫੈਲਣ ਅਤੇ ਗੈਸ ਦੇ ਰਿਸਣ ਨਾਲ ਕਈ ਲੋਕਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ।

ਆਉਣ ਵਾਲੇ ਦਿਨਾਂ 'ਚ ਵਧ ਸਕਦੀਆਂ ਹਨ ਦੁਰਘਟਨਾਵਾਂ
ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਅਜੇ ਤਾਂ ਗਰਮੀਆਂ ਦਾ ਮੌਸਮ ਹੈ, ਕੁਝ ਕੁ ਦਿਨਾਂ 'ਚ ਸਰਦੀਆਂ ਆਉਣ ਵਾਲੀਆਂ ਹਨ, ਜਿਸ ਕਾਰਨ ਹਰ ਸਵੇਰ ਅਤੇ ਰਾਤ ਨੂੰ ਧੁੰਦ ਵੀ ਕਹਿਰ ਵਰ੍ਹਾਉਣਾ ਸ਼ੁਰੂ ਕਰ ਦੇਵੇਗੀ। ਅਜਿਹੇ ਧੁੰਦ ਦੇ ਦਿਨਾਂ 'ਚ ਸਰਵਿਸ ਲੇਨ ਅਤੇ ਹਾਈਵੇ ਦੇ ਕਿਨਾਰੇ 'ਤੇ ਬਿਨਾਂ ਰਿਫਲੈਕਟਰ ਅਤੇ ਲਾਈਟਾਂ ਜਗਾਏ ਖੜ੍ਹੇ ਕੀਤੇ ਗਏ ਵਾਹਨ ਕਈ ਵਾਰ ਵੱਡੀਆਂ ਦੁਰਘਟਨਾਵਾਂ ਦਾ ਕਾਰਨ ਬਣ ਸਕਦੇ ਹਨ।

ਓਵਰਲੋਡ ਵੀ ਹੁੰਦੇ ਹਨ ਅਕਸਰ ਟਰੱਕ-ਟਿੱਪਰ
ਸਰਵਿਸ ਲੇਨ ਅਤੇ ਮੇਨ ਹਾਈਵੇ 'ਤੇ ਖੜ੍ਹੇ ਟਰੱਕ-ਟਿੱਪਰ ਆਦਿ ਓਵਰਲੋਡ ਵੀ ਹੁੰਦੇ ਹਨ ਅਤੇ ਟਰੱਕ ਦੇ ਢਾਲੇ ਦੇ ਬਾਹਰ ਸਰੀਆ, ਪੱਤੀਆਂ ਆਦਿ ਦੀਆਂ ਲੰਬੀਆਂ ਰਾਡਾਂ ਬਾਹਰ ਨਿਕਲਦੀਆਂ ਹੁੰਦੀਆਂ ਹਨ।

ਤੇਲ ਟੈਂਕਰ ਯੂਨੀਅਨ ਨਾਲ ਮੀਟਿੰਗ ਕਰ ਕੇ ਕੱਢਿਆ ਜਾਵੇਗਾ ਹੱਲ : ਡੀ. ਸੀ. ਪੀ. ਨਰੇਸ਼ ਡੋਗਰਾ
ਮੇਰੇ ਧਿਆਨ ਵਿਚ ਤੁਹਾਡੇ ਵਲੋਂ ਇਹ ਮੁੱਦਾ ਸਾਹਮਣੇ ਆਇਆ ਹੈ। ਮੈਂ ਤੇਲ ਟੈਂਕਰ ਯੂਨੀਅਨ ਨਾਲ ਇਸ ਸਬੰਧ ਵਿਚ ਅਧਿਕਾਰੀਆਂ ਸਮੇਤ ਮੀਟਿੰਗ ਕਰਾਂਗਾ ਤਾਂ ਜੋ ਇਨ੍ਹਾਂ ਟੈਂਕਰਾਂ ਨੂੰ ਅੰਦਰ ਜਗ੍ਹਾ ਦਿੱਤੀ ਜਾਵੇ ਤਾਂ ਜੋ ਉਹ ਸੜਕ ਦੇ ਕੰਢੇ ਜਾਂ ਸਰਵਿਸ ਲੇਨ 'ਤੇ ਖੜ੍ਹੇ ਨਾ ਹੋਣ। ਲੋਕਾਂ ਨੂੰ ਇਨ੍ਹਾਂ ਦੇ ਕਾਰਨ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

shivani attri

This news is Content Editor shivani attri