ਝੋਨੇ ਨੂੰ ਪਾਣੀ ਲਗਾ ਰਹੇ ਵਿਅਕਤੀ ਦੀ ਕੁੱਟ-ਮਾਰ ਕਰਕੇ ਕੀਤਾ ਗੰਭੀਰ ਜ਼ਖਮੀ, 5 ਖਿਲਾਫ਼ ਕੇਸ ਦਰਜ

06/22/2020 3:09:33 PM

ਫਗਵਾੜਾ(ਹਰਜੋਤ) - ਪਿੰਡ ਬਿਸ਼ਨਪੁਰ ਵਿਖੇ ਖੇਤਾਂ ’ਚ ਝੋਨੇ ਨੂੰ ਪਾਣੀ ਲਗਾ ਰਹੇ ਇਕ ਵਿਅਕਤੀ 'ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਵਿਅਕਤੀ ਮੋਹਨ ਲਾਲ ਪੁੱਤਰ ਗੁਰਮੀਤ ਰਾਮ ਵਾਸੀ ਪਿੰਡ ਬਿਸ਼ਨਪੁਰ ਨੇ ਦੱਸਿਆ ਕਿ ਉਹ 20 ਜੂਨ ਨੂੰ ਆਪਣੇ ਹੋਏ ਖੇਤਾਂ 'ਚ ਝੋਨੇ ਨੂੰ ਪਾਣੀ ਲਗਾ ਰਿਹਾ ਸੀ । 7-8 ਮੋਟਰਸਾਇਕਲਾਂ 'ਤੇ ਸਵਾਰ ਨੌਜਵਾਨ ਖੇਤਾਂ 'ਚ ਆਏ ਅਤੇ ਆਉਂਦੇ ਸਾਰ ਉਹਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸ ਨੂੰ ਬਚਾਉਣ ਲਈ ਉਸਦਾ ਭਤੀਜਾ ਅਕਾਸ਼ਦੀਪ ਵੀ ਵਿਚਕਾਰ ਆ ਗਿਆ, ਉਸ ਦੇ ਵੀ ਸੱਟਾਂ ਲੱਗ ਗਈਆਂ। ਦੋਵਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਐੱਸ. ਐੱਚ. ਓ. ਸਦਰ ਅਮਰਜੀਤ ਸਿੰਘ ਮੱਲ੍ਹੀ ਅਤੇ ਬਲਵਿੰਦਰ ਰਾਏ ਨੇ ਦੱਸਿਆ ਕਿ ਪਿੰਡ ਦੇ ਵਾਸੀ ਸੋਨੂੰ ਅਤੇ ਸੁੱਖਾ ਜਿਨ੍ਹਾਂ ਦੀ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਰੰਜਿਸ਼ ਜਾਪਦੀ ਹੈ। ਉਨ੍ਹਾਂ ਨੇ ਆਪਣੇ ਸਾਥੀ ਬੁਲਾ ਕੇ ਮੋਹਨ ਲਾਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕੀਤਾ ਹੈ ਅਤੇ ਉਸ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ।

ਉਨ੍ਹਾਂ ਦੱਸਿਆ ਕਿ ਸਦਰ ਪੁਲਸ ਨੇ ਇਸ ਸਬੰਧ 'ਚ ਪੰਜ ਨੌਜਵਾਨਾਂ ਸੋਨੂੰ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਬਿਸ਼ਨਪੁਰ, ਸੁੱਖਾ ਪੁੱਤਰ ਬਲਵੀਰ ਵਾਸੀ ਪਿੰਡ ਬਿਸ਼ਨਪੁਰ, ਪੰਕਜ ਵਾਸੀ ਜੰਡਿਆਲੀ, ਦੀਪ ਫਤਹਿ ਵਾਸੀ ਮੇਹਲੀ ਗੇਟ, ਸੁੱਖਾ ਪੁੱਤਰ ਜਸਵੰਤ ਤੇ 10-12 ਅਣਪਛਾਤੇ ਨੌਜਵਾਨਾਂ ਖਿਲਾਫ਼ ਧਾਰਾ 307, 323, 324, 148, 149 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੋਨੂੰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 

Harinder Kaur

This news is Content Editor Harinder Kaur