''ਝੂਠ ਦਾ ਡਮਰੂ'' ਵਜਾਉਣ ''ਚ ਵੱਡੇ ''ਉਸਤਾਦ'' ਨੇ ਕੈਪਟਨ : ਕਟਾਰੀਆ

03/13/2018 6:11:25 PM

ਕਪੂਰਥਲਾ (ਜ. ਬ.)— ਸ਼ਿਵ ਸੈਨਾ (ਬਾਲ ਠਾਕਰੇ) ਦੀ ਇਕ ਵਿਸ਼ੇਸ਼ ਮੀਟਿੰਗ ਓਮਕਾਰ ਕਾਲੀਆ, ਦੀਪਕ ਮਦਾਨ (ਦੀਪਾ), ਕ੍ਰਿਪਾਲ ਸਿੰਘ ਝੀਤਾ ਤੇ ਸੰਦੀਪ ਪੰਡਤ ਦੀ ਪ੍ਰਧਾਨਗੀ 'ਚ ਹੋਈ। ਇਸ 'ਚ ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਕੀ ਹਾਲਾਤਾਂ 'ਤੇ ਇਸ ਸਬੰਧੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ 'ਚ ਖਾਸ ਤੌਰ 'ਤੇ ਹਾਜ਼ਰ ਹੋਏ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸੱਤਾ-ਸਿੰਘਾਸਨ ਤੋਂ ਅਕਾਲੀ-ਭਾਜਪਾ ਗਠਜੋੜ ਦਾ ਬਿਸਤਰਾ ਗੋਲ ਹੋਣ 'ਤੇ ਇਸ ਦੀ ਕਮਾਨ ਕਾਂਗਰਸ ਦੇ ਹੱਥ 'ਚ ਜਾਣ ਤੋਂ ਬਾਅਦ ਵੀ ਕਥਿਤ ਸਿਆਸਤ ਦਾ ਅਪਰਾਧੀਕਰਨ ਅਤੇ ਵਪਾਰੀਕਰਨ ਦਾ ਜਾਰੀ ਰਹਿਣਾ ਚਿੰਤਾ ਦਾ ਗੰਭੀਰ ਵਿਸ਼ਾ ਹੀ ਨਹੀਂ, ਸਗੋਂ ਲੋਕਤੰਤਰ ਦੇ ਮੱਥੇ 'ਤੇ ਇਕ ਕਾਲਾ ਧੱਬਾ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਸਰਕਾਰੀ ਦਫਤਰਾਂ 'ਚ ਕਥਿਤ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅਨੁਸ਼ਾਸਨਹੀਣਤਾ, ਤਾਨਾਸ਼ਾਹੀ ਤੇ ਭੇਦਭਾਵ ਦਾ ਤਾਂਡਵ ਸ਼ਰ੍ਹੇਆਮ ਦਿਖਾਈ ਦੇਣਾ ਅਤੇ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਕੋਈ ਸੁਣਵਾਈ ਨਾ ਹੋਣਾ ਆਮ ਗੱਲ ਬਣ ਚੁੱਕੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ। 
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ 'ਚ ਅਪਰਾਧਿਕ ਘਟਨਾਵਾਂ 'ਚ ਲਗਾਤਾਰ ਵਾਧਾ ਹੋਣਾ, ਅਪਰਾਧੀਆਂ ਦਾ ਸਿਰ ਚੁੱਕ ਕੇ ਚੱਲਣਾ, ਗੈਰ-ਕਾਨੂੰਨੀ ਧੰਦਿਆਂ ਦਾ ਜਾਰੀ ਰਹਿਣਾ, ਅਮਨ-ਪਸੰਦ ਲੋਕਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਣਾ ਤੇ ਇਸ ਸਬੰਧੀ ਸੱਤਾਧਾਰੀ ਕਾਂਗਰਸ ਅਤੇ ਪੁਲਸ ਪ੍ਰਸ਼ਾਸਨ ਦੇ ਇਕ ਹਿੱਸੇ ਦੀ ਕਾਰਜਪ੍ਰਣਾਲੀ ਨੂੰ ਕੋਈ ਕਥਿਤ ਭਿਆਨਕ ਰੋਗ ਲੱਗਣ ਦਾ ਸਪੱਸ਼ਟ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿੱਖਿਆ ਤੇ ਸਿਹਤ ਸੇਵਾਵਾਂ 'ਚ ਸੁਧਾਰ ਹੋਣਾ, ਗਰੀਬਾਂ ਨੂੰ ਨਿਆਂ ਮਿਲਣਾ ਅਤੇ ਬੇਰੋਜ਼ਗਾਰੀ ਦਾ ਦੂਰ ਹੋਣਾ ਇਕ ਸੁਪਨਾ ਬਣ ਚੁੱਕਾ ਹੈ। ਜਗਦੀਸ਼ ਕਟਾਰੀਆ ਨੇ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਕੈਪਟਨ ਪੰਜਾਬ ਤੇ ਲੋਕ ਹਿੱਤਾਂ ਦੇ ਮਾਮਲੇ 'ਚ 'ਝੂਠ ਦਾ ਡਮਰੂ' ਵਜਾਉਣ 'ਚ ਇਕ ਵੱਡੇ 'ਉਸਤਾਦ' ਸਿੱਧ ਹੋਏ ਹਨ। 
ਮੀਟਿੰਗ 'ਚ ਸ਼ਿਵ ਸੈਨਾ ਆਗੂ ਯੋਗੇਸ਼ ਸੋਨੀ, ਦੀਪਕ ਛਾਬੜਾ, ਇੰਦਰਪਾਲ, ਧਰਮਿੰਦਰ ਕਾਕਾ, ਰਾਜੂ ਡਾਂਗ, ਰਾਜੇਸ਼ ਕਨੌਜੀਆ, ਟੀਟੂ ਪੇਂਟਰ, ਮੁਨੀ ਲਾਲ ਕਨੌਜੀਆ, ਨਰੇਸ਼ ਸ਼ਰਮਾ, ਮੁਕੇਸ਼ ਕਸ਼ਯਪ, ਹਰਦੇਵ ਰਾਜਪੂਤ, ਦੀਪਕ ਵਿਗ, ਦੀਵਾਨ ਚੰਦ ਕਨੌਜੀਆ, ਸੰਦੀਪ ਕਸ਼ਯਪ, ਮਿੰਟੂ ਗੁਪਤਾ, ਸ਼ਪਤ ਅਲੀ, ਰਿੰਕੂ ਭੰਡਾਰੀ, ਕਰਨ ਜੰਗੀ, ਸੰਜੈ ਵਿਗ, ਸੰਜੀਵ ਕੰਨਾ, ਵਿਨੋਦ ਕੁਮਾਰ, ਸੰਜੇ ਗੁਪਤਾ, ਨਰਿੰਦਰ ਲੱਬੀ, ਬਲਵੀਰ ਸਿੰਘ ਆਦਿ ਹਾਜ਼ਰ ਸਨ।