ਬਜ਼ੁਰਗ ਨਾਗਰਿਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ : ਅਪਨੀਤ ਰਿਆਤ

07/07/2020 1:30:15 AM

ਹੁਸ਼ਿਆਰਪੁਰ : ਸਰਕਾਰ ਸੀਨੀਅਰ ਸਿਟੀਜਨ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ, ਇਸ ਲਈ ਸਾਰੇ ਵਿਭਾਗ ਪਹਿਲ ਦੇ ਆਧਾਰ 'ਤੇ ਸੀਨੀਅਰ ਸਿਟੀਜਨ ਦੇ ਕੰਮ ਕਰਨ। ਇਹ ਵਿਚਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸੀਨੀਅਰ ਸਿਟੀਜਨ ਨੂੰ ਸੁਵਿਧਾਵਾਂ ਦੇਣ ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ 2020-21 ਦੀ ਪਹਿਲੀ ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਮੀਟਿੰਗ ਦੌਰਾਨ ਸੀਨੀਅਰ ਸਿਟੀਜਨ ਨੂੰ ਸੁਰੱਖਿਆ, ਸਿਹਤ ਸੁਵਿਧਾਵਾਂ, ਬੈਂਕਾਂ ਅਤੇ ਹੋਰ ਦਫ਼ਤਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਤੋਂ ਇਲਾਵਾ ਉਕਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।  

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੀਨੀਅਰ ਸਿਟੀਜਨ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਦੇ ਦਫ਼ਤਰਾਂ ਵਿੱਚ ਕੰਮ ਕਰਵਾਉਣ ਦੌਰਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸੀਨੀਅਰ ਸਿਟੀਜਨ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਡਾਕ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਡਾਕਘਰ ਵਿੱਚ ਸੀਨੀਅਰ ਸਿਟੀਜਨ ਲਈ ਬਣਾਏ ਗਏ ਵੱਖਰੇ ਕਾਊਂਟਰ 'ਤੇ ਸਿਰਫ਼ ਉਨ੍ਹਾਂ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾਣ। ਉਨਾਂ ਸੀਨੀਅਰ ਸਿਟੀਜਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਰੂਰਤ ਪੈਣ 'ਤੇ ਹੀ ਬੈਂਕਾਂ ਵਿੱਚ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਜ਼ਿਲੇ 'ਚ ਬੈਂਕਾਂ ਅਤੇ ਪੋਸਟ ਆਫਿਸ ਵਲੋਂ ਉਨ੍ਹਾਂ ਦੇ ਘਰ 'ਚ ਹੀ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਰਚ 2020 ਤੋਂ ਲੈ ਕੇ ਮਈ 2020 ਤੱਕ ਬੈਂਕਾਂ ਅਤੇ ਪੋਸਟ ਆਫਿਸ ਰਾਹੀਂ ਬੁਢਾਪਾ ਅਤੇ ਵਿੱਤੀ ਸਹਾਇਤਾ ਸਕੀਮਾਂ ਤਹਿਤ 1,37,010 ਲਾਭਪਾਤਰੀਆਂ ਨੂੰ 30,56,43,000 ਰੁਪਏ ਦਾ ਲਾਭ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮਾਸਕ ਦਾ ਪ੍ਰਯੋਗ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਅਤੇ ਸਮੇਂ-ਸਮੇਂ ਹੱਥਾਂ ਨੂੰ 20 ਸੈਕਿੰਡ ਤੱਕ ਚੰਗੀ ਤਰ੍ਹਾਂ ਸਾਬਣ ਨਾਲ ਧੋਣ। ਉਨ੍ਹਾਂ ਲੀਡ ਬੈਂਕ ਜ਼ਿਲਾ ਮੈਨੇਜਰ ਨੂੰ ਵੀ ਨਿਰਦੇਸ਼ ਦਿੱਤੇ ਕਿ ਸਾਰੇ ਬੈਂਕ ਇਹ ਯਕੀਨੀ ਬਣਾਉਣ ਕਿ ਜੇਕਰ ਕੋਈ ਸੀਨੀਅਰ ਸਿਟੀਜਨ ਬੈਂਕਾਂ ਤੋਂ ਬਾਹਰ ਲਾਈਨ ਵਿੱਚ ਖੜ•ਾ ਹੈ, ਤਾਂ ਉਸ ਦੀ ਪਹਿਲ ਦੇ ਆਧਾਰ 'ਤੇ ਬੈਂਕ ਅੰਦਰ ਐਂਟਰੀ ਕਰਵਾਈ ਜਾਵੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰੀ ਹਸਪਤਾਲਾਂ ਵਿੱਚ ਸੀਨੀਅਰ ਸਿਟੀਜਨ ਲਈ ਬਣਾਏ ਗਏ ਵੱਖਰੇ ਕਾਊਂਟਰ ਅਤੇ ਲਾਈਨ ਵਿੱਚ ਉਨਾਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਨਾ ਆਵੇ। ਉਨਾਂ ਹਸਪਤਾਲ ਵਿੱਚ ਸੀਨੀਅਰ ਸਿਟੀਜਨ ਦੀ ਪਹਿਚਾਣ ਲਈ ਰੈਡ ਸਲਿੱਪ ਦੁਬਾਰਾ ਸ਼ੁਰੂ ਕਰਨ ਸਬੰਧੀ ਵੀ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ, ਤਾਂ ਜੋ ਉਨਾਂ ਦਾ ਪਹਿਲ ਦੇ ਆਧਾਰ 'ਤੇ ਮੁਆਇਨਾ ਹੋ ਸਕੇ।

ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਵਿੱਚ ਇਕ ਸੀਨੀਅਰ ਸਿਟੀਜਨ ਨੂੰ ਮੈਂਬਰ ਲਿਆ ਜਾਵੇਗਾ। ਉਨਾਂ ਕਿਹਾ ਕਿ ਬੈਂਕਾਂ ਵਲੋਂ ਬੁਢਾਪਾ ਪੈਨਸ਼ਨ ਖਾਤਾ ਮੁਫ਼ਤ ਖੋਲ•ਣ ਦੀ ਸੁਵਿਧਾ ਦਿੱਤੀ ਗਈ ਹੈ। ਇਸ ਦੌਰਾਨ ਉਨਾਂ ਨੇ ਸੀਨੀਅਰ ਸਿਟੀਜਨ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਤੋਂ ਇਲਾਵਾ ਕਈ ਜ਼ਰੂਰੀ ਸੁਵਿਧਾਵਾਂ ਸਬੰਧੀ ਵੀ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ। ਇਸ ਮੌਕੇ ਡੀ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਮੁਕੇਸ਼ ਗੌਤਮ, ਜ਼ਿਲਾ ਲੀਡ ਬੈਂਕ ਮੈਨੇਜਰ ਸ੍ਰੀ ਆਰ.ਕੇ. ਚੋਪੜਾ, ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਸ੍ਰੀ ਸੁਰਜੀਤ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।


Deepak Kumar

Content Editor

Related News