ਬਰਗਾੜੀ ਦੇ 3 ਪਿੰਡਾਂ ''ਚ ''ਸੀਚੇਵਾਲ ਮਾਡਲ'' ਰਾਹੀਂ ਹੋਵੇਗੀ ਗੰਦੇ ਪਾਣੀ ਦੀ ਨਿਕਾਸੀ

01/20/2019 8:27:06 PM

ਸੁਲਤਾਨਪੁਰ ਲੋਧੀ— ਮਾਲਵੇ ਦੇ ਪਿੰਡ ਬਰਗਾੜੀ ਦੇ ਗੰਦੇ ਪਾਣੀ ਦੀ ਵੱਡੀ ਸਮੱਸਿਆ ਨੂੰ ਹੱਲ 'ਸੀਚੇਵਾਲ ਮਾਡਲ' ਰਾਹੀ ਕੀਤਾ ਜਾਵੇਗਾ। ਬਰਗਾੜੀ ਪਿੰਡ ਦੇ ਪਹਿਲੀ ਵਾਰ ਸਰਪੰਚ ਬਣੇ ਪ੍ਰੀਤਪਾਲ ਸਿੰਘ ਨੇ ਸੀਚੇਵਾਲ ਦਾ ਦੌਰਾ ਕਰਕੇ 'ਸੀਚੇਵਾਲ ਮਾਡਲ' ਦੀਆਂ ਬਾਰੀਕੀਆਂ ਨੂੰ ਸਮਝਿਆ। ਉਨ੍ਹ੍ਹਾਂ ਦੱਸਿਆ ਕਿ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀਆਂ ਦੀ ਨਿਕਾਸੀ ਦੀ ਹੈ। ਪਿੰਡ 'ਚ ਤਿੰਨ ਛੱਪੜ ਹਨ ਤੇ ਇੱਕ ਵੱਡਾ ਛੱਪੜ ਹੈ, ਜਿਹੜਾ ਕਿ ਤਿੰਨ ਏਕੜ 'ਚ ਫੈਲਿਆ ਹੋਇਆ ਹੈ। ਇੱਥੇ ਹੀ ੮੦ ਫੀਸਦੀ ਗੰਦਾ ਪਾਣੀ ਇੱਕਠਾ ਹੁੰਦਾ ਹੈ।

ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਰਗਾੜੀ ਪਿੰਡ 'ਚ ਸੀਚੇਵਾਲ ਮਾਡਲ ਤਹਿਤ ਗੰਦੇ ਪਾਣੀਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਤੇ ਟੈਕਨੀਕਲ ਟੀਮ ਬਰਗਾੜੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਦੀਆਂ ਸੇਵਾਵਾਂ ਦੇਵੇਗੀ ਤੇ ਇਸ ਦਾ ਨਕਸ਼ਾ ਬਣਾ ਕੇ ਪਾਣੀ ਦੀ ਢਾਲਣ ਮੁਤਾਬਿਕ ਇਸ ਨੂੰ ਖੇਤੀ ਦੇ ਯੋਗ ਬਣਾਇਆ ਜਾਵੇਗਾ। ਛੱਪੜ ਦੁਆਲੇ ਬੂਟੇ ਲਗਾ ਕੇ ਇਸ ਨੂੰ ਹਰਿਆ-ਭਰਿਆ ਵੀ ਬਣਾਇਆ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਮਾਡਲ ਨਾਲ ਪੰਜਾਬ ਦੇ ਪਿੰਡਾਂ ਦੀ ਕਾਇਆ ਕਲਪ ਹੋ ਸਕਦੀ ਹੈ।

ਇਸ ਮੌਕੇ ਬਰਗਾੜੀ ਦੇ ਹੀ ਰਹਿਣ ਵਾਲੇ ਆਈ. ਜੀ ਜਤਿੰਦਰ ਸਿੰਘ ਔਲਖ ਨੇ ਵੀ ਸੰਤ ਸੀਚੇਵਾਲ ਨਾਲ ਗੰਦੇ ਪਾਣੀਆਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ । ਸਰਪੰਚ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਬਰਗਾੜੀ ਦੀਆਂ ਤਿੰਨ ਪੰਚਾਇਤਾਂ ਹਨ । ਇੱਥੇ ਤਿੰਨ ਛੱਪੜ ਹਨ, ਜਿਹੜੇ ਮੀਂਹ ਪੈਣ 'ਤੇ ਉਛੱਲ ਕੇ ਬਾਹਰ ਆ ਜਾਂਦੇ ਹਨ । ਸੀਚੇਵਾਲ ਮਾਡਲ ਦੀ ਉਨ੍ਹਾਂ ਨੇ ਕਾਫ਼ੀ ਚਰਚਾ ਸੁਣੀ ਸੀ ਤੇ ਇਸ ਕਾਮਯਾਬ ਮਾਡਲ ਨੂੰ ਵੱਡੀ ਅਬਾਦੀ ਵਾਲੇ ਪਿੰਡਾਂ 'ਚ ਗੰਦੇ ਪਾਣੀਆਂ ਦੇ ਨਿਕਾਸ ਦੀ ਸਮੱਸਿਆ ਬਣੀ ਰਹਿੰਦੀ ਹੈ। ਸਰਪੰਚ ਬਣ ਕੇ ਪਿੰਡ ਦੀ ਇਸ ਮੁੱਖ ਸਮੱਸਿਆ ਨੂੰ ਹੱਲ ਕਰਨ ਨੂੰ ਪਹਿਲ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਦੋ ਹੋਰ ਪੰਚਾਇਤਾਂ ਵੀ ਬਣੀਆਂ ਹੋਈਆਂ ਹਨ, ਜਿੰਨ੍ਹਾਂ 'ਚ ਜਸਵੰਤ ਸਿੰਘ ਤੇ ਰਾਜਵਿੰਦਰ ਕੌਰ ਵੀ ਸ਼ਾਮਲ ਹਨ।