ਟੋਲ ਪਲਾਜ਼ਾ ਦੇ ਸੁਰੱਖਿਆ ਮੁਲਾਜ਼ਮ ''ਤੇ ਕੀਤੀ ਫਾਇਰਿੰਗ, ਮੁਲਜ਼ਮ ਕਾਬੂ

07/02/2020 11:14:14 AM

ਕਪੂਰਥਲਾ (ਭੂਸ਼ਣ)— ਬੀਤੇ ਦਿਨੀਂ ਅੰਮ੍ਰਿਤਸਰ-ਕਰਤਾਰਪੁਰ ਰਾਸ਼ਟਰੀ ਰਾਜ ਮਾਰਗ 'ਤੇ ਇਕ ਕਾਰ ਨੂੰ ਟੋਲ ਪਲਾਜ਼ਾ 'ਤੇ ਜਦੋਂ ਟੋਲ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸੁਰੱਖਿਆ ਮੁਲਾਜ਼ਮ 'ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਜਿੱਥੇ ਸੁਰੱਖਿਆ ਮੁਲਾਜ਼ਮ ਵਾਲ-ਵਾਲ ਬੱਚ ਗਿਆ, ਉੱਥੇ ਹੀ ਢਿੱਲਵਾਂ ਪੁਲਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਕੁਲਦੀਪ ਚੰਦ ਨੇ ਥਾਣਾ ਢਿੱਲਵਾਂ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਜਲੰਧਰ-ਅੰਮ੍ਰਿਤਸਰ ਰਾਜ ਮਾਰਗ 'ਤੇ ਚੱਲ ਰਹੇ ਟੋਲ ਪਲਾਜ਼ਾ ਜਲੰਧਰ-ਅੰਮ੍ਰਿਤਸਰ ਵੋਟੇਜ ਲਿਮਟਿਡ 'ਚ ਕੰਮ ਕਰਦਾ ਹੈ। ਬੀਤੇ ਦਿਨ ਕਾਰ ਨੰਬਰ ਪੀ. ਬੀ-08-ਡੀ. ਜ਼ੈੱਡ-4009 'ਤੇ ਇਕ ਵਿਅਕਤੀ ਤੇਜ਼ੀ ਨਾਲ ਆਇਆ ਅਤੇ ਉਸ ਨੇ ਵੀ. ਆਈ. ਪੀ. ਨੰਬਰ 2 'ਚ ਗੱਡੀ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਜਦੋਂ ਵੀ. ਆਈ. ਪੀ. ਰਸਤੇ 'ਤੇ ਸੁਰੱਖਿਆ ਮੁਲਾਜ਼ਮ ਨੇ ਗੱਡੀ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਸੁਰੱਖਿਆ ਮੁਲਾਜ਼ਮ ਨਾਲ ਝਗੜਾ ਕਰਨ ਦੇ ਨਾਲ-ਨਾਲ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ 'ਚ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜਿਸ ਦੌਰਾਨ ਸੁਰੱਖਿਆ ਮੁਲਾਜ਼ਮ ਵਾਲ-ਵਾਲ ਬੱਚ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਭੁਲੱਥ ਜਤਿੰਦਰਜੀਤ ਸਿੰਘ ਅਤੇ ਥਾਣਾ ਢਿਲਵਾਂ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਕਾਰ ਦਾ ਪਿੱਛਾ ਕਰ ਕੇ ਮੁਲਜ਼ਮ ਕਾਰ ਚਾਲਕ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਸ਼ੰਮੀ ਕੁਮਾਰ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਦਿਓਲ ਨਗਰ ਥਾਣਾ ਭਾਰਗੋ ਕੈਂਪ ਜਲੰਧਰ ਦੱਸਿਆ। ਮੁਲਜ਼ਮ ਤੋਂ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।


shivani attri

Content Editor

Related News