ਐੱਸ. ਡੀ. ਐਮ . ਭੁਲੱਥ ਵਲੋਂ ਬਿਆਸ ਦਰਿਆ ਦੇ ਮੰਡ ਖੇਤਰ ਦਾ ਦੌਰਾ

08/18/2019 10:41:33 PM

ਭੁਲੱਥ (ਰਜਿੰਦਰ)— ਭਾਰੀ ਬਾਰਿਸ਼ ਕਾਰਨ ਬਿਆਸ ਦਰਿਆ 'ਚ ਹੜ੍ਹ ਵਰਗੀ ਸਥਿਤੀ ਨਾਲ ਨਿਪਟਣ ਲਈ ਸਬ ਡਵੀਜ਼ਨ ਭੁਲੱਥ ਦੇ ਐੱਸ. ਡੀ ਐੱਮ. ਸਕੱਤਰ ਸਿੰਘ ਬੱਲ ਨੇ ਐਤਵਾਰ ਸਬ ਡਵੀਜ਼ਨ 'ਚ ਪੈਂਦੇ ਬਿਆਸ ਦਰਿਆ ਦੇ ਮੰਡ ਖੇਤਰ ਦਾ ਦੌਰਾ ਕੀਤਾ । ਇਸ ਮੌਕੇ ਤਹਿਸੀਲਦਾਰ ਭੁਲੱਥ ਲਖਵਿੰਦਰ ਸਿੰਘ, ਐੱਸ. ਐੱਚ. ਓ. ਬੇਗੋਵਾਲ ਸੁਖਦੇਵ ਸਿੰਘ ਤੇ ਡਰੇਨਜ਼ ਵਿਭਾਗ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਅੱਜ ਦੇ ਦੌਰੇ ਦੌਰਾਨ ਐੱਸ. ਡੀ. ਐਮ. ਭੁਲੱਥ ਨੇ ਸਰਕਾਰੀ ਅਮਲੇ ਸਮੇਤ ਮੰਡ ਰਾਏਪੁਰ ਅਰਾਈਆ, ਮੰਡ ਹਬੀਬਵਾਲ, ਮੰਡ ਤਲਵੰਡੀ ਕੂਕਾ ਤੇ ਨੰਗਲ ਲੁਬਾਣਾ ਦੇ ਮੰਡ ਖੇਤਰ ਦਾ ਦੌਰਾ ਕੀਤਾ । ਇਸੇ ਦੌਰਾਨ ਐੱਸ. ਡੀ. ਐਮ. ਭੁਲੱਥ ਨੇ ਨੰਗਲ ਲੁਬਾਣਾ ਨੇੜੇ ਭਾਰੀ ਬਾਰਿਸ਼ ਨਾਲ ਇਕ ਪਾਸੇ ਤੋਂ ਨੁਕਸਾਨੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ ਤੇ ਮੌਕੇ 'ਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਧੁੱਸੀ ਬੰਨ੍ਹ ਦੀ ਜਲਦ ਤੋਂ ਜਲਦ ਰਿਪੇਅਰ ਕਰਵਾਈ ਜਾਵੇ । ਇਸ ਮੌਕੇ ਗੱਲਬਾਤ ਕਰਦਿਆ ਐੱਸ. ਡੀ. ਐਮ. ਬੱਲ ਨੇ ਦੱਸਿਆ ਕਿ ਮੰਡ ਰਾਏਪੁਰ ਅਰਾਈਆ ਸਬ ਡਵੀਜ਼ਨ ਭੁਲੱਥ ਦਾ ਅਖੀਰਲਾ ਪਿੰਡ ਹੈ, ਜਿੱਥੋ ਦੇ ਮੰਡ ਖੇਤਰ 'ਚ ਪਾਣੀ ਦੀ ਸਥਿਤੀ ਠੀਕ ਹੈ ਪਰ ਇਸ ਇਲਾਕੇ ਵਿਚ ਪੈਂਦੇ 150 ਤੋਂ 200 ਏਕੜ ਦੇ ਖੇਤੀਬਾੜੀ ਰਕਬੇ 'ਚ ਡੇਢ ਤੋਂ ਦੋ ਫੁੱਟ ਤੱਕ ਪਾਣੀ ਖੜਾ ਹੈ ਤੇ ਇਹ ਸਾਰੇ ਖੇਤ ਸ਼ੇਰੋ ਬਾਗਾ, ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ 'ਚ ਪੈਂਦੇ ਹਨ । ਦੂਜੇ ਪਾਸੇ ਇਸ ਤੋਂ ਇਲਾਵਾ ਦੇਰ ਸ਼ਾਮ ਸਬ ਡਵੀਜ਼ਨ ਕੰਪਲੈਕਸ ਭੁਲੱਥ ਵਿਖੇ ਐਸ. ਡੀ. ਐਮ. ਭੁਲੱਥ ਸਕੱਤਰ ਸਿੰਘ ਬੱਲ ਨੇ ਹੜ੍ਹ ਪ੍ਰਬੰਧਾਂ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ । ਇਸ ਮੌਕੇ ਤਹਿਸੀਲਦਾਰ ਭੁਲੱਥ ਲਖਵਿੰਦਰ ਸਿੰਘ, ਐੱਸ.ਐੱਮ.ਓ. ਭੁਲੱਥ ਡਾ. ਦੇਸ ਰਾਜ ਭਾਰਤੀ, ਬਲਾਕ ਖੇਤੀਬਾੜੀ ਅਫਸਰ ਡਾ. ਜਸਵੰਤ ਰਾਏ, ਵੈਟਰਨਰੀ ਅਫਸਰ ਡਾ. ਮਨਪ੍ਰੀਤ ਸਿੰਘ, ਫੂਡ ਸਪਲਾਈ ਇੰਸਪੈਕਟਰ ਗੁਰਕ੍ਰਿਪਾਲ ਸਿੰਘ, ਨਗਰ ਪੰਚਾਇਤ ਭੁਲੱਥ ਦੇ ਇੰਸਪੈਕਟਰ ਦਿਲਬਾਗ ਸਿੰਘ, ਪਬਲਿਕ ਹੈਲਥ ਦੇ ਜੇ.ਈ. ਮੋਨਾਰੀ ਕੰਡਾ ਤੇ ਫਿਟਰ ਦਿਲਜੀਤ ਸਿੰਘ ਆਦਿ ਹਾਜ਼ਰ ਸਨ। 

KamalJeet Singh

This news is Content Editor KamalJeet Singh