ਸਟੇਟ GST ਦੇ ‘ਰਾਡਾਰ’ ’ਤੇ ਸਕ੍ਰੈਪ ਦਾ ਕਾਰੋਬਾਰ: ਛੋਟੀਆਂ ਇਕਾਈਆਂ ਜ਼ਰੀਏ ਵੱਡੀਆਂ ‘ਮੱਛੀਆਂ’ ’ਤੇ ਪਵੇਗਾ ਹੱਥ

08/28/2023 12:30:12 PM

ਜਲੰਧਰ (ਪੁਨੀਤ)-ਸਟੇਟ ਜੀ. ਐੱਸ. ਟੀ. ਮਹਿਕਮੇ ਨੇ ਸਕਰੈਪ ਦੇ ਕਾਰੋਬਾਰ ’ਤੇ ਆਪਣੀ ਨਜ਼ਰ ਟਿਕਾਈ ਹੋਈ ਹੈ, ਜਿਸ ਕਾਰਨ ਪੰਜਾਬ ਭਰ ’ਚ ਛਾਪੇਮਾਰੀ ਚੱਲ ਰਹੀ ਹੈ ਅਤੇ ਕਈ ਛੋਟੀਆਂ-ਵੱਡੀਆਂ ਇਕਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਵਾਈ ਜ਼ਰੀਏ ਵਿਭਾਗ ਵੱਡੀਆਂ ‘ਮੱਛੀਆਂ’ ’ਤੇ ਹੱਥ ਪਾਉਣ ਦੀ ‘ਤਿਆਰੀ’ ਕਰ ਰਿਹਾ ਹੈ। ਵੱਡੀ ਕਾਰਵਾਈ ਕਰਨ ਤੋਂ ਪਹਿਲਾਂ ਠੋਸ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਇਸੇ ਕਾਰਨ ਪਿਛਲੇ ਦਿਨੀਂ ਮੰਡੀ ਗੋਬਿੰਦਗੜ੍ਹ ਨੂੰ ਜਾਣ ਵਾਲੇ ਟਰੱਕਾਂ ਨੂੰ ਫੜਿਆ ਜਾ ਚੁੱਕਾ ਹੈ। ਜਾਅਲੀ ਬਿਲਿੰਗ ਦੇ ਖ਼ਦਸ਼ੇ ਦੇ ਮੱਦੇਨਜ਼ਰ ਵਿਭਾਗ ਵੱਲੋਂ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਮੋਬਾਈਲ ਵਿੰਗ ਵੱਲੋਂ ਹਾਈਵੇਅ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਕਰੈਪ ਦੀਆਂ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਟਰੱਕਾਂ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਵਿਭਾਗ ਵੱਲੋਂ ਜਲੰਧਰ ਸਮੇਤ ਕਈ ਛੋਟੇ-ਵੱਡੇ ਸ਼ਹਿਰਾਂ ’ਚ ਵੱਖ-ਵੱਖ ਯੂਨਿਟਾਂ ’ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ।

ਵਿਭਾਗ ਵੱਡੀਆਂ ਮੱਛੀਆਂ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨਾਲ ਜੁੜੀਆਂ ਛੋਟੀਆਂ ਇਕਾਈਆਂ ਦੇ ਕਾਗਜ਼ਾਂ ਦੀ ਜਾਂਚ ਕਰ ਰਿਹਾ ਹੈ ਅਤੇ ਵਿਸ਼ੇਸ਼ ਤੌਰ ’ਤੇ ਸਕਰੈਪ ਨਾਲ ਸੰਬੰਧਤ ਬਿੱਲਾਂ ’ਤੇ ਫੋਕਸ ਕੀਤਾ ਜਾ ਰਿਹਾ ਹੈ। ਵਿਭਾਗ ਦੀ ਇਸ ਕਾਰਵਾਈ ਕਾਰਨ ਛੋਟੀਆਂ ਇਕਾਈਆਂ ਚਲਾਉਣ ਵਾਲਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗੀ ਪੇਸ਼ੀ ਅਤੇ ਕਈ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਮੰਗ ਕਾਰਨ ਛੋਟੇ ਉਦਯੋਗ ਚਲਾਉਣ ਵਾਲਿਆਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਪੂਰੀ ਕਾਰਵਾਈ ਵੱਡੀਆਂ ਮੱਛੀਆਂ ’ਤੇ ਹੱਥ ਪਾਉਣ ਦੀ ਤਿਆਰੀ ਦਾ ਹਿੱਸਾ ਹੈ ਅਤੇ ਇਸੇ ਕ੍ਰਮ ਵਿਚ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਇਕਾਈਆਂ ’ਤੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ ਵਿਭਾਗ ਦੀ ਇਸ ਕਾਰਵਾਈ ਕਾਰਨ ਸਹੀ ਢੰਗ ਨਾਲ ਕਾਰੋਬਾਰ ਕਰ ਰਹੀਆਂ ਕਈ ਇਕਾਈਆਂ ਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਛਾਪੇ ਇਸੇ ਤਰ੍ਹਾਂ ਜਾਰੀ ਰਹੇ ਤਾਂ ਉਦਯੋਗਪਤੀਆਂ ਦਾ ਗੁੱਸਾ ਫੁੱਟ ਸਕਦਾ ਹੈ। ਹਾਲਾਂਕਿ ਵਿਭਾਗੀ ਅਧਿਕਾਰੀਆਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਸਹੀ ਢੰਗ ਨਾਲ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਰਹੀ ਹੈ, ਉਸ ਨਾਲ ਉਦਯੋਗਪਤੀਆਂ ਦਾ ਪ੍ਰੇਸ਼ਾਨ ਹੋਣਾ ਤੈਅ ਹੈ।

ਇਹ ਵੀ ਪੜ੍ਹੋ- ਗਾਣਾ ਸ਼ੂਟ ਕਰਨ ਬਹਾਨੇ ਕੁੜੀ ਨੂੰ ਸੱਦਿਆ ਜਲੰਧਰ, ਅਸ਼ਲੀਲ ਵੀਡੀਓ ਬਣਾ ਕਰ ਦਿੱਤਾ ਵੱਡਾ ਕਾਂਡ

ਵਿਭਾਗੀ ਕਾਰਵਾਈ ਖਿਲਾਫ ਹੋ ਚੁੱਕੇ ਹਨ ਧਰਨੇ-ਪ੍ਰਦਰਸ਼ਨ
ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਕਾਰਨ ਪਿਛਲੇ ਦਿਨੀਂ ਉਦਯੋਗਪਤੀਆਂ ਦਾ ਗੁੱਸਾ ਫੁੱਟ ਪਿਆ ਸੀ। ਇਸੇ ਲੜੀ ਤਹਿਤ ਸਪੋਰਟਸ ਮਾਰਕੀਟ ਵਿਚ ਵਿਭਾਗ ਖ਼ਿਲਾਫ਼ ਧਰਨਾ-ਪ੍ਰਦਰਸ਼ਨ ਵੀ ਹੋ ਚੁੱਕਾ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਵਿਭਾਗ ਵੱਲੋਂ ਉਨ੍ਹਾਂ ਦੀਆਂ ਇਕਾਈਆਂ ਵਿਚ ਛਾਪੇਮਾਰੀ ਨਹੀਂ ਕੀਤੀ ਜਾਵੇਗੀ ਅਤੇ ਜੋ ਵੀ ਜਾਂਚ ਕਰਨੀ ਹੋਵੇਗੀ, ਉਸ ਦੇ ਲਈ ਉਦਯੋਗਪਤੀਆਂ ਨੂੰ ਨੋਟਿਸ ਜਾਰੀ ਕਰ ਕੇ ਬੁਲਾਇਆ ਜਾਵੇਗਾ ਪਰ ਇਸ ਦੇ ਉਲਟ ਛਾਪੇਮਾਰੀ ਕਰ ਕੇ ਉਦਯੋਗਪਤੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਮਹਾਨਗਰ ’ਚ ਫੜਿਆ ਸੀ 48 ਕਰੋੜ ਦੀ ਬੋਗਸ ਬਿਲਿੰਗ ਦਾ ਸਕੈਂਡਲ
ਵਿਭਾਗ ਵੱਲੋਂ ਮਹਾਨਗਰ ਜਲੰਧਰ ਵਿਚ 48 ਕਰੋੜ ਰੁਪਏ ਦੀ ਬੋਗਸ ਬਿਲਿੰਗ ਦੇ ਵੱਡੇ ਸਕੈਂਡਲ ਦਾ ਪਰਦਾਫਾਸ਼ ਕੀਤਾ ਜਾ ਚੁੱਕਾ ਹੈ। ਇਸ ’ਚ ਪਲਾਸਟਿਕ ਅਤੇ ਲੋਹੇ ਦੀ ਸਕਰੈਪ ਦਾ ਕਾਰੋਬਾਰ ਦਿਖਾਇਆ ਜਾ ਰਿਹਾ ਸੀ, ਜਦਕਿ ਇਸ ਦੀ ਖਰੀਦੋ-ਫਰੋਖਤ ਸਿਰਫ ਕਾਗਜ਼ਾਂ ਵਿਚ ਹੀ ਹੋ ਰਹੀ ਸੀ। ਇਸ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਕਤ ਲੋਕਾਂ ’ਤੇ ਦੋਸ਼ ਹਨ ਕਿ ਉਹ ਆਈ. ਟੀ. ਸੀ. (ਇਨਪੁੱਟ ਟੈਕਸ ਕ੍ਰੈਡਿਟ) ਲਈ ਹੇਰਾਫੇਰੀ ਕਰ ਕੇ ਵਿਭਾਗ ਨੂੰ ਵੱਡੇ ਪੱਧਰ ’ਤੇ ਚੂਨਾ ਲਾ ਰਹੇ ਸਨ।
ਬੈਂਕਾਂ ਵਿਚ ਐਂਟਰੀ ਦਿਖਾਉਣ ਲਈ ਜੋ ਪੈਸੇ ਜਮ੍ਹਾ ਕਰਵਾਏ ਜਾਂਦੇ ਸਨ, ਉਹ ਤੁਰੰਤ ਪ੍ਰਭਾਵ ਨਾਲ ਕਢਵਾ ਲਏ ਜਾਂਦੇ ਸਨ, ਜਿਸ ਦੇ ਆਧਾਰ ’ਤੇ ਵਿਭਾਗ ਨੇ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਅਤੇ ਇਸ ਦੀ ਤਹਿ ਤੱਕ ਜਾਂਦੇ ਹੋਏ ਮਾਮਲੇ ਦਾ ਪਰਦਾਫਾਸ਼ ਕੀਤਾ ਸੀ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ 48 ਕਰੋੜ ਰੁਪਏ ਦੀ ਬੋਗਸ ਬਿਲਿੰਗ ਦਾ ਮਾਮਲਾ ਫੜਿਆ ਜਾ ਚੁੱਕਾ ਹੈ ਪਰ ਅਜੇ ਵੀ ਬੋਗਸ ਬਿਲਿੰਗ ਕਰਨ ਵਾਲਾ ਗਿਰੋਹ ਸਰਗਰਮ ਹੈ, ਜਿਸ ਕਾਰਨ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੁੜੀ ਦੇ ਪਿਆਰ 'ਚ ਪਾਗਲ ਹੋਇਆ ਨੌਜਵਾਨ ਟੈਂਕੀ 'ਤੇ ਚੜ੍ਹਿਆ, ਦਿੱਤੀ ਛਾਲ ਮਾਰਨ ਦੀ ਧਮਕੀ, ਪੁਲਸ ਨੂੰ ਪਾਈਆਂ ਭਾਜੜਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri