ਚੰਡੀਗੜ੍ਹ ਬੈਠੇ ਅਧਿਕਾਰੀਆਂ ’ਤੇ ਵੀ ਡਿੱਗ ਸਕਦੀ ਹੈ ਜਲੰਧਰ ਸਮਾਰਟ ਸਿਟੀ ’ਚ ਹੋਏ ਕਰੋੜਾਂ ਦੇ ਘਪਲੇ ਦੀ ਗਾਜ

07/25/2022 5:58:59 PM

ਜਲੰਧਰ (ਖੁਰਾਣਾ)- ਜਲੰਧਰ ਸਮਾਰਟ ਸਿਟੀ ਕੰਪਨੀ ਹੁਣ ਤੱਕ ਸ਼ਹਿਰ ਨੂੰ ਸਮਾਰਟ ਕਰਨ ਦੇ ਨਾਂ ’ਤੇ ਇਕ ਹਜ਼ਾਰ ਕਰੋੜ ਤੋਂ ਵੱਧ ਦੇ ਪ੍ਰਾਜੈਕਟ ਸ਼ੁਰੂ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ ਕੁਝ ਤਾਂ ਪੂਰੇ ਵੀ ਕੀਤੇ ਜਾ ਚੁੱਕੇ ਹਨ ਅਤੇ ਠੇਕੇਦਾਰਾਂ ਨੂੰ ਕਰੋੜਾਂ-ਅਰਬਾਂ ਰੁਪਏ ਦੀ ਅਦਾਇਗੀ ਤੱਕ ਹੋ ਚੁੱਕੀ ਹੈ ਪਰ ਪਿਛਲੇ ਲਗਭਗ 2 ਸਾਲਾਂ ਤੋਂ ਜਲੰਧਰ ਸਮਾਰਟ ਸਿਟੀ ਦੇ ਲਗਭਗ ਹਰ ਪ੍ਰਾਜੈਕਟ ’ਚ ਕਮੀਸ਼ਨਖੋਰੀ, ਭ੍ਰਿਸ਼ਟਾਚਾਰ ਅਤੇ ਘੋਰ ਲਾਪ੍ਰਵਾਹੀ ਦੇ ਦੋਸ਼ ਲੱਗ ਰਹੇ ਹਨ। ਪਿਛਲੇ ਦਿਨੀਂ ਕੇਂਦਰ ਸਰਕਾਰ ’ਚ ਕੈਬਨਿਟ ਮੰਤਰੀ ਸਾਧਵੀ ਨਿਰੰਜਣ ਜੋਤੀ ਨੇ ਸ਼ਹਿਰ ਦਾ ਦੌਰਾ ਕਰਕੇ ਜਲੰਧਰ ਸਮਾਰਟ ਸਿਟੀ ’ਚ ਹੋਏ ਘਪਲਿਆਂ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਵਿਸ਼ੇਸ਼ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਮਾਰਟ ਸਿਟੀ ’ਚ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਈਆਂ ਗੜਬੜੀਆਂ ਦੀ ਜਾਂਚ ਦੇ ਹੁਕਮ ਦੇ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜਲੰਧਰ ਸਮਾਰਟ ਸਿਟੀ ਦੇ ਸਾਬਕਾ ਸੀ. ਈ. ਓ. ਅਤੇ ਹੋਰ ਛੋਟੇ-ਵੱਡੇ ਅਧਿਕਾਰੀ ਜਿੱਥੇ ਜਾਂਚ ਦੇ ਘੇਰੇ ’ਚ ਆਉਣਗੇ, ਉਥੇ ਹੀ ਚੰਡੀਗੜ੍ਹ ਬੈਠੇ ਅਧਿਕਾਰੀਆਂ ’ਤੇ ਵੀ ਘਪਲਿਆਂ ਦੀ ਗਾਜ ਡਿੱਗ ਸਕਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ’ਚ ਸਮਾਰਟ ਸਿਟੀ ਮਿਸ਼ਨ ਦੀ ਦੇਖ-ਰੇਖ ਦਾ ਜ਼ਿੰਮਾ ਪੰਜਾਬ ਮਿਊਂਸੀਪਲ ਇਨਫਰਾਸਟਰੱਕਚਰ ਡਿਵੈੱਲਪਮੈਂਟ ਕੰਪਨੀ (ਪੀ. ਐੱਮ. ਆਈ. ਡੀ. ਸੀ.) ਦੇ ਜ਼ਿੰਮੇ ਹੈ। ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀਆਂ ਨੇ ਜਲੰਧਰ ਸਮਾਰਟ ਸਿਟੀ ਦੇ ਪ੍ਰਾਜੈਕਟ ਦੀ ਹਰ ਫਾਈਲ ਨੂੰ ਕਲੀਅਰੈਂਸ ਦਿੱਤੀ ਅਤੇ ਵਿੱਤੀ ਰੂਪ ਨਾਲ ਵੀ ਸਮਾਰਟ ਸਿਟੀ ਦੇ ਕੰਮਾਂ ’ਤੇ ਪੂਰੀ ਨਜ਼ਰ ਰੱਖੀ। ਇਸ ਦੇ ਬਾਵਜੂਦ ਜਲੰਧਰ ’ਚ ਸਮਾਰਟ ਸਿਟੀ ਦੇ ਨਾਂ ’ਤੇ ਖੁੱਲ੍ਹ ਕੇ ਪੈਸਾ ਵਹਾਇਆ ਗਿਆ ਅਤੇ ਕਈ ਅਜਿਹੇ ਪ੍ਰਾਜੈਕਟ ਰਹੇ, ਜਿਥੇ ਖੁੱਲ੍ਹ ਕੇ ਘਟੀਆ ਕੰਮ ਹੋਏ। ਹੁਣ ਦੇਖਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਕਦੋਂ ਸਮਾਰਟ ਸਿਟੀ ਮਿਸ਼ਨ ਤਹਿਤ ਹੋਏ ਅਰਬਾਂ ਰੁਪਏ ਦੇ ਕੰਮਾਂ ਦੀ ਜਾਂਚ ਦੇ ਹੁਕਮ ਦਿੰਦੀਆਂ ਹਨ।

ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

ਚੰਡੀਗੜ੍ਹ ਬੈਠੇ ਅਫਸਰਾਂ ਨੇ ਥਰਡ ਪਾਰਟੀ ਦੀ ਰਿਪੋਰਟ ’ਤੇ ਐਕਸ਼ਨ ਕਿਉਂ ਨਹੀਂ ਲਿਆ
ਕਾਂਗਰਸ ਦੀ ਸਰਕਾਰ ਦੌਰਾਨ ਕਾਂਗਰਸ ਦੇ ਹੀ ਵਿਧਾਇਕ, ਮੇਅਰ ਅਤੇ ਲਗਭਗ ਸਾਰੇ ਕੌਂਸਲਰ ਦੋ ਸਾਲ ਰੌਲਾ ਪਾਉਂਦੇ ਰਹੇ ਕਿ ਜਲੰਧਰ ਸਮਾਰਟ ਸਿਟੀ ’ਚ ਵੱਡੇ ਪੱਧਰ ’ਤੇ ਗੜਬੜੀ ਹੋ ਰਹੀ ਹੈ ਪਰ ਚੰਡੀਗੜ੍ਹ ਬੈਠੇ ਕਿਸੇ ਅਧਿਕਾਰੀ ਨੇ ਇਸ ਦੀ ਜਾਂਚ ਦੇ ਹੁਕਮ ਨਹੀਂ ਦਿੱਤੇ ਅਤੇ ਹਰ ਸ਼ਿਕਾਇਤ ਨੂੰ ਸਫਾਈ ਨਾਲ ਦਬਾ ਦਿੱਤਾ ਗਿਆ। ਖ਼ਾਸ ਗੱਲ ਇਹ ਹੈ ਕਿ ਸਮਾਰਟ ਸਿਟੀ ਦੇ ਕੰਮਾਂ ਦੀ ਜਾਂਚ ਲਈ ਥਰਡ ਪਾਰਟੀ ਏਜੰਸੀ ਸ਼੍ਰੀਖੰਡੇ ਕੰਸਲਟੈਂਸੀ ਨੂੰ ਲੱਖਾਂ ਰੁਪਏ ਦੇ ਕੇ ਜਾਂਚ ਵੀ ਕਰਵਾਈ ਗਈ। ਉਸ ਕੰਪਨੀ ਨੇ ਸਮਾਰਟ ਸਿਟੀ ਜਲੰਧਰ ਦੇ ਵੱਖ-ਵੱਖ ਪ੍ਰਾਜੈਕਟਾਂ ’ਚ ਕਮੀਆਂ ਬਾਰੇ ਆਪਣੀ ਰਿਪੋਰਟ ਚੰਡੀਗੜ੍ਹ ਬੈਠੇ ਅਫਸਰਾਂ ਨੂੰ ਸੌਂਪੀ। ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ’ਚ ਠੇਕੇਦਾਰਾਂ ਨੂੰ ਜ਼ਿਆਦਾ ਪੇਮੈਂਟ ਕਰਨ, ਜੀ. ਐੱਸ. ਟੀ. ਦਾ ਵੱਧ ਭੁਗਤਾਨ ਕਰਨ ਅਤੇ ਕਾਂਟਰੈਕਟ ਦੇ ਉਲਟ ਜਾ ਕੇ ਕਈ ਕੰਮ ਕਰਨ ਬਾਰੇ ਜੋ ਰਿਪੋਰਟ ਦਿੱਤੀ ਗਈ, ਉਸ ’ਤੇ ਵੀ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ। ਜਾਂਚ ਦੌਰਾਨ ਅਜਿਹੇ ਅਫਸਰਾਂ ਕੋਲੋਂ ਪੁੱਛਗਿੱਛ ਤਕ ਹੋ ਸਕਦੀ ਹੈ।

ਕੀ ਲਖਵਿੰਦਰ ਨੂੰ ਕੱਢ ਦੇਣ ਨਾਲ ਦਬ ਜਾਵੇਗਾ ਐੱਲ. ਈ. ਡੀ. ਸਕੈਂਡਲ
ਪਿਛਲੇ ਦਿਨੀਂ ਸਮਾਰਟ ਸਿਟੀ ਦੇ ਪ੍ਰਤੀਨਿਧੀਆਂ ਨੇ ਖਬਰ ਫੈਲਾਈ ਸੀ ਕਿ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ’ਚ ਕਮੀਆਂ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਸਮਾਰਟ ਸਿਟੀ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਪਰ ਹੁਣ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਨੌਕਰੀ ਤੋਂ ਟਰਮੀਨੇਟ ਹੀ ਕਰ ਦਿੱਤਾ ਗਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਜਲੰਧਰ ਨਿਗਮ ਦਾ ਕੌਂਸਲਰ ਹਾਊਸ ਐੱਲ. ਈ. ਡੀ. ਪ੍ਰਾਜੈਕਟ ’ਚ ਕਮੀਆਂ ਕਾਰਨ ਜਵਾਬਦੇਹੀ ਚਾਹੁੰਦਾ ਹੈ ਤਾਂ ਕਿਹੜਾ ਅਧਿਕਾਰੀ ਇਸ ਪ੍ਰਾਜੈਕਟ ਬਾਰੇ ਜਵਾਬ ਦੇਵੇਗਾ ਕਿਉਂਕਿ ਲਖਵਿੰਦਰ ਸਿੰਘ ਨੂੰ ਨੌਕਰੀ ਤੋਂ ਕੱਢ ਦੇਣ ਦੇ ਨਾਲ-ਨਾਲ ਨਿਗਮ ਵੱਲੋਂ ਨੋਡਲ ਅਫਸਰ ਐਕਸੀਅਨ ਜੌਹਲ ਦਾ ਤਬਾਦਲਾ ਲੁਧਿਆਣਾ ਕਰ ਦਿੱਤਾ ਗਿਆ ਹੈ। ਅਜਿਹੇ ’ਚ ਦੇਖਣਾ ਹੋਵੇਗਾ ਕਿ ਕੀ ਆਉਣ ਵਾਲੇ ਸਮੇਂ ’ਚ ਇਨ੍ਹਾਂ ਗੜਬੜੀਆਂ ਲਈ ਲਖਵਿੰਦਰ ਅਤੇ ਜੌਹਲ ਆਦਿ ’ਤੇ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ ਜਾਂ ਨਹੀਂ।

PunjabKesari

ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ 16 ਸਾਲਾ ਮੁੰਡੇ ਦੀ ਮੌਤ, ਖੰਭੇ ਨੇੜਿਓਂ ਮਿਲੀ ਲਾਸ਼, ਹੱਥ-ਪੈਰ ਹੋ ਚੁੱਕੇ ਸਨ ਨੀਲੇ

ਹੁਣ ਗੜਬੜੀਆਂ ਦੇ ਜਵਾਬ ਦੇਣ ਦੀ ਜ਼ਿੰਮੇਵਾਰੀ ਕੁਲਵਿੰਦਰ ਸਿੰਘ ’ਤੇ
ਜਲੰਧਰ ਸਮਾਰਟ ਸਿਟੀ ’ਚ ਪਿਛਲੇ 2 ਸਾਲ ਸੀ. ਈ. ਓ. ਰਹੇ ਕਰਨੇਸ਼ ਸ਼ਰਮਾ ਹੁਣ ਚੰਡੀਗੜ੍ਹ ’ਚ ਡਾਇਰੈਕਟਰ ਅਹੁਦੇ ’ਤੇ ਜਾ ਬੈਠੇ ਹਨ ਅਤੇ ਲਖਵਿੰਦਰ ਸਿੰਘ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ।
ਅਜਿਹੇ ’ਚ ਸਮਾਰਟ ਸਿਟੀ ਦੇ ਟੀਮ ਲੀਡਰ ਕੁਲਵਿੰਦਰ ਸਿੰਘ ਹੀ ਅਜਿਹੇ ਅਧਿਕਾਰੀ ਬਚੇ ਹਨ, ਜਿਹੜੇ ਆਉਣ ਵਾਲੇ ਸਮੇਂ ’ਚ ਸਮਾਰਟ ਸਿਟੀ ਦੇ ਵੱਖ-ਵੱਖ ਪ੍ਰਾਜੈਕਟਾਂ ’ਚ ਗੜਬੜੀਆਂ ਦੇ ਜਵਾਬ ਦੇਣਗੇ। ਉਨ੍ਹਾਂ ਨੂੰ ਕੌਂਸਲਰ ਹਾਊਸ ’ਚ ਤਲਬ ਕਰ ਕੇ ਵੀ ਜਵਾਬਦੇਹੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਹੀ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਦੀ ਦੇਖ-ਰੇਖ ’ਚ ਪਿਛਲੇ 2 ਸਾਲਾਂ ਦੌਰਾਨ ਸਮਾਰਟ ਸਿਟੀ ਦੇ ਕਰੋੜਾਂ-ਅਰਬਾਂ ਰੁਪਏ ਦੇ ਪ੍ਰਾਜੈਕਟ ਸਿਰੇ ਚੜ੍ਹੇ। ਉਨ੍ਹਾਂ ’ਤੇ ਦੋਸ਼ ਲੱਗਦੇ ਰਹੇ ਹਨ ਕਿ ਉਨ੍ਹਾਂ ਠੇਕੇਦਾਰਾਂ ਨੂੰ ਖੁੱਲ੍ਹੀ ਛੋਟ ਦਿੱਤੀ ਅਤੇ ਸਾਈਟ ’ਤੇ ਵਿਜ਼ਿਟ ਨਹੀਂ ਕੀਤੀ, ਜਿਸ ਕਾਰਨ ਘਟੀਆ ਮਟੀਰੀਅਲ ਦੀ ਕਾਫੀ ਵਰਤੋਂ ਕੀਤੀ ਗਈ।

PunjabKesari
ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤੈਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News