ਨਿਗਮ ਦੇ ਅਸਿਸਟੈਂਟ ਕਮਿਸ਼ਨਰ ਖੋਖਰ ਨੇ 40 ਦਿਨਾਂ ਬਾਅਦ ਵੀ ਨਹੀਂ ਦਿੱਤੀ ਜਾਂਚ ਰਿਪੋਰਟ, ਕੂੜੇ ਦੀ ਲਿਫਟਿੰਗ ’ਚ ਘਪਲਾ

05/17/2023 12:41:33 PM

ਜਲੰਧਰ (ਖੁਰਾਣਾ)–ਸ਼ਹਿਰ ਦੇ ਡੰਪ ਸਥਾਨਾਂ ਤੋਂ ਕੂੜੇ ਦੀ ਲਿਫਟਿੰਗ ਦੌਰਾਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਘਪਲੇ ਬਾਰੇ ‘ਜਗ ਬਾਣੀ’ ਨੇ ਵਿਸਥਾਰ ਨਾਲ ਰਿਪੋਰਟ ਛਾਪੀ ਸੀ, ਜਿਸ ਤੋਂ ਬਾਅਦ ਲਗਭਗ 40 ਦਿਨ ਪਹਿਲਾਂ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਇਸ ਸਕੈਂਡਲ ਦੀ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਨਿਗਮ ਦੇ 3 ਵੱਡੇ ਅਫ਼ਸਰਾਂ ’ਤੇ ਆਧਾਰਿਤ ਇਕ ਜਾਂਚ ਕਮੇਟੀ ਬਣਾਈ ਸੀ। ਨਿਗਮ ਦੇ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਖੋਖਰ ਦੀ ਪ੍ਰਧਾਨਗੀ ਵਿਚ ਬਣੀ ਕਮੇਟੀ ਨੇ 40 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕਮਿਸ਼ਨਰ ਨੂੰ ਜਾਂਚ ਰਿਪੋਰਟ ਨਹੀਂ ਦਿੱਤੀ, ਜਦੋਂ ਕਿ ਇਸ ਮਾਮਲੇ ਵਿਚ ਕਈਆਂ ਦੇ ਬਿਆਨ ਕਲਮਬੱਧ ਕੀਤੇ ਜਾ ਚੁੱਕੇ ਹਨ।

ਉਥੇ ਹੀ, ਦੂਜੇ ਪਾਸੇ ਇਨ੍ਹੀਂ ਦਿਨੀਂ ਵੀ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਇਕ ਹੋਰ ਘਪਲਾ ਚੱਲ ਰਿਹਾ ਹੈ। ਦੋਸ਼ ਲੱਗ ਰਹੇ ਹਨ ਕਿ ਪ੍ਰਾਈਵੇਟ ਠੇਕੇਦਾਰਾਂ ਦੀਆਂ ਜਿਹੜੀਆਂ ਗੱਡੀਆਂ ਨਾਲ ਸ਼ਹਿਰ ਦਾ ਕੂੜਾ ਚੁੱਕਿਆ ਜਾ ਰਿਹਾ ਹੈ, ਉਹ 10 ਟਾਇਰਾਂ ਦੀ ਬਜਾਏ 6 ਟਾਇਰਾਂ ਵਾਲੀਆਂ ਛੋਟੀਆਂ ਗੱਡੀਆਂ ਹਨ। ਨਿਗਮ ਅਧਿਕਾਰੀ ਖ਼ੁਦ ਮੰਨਦੇ ਹਨ ਕਿ 10 ਟਾਇਰਾਂ ਵਾਲੀ ਗੱਡੀ ਨਾਲ ਕੂੜਾ ਚੁੱਕਣ ਵਿਚ ਜ਼ਿਆਦਾ ਖ਼ਰਚ ਆਉਂਦਾ ਹੈ ਪਰ ਸ਼ਹਿਰ ਦੇ ਡੰਪ ਸਥਾਨ ਜਲਦੀ ਸਾਫ਼ ਹੁੰਦੇ ਹਨ, ਇਸ ਲਈ ਠੇਕੇਦਾਰ ਨੂੰ ਜ਼ਿਆਦਾ ਭੁਗਤਾਨ ਕੀਤਾ ਜਾਂਦਾ ਹੈ। 10 ਟਾਇਰਾਂ ਵਾਲੀ ਗੱਡੀ ਦੇ ਐਸਟੀਮੇਟ ਚੰਡੀਗੜ੍ਹ ਤੋਂ ਵੀ ਪਾਸ ਹੋ ਕੇ ਆਏ ਹਨ।

ਇਹ ਵੀ ਪੜ੍ਹੋ - ਡਾਕਟਰ ਦੀ ਲਾਪਰਵਾਹੀ, ਡਿਲਿਵਰੀ ਮਗਰੋਂ ਔਰਤ ਨੂੰ ਚੜ੍ਹਾ ਦਿੱਤਾ ਗ਼ਲਤ ਖ਼ੂਨ, ਪਲਾਂ 'ਚ ਉੱਜੜ ਗਿਆ ਪਰਿਵਾਰ

ਨਿਗਮ ਅਧਿਕਾਰੀ ਦੱਸਦੇ ਹਨ ਕਿ ਉਨ੍ਹਾਂ ਦੇ ਧਿਆਨ ਵਿਚ ਵੀ ਇਹੀ ਆਇਆ ਹੈ ਕਿ ਪ੍ਰਾਈਵੇਟ ਠੇਕੇਦਾਰ 6 ਟਾਇਰਾਂ ਵਾਲੀ ਗੱਡੀ ਨਾਲ ਕੂੜਾ ਚੁਕਵਾ ਰਹੇ ਹਨ, ਜਿਸ ਦੇ ਰੇਟ ਘੱਟ ਚਾਰਜ ਕੀਤੇ ਜਾਣੇ ਚਾਹੀਦੇ ਹਨ। ਨਿਗਮ ਅਧਿਕਾਰੀ ਹੁਣ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਪ੍ਰਾਈਵੇਟ ਠੇਕੇਦਾਰ ਵੱਲੋਂ 6 ਟਾਇਰਾਂ ਵਾਲੀ ਗੱਡੀ ਦਾ ਕਿੰਨਾ ਬਿੱਲ ਬਣਾਇਆ ਜਾਂਦਾ ਹੈ। ਪਤਾ ਲੱਗਾ ਹੈ ਕਿ ਪਹਿਲਾਂ ਤੋਂ ਬਣੀ ਜਾਂਚ ਕਮੇਟੀ ਨੂੰ ਇਸ ਨਵੇਂ ਸਕੈਂਡਲ ਦੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ।

ਕੂੜਾ ਢੋਣ ਵਿਚ ਗੜਬੜੀ ਨੂੰ ਦੇਖ ਕੇ ਕਮਿਸ਼ਨਰ ਨੇ ਵਰਿਆਣਾ ਡੰਪ ’ਤੇ ਵੀ ਪਹਿਰਾ ਬਿਠਾਇਆ
ਪ੍ਰਾਈਵੇਟ ਗੱਡੀਆਂ ਤੋਂ ਇਲਾਵਾ ਸਰਕਾਰੀ ਗੱਡੀਆਂ ਜ਼ਰੀਏ ਕੂੜਾ ਚੁੱਕਣ ਦੇ ਕੰਮ ਵਿਚ ਵੀ ਕਈ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ, ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਪਿਛਲੇ ਦਿਨੀਂ ਕੂੜੇ ਨਾਲ ਭਰੀਆਂ ਗੱਡੀਆਂ ਨੂੰ ਤੋਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਤੇਲ ਦੀ ਪਰਚੀ ਅਲਾਟ ਕਰਨ ਦੇ ਹੁਕਮ ਦਿੱਤੇ ਸਨ। ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਜਦੋਂ ਫਿਰ ਇਸ ਕੰਮ ਵਿਚ ਗੜਬੜੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਤਾਂ ਕਮਿਸ਼ਨਰ ਨੇ ਹੁਣ ਵਰਿਆਣਾ ਡੰਪ ’ਤੇ ਵੀ ਪਹਿਰਾ ਬਿਠਾ ਦਿੱਤਾ ਹੈ। ਹੁਣ ਇਸ ਡੰਪ ’ਤੇ ਸੈਨੇਟਰੀ ਇੰਸਪੈਕਟਰ 3-3 ਦਿਨ ਡਿਊਟੀ ਦੇਣਗੇ ਅਤੇ ਕੂੜਾ ਚੁੱਕਣ ਆਈ ਹਰ ਗੱਡੀ ਦਾ ਹਿਸਾਬ-ਕਿਤਾਬ ਰੱਖਿਆ ਕਰਨਗੇ ਅਤੇ ਰੋਜ਼ਾਨਾ ਕਮਿਸ਼ਨਰ ਨੂੰ ਰਿਪੋਰਟ ਕਰਨਗੇ।

ਇਹ ਵੀ ਪੜ੍ਹੋ - ਜਲੰਧਰ 'ਚ NIA ਦੀ ਰੇਡ, ਗੈਂਗਸਟਰ ਪੁਨੀਤ ਸ਼ਰਮਾ ਦੇ ਘਰ ਕੀਤੀ ਛਾਪੇਮਾਰੀ

ਸਰਕਟ ਹਾਊਸ ਦੇ ਆਲੇ-ਦੁਆਲੇ ਦਾ ਪੂਰਾ ਇਲਾਕਾ ਕੀਤਾ ਸਾਫ਼
ਬੁੱਧਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਚ ਹੋਣ ਜਾ ਰਹੀ ਹੈ, ਜਿਸ ਕਾਰਨ ਨਗਰ ਨਿਗਮ ਵੱਲੋਂ ਜਿਥੇ ਪੂਰੇ ਸ਼ਹਿਰ ਦੀ ਸਫ਼ਾਈ ਕਰਵਾਈ ਜਾ ਰਹੀ ਹੈ, ਉਥੇ ਹੀ ਸਰਕਟ ਹਾਊਸ ਦੇ ਆਲੇ-ਦੁਆਲੇ ਦੇ ਇਲਾਕੇ ’ਤੇ ਵਿਸ਼ੇਸ਼ ਫੋਕਸ ਕੀਤਾ ਗਿਆ। ਸਰਕਟ ਹਾਊਸ ਨੂੰ ਜਾਂਦੀਆਂ ਸੜਕਾਂ ਅਤੇ ਬਾਰਾਦਰੀ ਇਲਾਕੇ ਨੂੰ ਟਰਾਲੀਆਂ ਜ਼ਰੀਏ ਵਿਸ਼ੇਸ਼ ਰੂਪ ਵਿਚ ਸਾਫ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri