ਸਰਸ ਮੇਲਾ ਪਾਣੀ ''ਚ ਡੁੱਬਾ, ਦੁਕਾਨਦਾਰਾਂ ਦਾ ਭਾਰੀ ਨੁਕਸਾਨ (ਤਸਵੀਰਾਂ)

09/30/2019 12:49:56 PM

ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ 'ਚ 10 ਸਾਲਾ ਬਾਅਦ ਲੱਗਿਆ ਸਰਸ ਮੇਲਾ ਦੋ ਵਾਰ ਪਾਣੀ 'ਚ ਡੁੱਬ ਗਿਆ। ਸਰਸ ਮੇਲੇ ਦੇ ਦੂਜੇ ਦਿਨ ਪਈ ਵਰਖਾ ਨੇ ਦੁਕਾਨਦਾਰਾਂ ਦਾ ਜਿੱਥੇ ਵੱਡੇ ਪੱਧਰ 'ਤੇ ਨੁਕਸਾਨ ਕੀਤਾ, ਉਥੇ ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਇੰਨੀ ਭਾਰੀ ਮਾਤਰਾ 'ਚ ਇਕੱਤਰ ਹੋਏ ਪਾਣੀ ਨੂੰ ਗਰਾਊਂਡ ਤੋਂ ਬਾਹਰ ਕੱਢਣ ਲਈ ਪ੍ਰਸ਼ਾਸਨ ਨੇ ਦਿਨ-ਰਾਤ ਇਕ ਕਰ ਦਿੱਤਾ ਤਾਂਕਿ ਮੇਲਾ ਸਹੀ ਤਰੀਕੇ ਨਾਲ ਚੱਲ ਸਕੇ ਪਰ ਐਤਵਾਰ ਨੂੰ ਹੋਈ ਵਰਖਾ ਨੇ ਇਸ ਮੇਲੇ ਦੇ ਹਾਲਤ ਫਿਰ ਤੋਂ ਵਿਗਾੜ ਦਿੱਤੇ।

ਜ਼ਿਕਰਯੋਗ ਹੈ ਕਿ ਮੇਲੇ 'ਚ 300 ਤੋਂ ਜ਼ਿਆਦਾ ਸਟਾਲ ਲਾਏ ਗਏ ਹਨ, ਜਿਸ 'ਚ ਦੇਸ਼ ਭਰ ਦੇ 22 ਰਾਜਾਂ ਤੋਂ ਦਸਤਕਾਰ ਆਪਣੇ-ਆਪਣੇ ਰਾਜ ਦਾ ਮਸ਼ਹੂਰ ਸਾਮਾਨ ਲੈ ਕੇ ਆਏ ਹੋਏ ਹਨ। ਦੂਰ ਦਰਾਜ ਤੋਂ ਆਏ ਇਹ ਦੁਕਾਨਦਾਰ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਸਾਮਾਨ ਨੂੰ ਵੇਚ ਕੇ ਮੁਨਾਫਾ ਕਮਾਉਣ ਦੇ ਮਕਸਦ ਨਾਲ ਇਥੇ ਆਏ ਹਨ ਪਰ ਹੁਣ ਤੱਕ ਪੈ ਰਹੀ ਵਰਖਾ ਇਨ੍ਹਾਂ ਨੂੰ ਘਾਟੇ ਵੱਲ ਲਿਜਾ ਰਹੀ ਹੈ। ਮੇਲਾ ਗਰਾਊਂਡ 'ਚ ਲਾਏ ਗਏ ਸਟਾਲ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬੇ ਰਹੇ, ਜਿਸ ਕਾਰਨ ਦੁਕਾਨਦਾਰਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਸਟਾਲਾਂ ਤੋਂ ਇਲਾਵਾ ਜਿਨ੍ਹਾਂ ਦੁਕਾਨਦਾਰਾਂ ਨੇ ਖੁੱਲ੍ਹੇ 'ਚ ਸਾਮਾਨ ਰੱਖਿਆ ਹੋਇਆ ਸੀ, ਉਨ੍ਹਾਂ ਦਾ ਤਾਂ ਬਹੁਤਾ ਹੀ ਨੁਕਸਾਨ ਹੋਇਆ ਹੈ।

PunjabKesari

ਪ੍ਰਸ਼ਾਸਨ ਵੱਲੋਂ ਡਿਫੈਂਸ ਦੀ 20 ਏਕੜ ਜਗ੍ਹਾ ਨੂੰ ਸਾਫ ਕਰਵਾ ਕੇ ਇਹ ਮੇਲਾ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਸਥਾਨ 'ਤੇ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਾਰਣ ਮੀਂਹ ਨੇ ਇਹ ਮੇਲਾ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਜਾਣਕਾਰੀ ਅਨੁਸਾਰ ਕਈ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਹਜ਼ਾਰਾਂ ਰੁਪਏ ਦੇ ਕੇ ਇਥੇ ਸਟਾਲ ਲਾਏ ਹਨ ਪਰ ਉਨ੍ਹਾਂ ਲੋਕਾਂ ਦੇ ਹਜ਼ਾਰਾਂ ਰੁਪਏ ਪਾਣੀ ਵਿਚ ਡੁੱਬਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਮੇਲੇ ਵਿਚ ਝੂਲੇ ਅਤੇ ਖਾਣ-ਪੇਣ ਦੀਆਂ ਵਸਤੂਆਂ ਦੇ ਸਟਾਲ ਲਾਉਣ ਵਾਲੇ ਲੋਕ ਵੀ ਘਾਟੇ 'ਚ ਦਿਖਾਈ ਦੇ ਰਹੇ ਹਨ।

PunjabKesari

ਪਹਿਲੇ ਦਿਨ ਤੋਂ ਸ਼ੁਰੂ ਹੋਇਆ ਇਹ ਸਰਸ ਮੇਲਾ ਜਿੱਥੇ ਦੂਜੇ ਦਿਨ ਅਜੇ ਪੂਰਾ ਭਰਨ ਹੀ ਲੱਗਿਆ ਸੀ ਕਿ ਮੀਂਹ ਨੇ ਮੇਲੇ ਦੇ ਹਾਲਾਤ ਹੀ ਵਿਗਾੜ ਦਿੱਤੇ ਜਦਕਿ ਤੀਜੇ ਦਿਨ ਜਦੋਂ ਦੁਕਾਨਦਾਰਾਂ ਨੇ ਆਪਣੇ ਸਾਮਾਨ ਨੂੰ ਦੁਬਾਰਾ ਸੈਟ ਹੀ ਕੀਤਾ ਸੀ ਤਾਂ ਚੌਥੇ ਦਿਨ ਫਿਰ ਪਏ ਮੀਂਹ ਨੇ ਇਨ੍ਹਾਂ ਦੁਕਾਨਦਾਰਾਂ ਦੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਮੀਂਹ ਦੇ ਚਲਦਿਆਂ ਸਥਾਨਕ ਲੋਕਾਂ ਦੀ ਆਮਦ ਵੀ ਮੇਲੇ ਵਿਚ ਘੱਟ ਦਿਖਾਈ ਦਿੱਤੀ, ਜਿਸ ਕਾਰਨ ਦੁਕਾਨਦਾਰਾਂ ਦੀ ਕੋਈ ਖਾਸ ਵਿਕਰੀ ਨਹੀਂ ਹੋ ਸਕੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਭਲੇ ਹੀ ਉਨ੍ਹਾਂ 'ਤੇ ਕੁਦਰਤ ਦੀ ਮਾਰ ਪੈ ਰਹੀ ਹੈ ਪਰ ਉਨ੍ਹਾਂ ਦੇ ਨੁਕਸਾਨ ਲਈ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਸੀ ਜਿੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੁੰਦਾ। ਉਨ੍ਹਾਂ ਕਿਹਾ ਕਿ ਮੇਲਾ ਖੇਤਰ ਵਿਚ ਪਾਣੀ ਭਰਨ ਦੇ ਬਾਅਦ ਵੀ ਪ੍ਰਸ਼ਾਸਨ ਦੇ ਕੋਲ ਅਜਿਹੇ ਸਾਧਨ ਨਹੀਂ ਕਿ ਇਹ ਪਾਣੀ ਤੁਰੰਤ ਬਾਹਰ ਕੱਢਿਆ ਜਾ ਸਕੇ।

ਦੁਕਾਨਦਾਰਾਂ ਨੇ ਕਿਹਾ ਕਿ ਮੇਲੇ ਦੇ ਦੂਜੇ ਦਿਨ ਪਏ ਮੀਂਹ ਕਾਰਨ ਹੋਏ ਨੁਕਸਾਨ ਤੋਂ ਵੀ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ, ਜਿਸ ਕਾਰਨ ਅੱਜ ਫਿਰ ਉਨ੍ਹਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਗਿਆ। ਉਧਰ ਪ੍ਰਸ਼ਾਸਨ ਵੀ ਇਨ੍ਹਾਂ ਲੋਕਾਂ ਦੇ ਹੋਏ ਨੁਕਸਾਨ 'ਤੇ ਅਫਸੋਸ ਪ੍ਰਗਟ ਕਰ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੇਲਾ ਖੇਤਰ 'ਚ ਘੁੰਮਦੇ ਤਾਂ ਜ਼ਰੂਰ ਦਿਖਾਈ ਦਿੱਤੇ ਪਰ ਇਨ੍ਹਾਂ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ ਇਹ ਕੋਈ ਅਧਿਕਾਰੀ ਨਹੀਂ ਦੱਸ ਰਿਹਾ।


shivani attri

Content Editor

Related News