ਮੱਕੜ-ਮੰਨਣ ਵਿਵਾਦ ''ਚ ਨਜ਼ਰ ਆਈ ਆਗੂਆਂ ਦੀ ਨਾਰਾਜ਼ਗੀ

12/14/2019 12:59:56 PM

ਜਲੰਧਰ (ਬੁਲੰਦ)— ਅਕਾਲੀ ਆਗੂਆਂ ਸਰਬਜੀਤ ਸਿੰਘ ਮੱਕੜ ਅਤੇ ਕੁਲਵੰਤ ਸਿੰਘ ਮੰਨਣ ਵਿਚਾਲੇ ਹੋਏ ਵਿਵਾਦ ਦਾ ਸਿੱਧਾ ਅਸਰ ਜ਼ਿਲਾ ਇਕਾਈ ਦੇ ਆਗੂਆਂ 'ਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਸਬੂਤ ਜ਼ਿਲਾ ਇਕਾਈ ਦੇ ਜ਼ਿਆਦਾਤਰ ਆਗੂਆਂ ਵੱਲੋਂ ਪਿਛਲੇ ਦਿਨੀਂ ਪਾਰਟੀ ਹਾਈਕਮਾਨ ਵਲੋਂ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਪਾਰਟੀ ਪ੍ਰਧਾਨ ਦੀ ਚੋਣ ਵਾਲੇ ਪ੍ਰੋਗਰਾਮ ਤੋਂ ਦੂਰੀ ਬਣਾਉਣ ਤੋਂ ਮਿਲਿਆ।

ਮਾਮਲੇ ਬਾਰੇ ਪਾਰਟੀ ਦੇ ਅੰਦਰੂਨੀ ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਪ੍ਰਧਾਨ ਦੀ ਚੋਣ ਲਈ ਅੰਮ੍ਰਿਤਸਰ 'ਚ ਤੇਜਾ ਸਿੰਘ ਸਮੁੰਦਰੀ ਹਾਲ 'ਚ 12 ਦਸੰਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਅਤੇ ਪਾਰਟੀ ਵੱਲੋਂ ਸਾਰੇ ਜ਼ਿਲਾ ਪ੍ਰਧਾਨਾਂ, ਹਲਕਾ ਇੰਚਾਰਜਾਂ ਅਤੇ ਡੈਲੀਗੇਟਾਂ ਦੀ ਡਿਊਟੀ ਲਾਈ ਗਈ ਸੀ ਕਿ ਇਸ ਪ੍ਰੋਗਰਾਮ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਇਸ ਨੂੰ ਸਫਲ ਬਣਾਉਣ। ਭਾਵੇਂ ਸਭ ਨੂੰ ਪਤਾ ਹੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਬਣਾਉਣਾ ਹੈ ਪਰ ਫਿਰ ਵੀ ਪਾਰਟੀ ਦੇ ਪੰਜਾਬ ਹੀ ਨਹੀਂ, ਸਗੋਂ ਹੋਰ ਸੂਬਿਆਂ ਦੇ ਆਗੂ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਹਨ ਪਰ ਇਸ ਪ੍ਰੋਗਰਾਮ ਤੋਂ ਪਿਛਲੇ ਦੋ ਦਿਨਾਂ ਤੋਂ ਜਲੰਧਰ ਸ਼ਹਿਰੀ ਜ਼ਿਲਾ ਇਕਾਈ ਦੇ ਆਗੂਆਂ ਨੇ ਦੂਰੀ ਬਣਾਈ ਹੋਈ ਹੈ, ਜਿਸ ਦੇ ਪਿੱਛੇ ਕਾਰਨ ਸਿਰਫ ਇਕ ਹੀ ਹੈ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਨਾਲ ਸਰਬਜੀਤ ਸਿੰਘ ਮੱਕੜ ਵੱਲੋਂ ਕੀਤਾ ਗਿਆ ਮਾੜਾ ਸਲੂਕ।

ਆਗੂਆਂ ਨੇ ਬਣਾਏ ਬਹਾਨੇ ਪਰ ਮੰਨਿਆ 2 ਦਿਨਾਂ ਤੋਂ ਨਹੀਂ ਗਏ ਅੰਮ੍ਰਿਤਸਰ
ਮਾਮਲੇ ਬਾਰੇ ਪਾਰਟੀ ਦੇ ਜ਼ਿਲਾ ਇਕਾਈ ਦੇ ਆਗੂਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਭਾਵੇਂ ਸਿੱਧੇ ਤੌਰ 'ਤੇ ਨਹੀਂ ਕਿਹਾ ਕਿ ਉਹ ਮੱਕੜ ਦੀ ਹਰਕਤ ਤੋਂ ਨਾਰਾਜ਼ ਸਨ, ਇਸ ਲਈ ਅੰਮ੍ਰਿਤਸਰ ਨਹੀਂ ਗਏ ਪਰ ਰਣਜੀਤ ਸਿੰਘ ਰਾਣਾ, ਕਮਲਜੀਤ ਸਿੰਘ ਭਾਟੀਆ, ਗੋਲਡੀ ਭਾਟੀਆ ਆਦਿ ਨੇ ਮੰਨਿਆ ਕਿ 12 ਤਰੀਕ ਨੂੰ ਸ੍ਰੀ ਅਖੰਡ ਪਾਠ ਰੱਖੇ ਗਏ ਸਨ ਪਰ ਉਹ ਅਜੇ ਤੱਕ ਅੰਮ੍ਰਿਤਸਰ ਨਹੀਂ ਗਏ। ਉਨ੍ਹਾਂ ਕਿਹਾ ਕਿ ਉਹ 14 ਦਸੰਬਰ ਨੂੰ ਅੰਮ੍ਰਿਤਸਰ ਜ਼ਰੂਰ ਜਾਣਗੇ ਕਿਉਂਕਿ ਪਾਰਟੀ ਨੇ ਉਨ੍ਹਾਂ ਦੀ ਡਿਊਟੀ ਲਾਈ ਹੈ ਕਿ ਪਾਰਟੀ ਪ੍ਰਧਾਨ ਦੀ ਚੋਣ ਦੇ ਪ੍ਰੋਗਰਾਮ ਵਿਚ ਜ਼ਰੂਰ ਪਹੁੰਚਣਾ ਹੈ।

ਦਿਲ 'ਚ ਰੋਸ ਹੈ, ਇਸ ਲਈ ਨਹੀਂ ਗਿਆ 2 ਦਿਨ : ਮੰਨਣ
ਓਧਰ ਮਾਮਲੇ ਬਾਰੇ ਜ਼ਿਲਾ ਸ਼ਹਿਰੀ ਜਥੇ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਵਾਪਰੀ ਘਟਨਾ ਤੋਂ ਬੇਹੱਦ ਨਾਰਾਜ਼ ਹਨ ਅਤੇ ਪਾਰਟੀ ਹਾਈਕਮਾਨ ਵੱਲੋਂ ਅਜੇ ਤੱਕ ਇਸ ਮਾਮਲੇ ਵਿਚ ਮੱਕੜ 'ਤੇ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬੇਹੱਦ ਨਾਰਾਜ਼ ਹਨ। ਇਸ ਲਈ ਉਹ ਰੋਸ ਵਜੋਂ 2 ਦਿਨਾਂ ਤਕ ਅੰਮ੍ਰਿਤਸਰ ਨਹੀਂ ਗਏ ਪਰ ਕੱਲ ਉਹ ਜ਼ਰੂਰ ਜਾਣਗੇ। ਉਨ੍ਹਾਂ ਕਿਹਾ ਕਿ ਮਜੀਠੀਆ ਨਾਲ ਉਨ੍ਹਾਂ ਦੀ ਗੱਲ ਹੋ ਗਈ ਸੀ ਅਤੇ ਕੱਲ ਉਹ ਅੰਮ੍ਰਿਤਸਰ ਵਿਚ ਇਕ ਵਾਰ ਫਿਰ ਗਰੇਵਾਲ ਨਾਲ ਗੱਲ ਕਰਨਗੇ ਅਤੇ ਇਸ ਮਾਮਲੇ ਵਿਚ ਸਖ਼ਤ ਐਕਸ਼ਨ ਲੈਣ ਨੂੰ ਕਹਿਣਗੇ। ਮੰਨਣ ਨੇ ਕਿਹਾ ਕਿ ਜਲੰਧਰ ਇਕਾਈ ਦੇ ਇਕ ਸਾਬਕਾ ਮੇਅਰ, 3 ਸਾਬਕਾ ਸੀਨੀਅਰ ਉਪ ਮੇਅਰ, 5 ਕੌਂਸਲਰ, 13 ਸਰਕਲ ਪ੍ਰਧਾਨ ਅਤੇ 3 ਵਿੰਗਾਂ ਦੇ ਆਗੂ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਇਸ ਵਾਰ ਮੱਕੜ ਨੂੰ ਬਖਸ਼ਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮੱਕੜ ਦੇ ਭਰਾਵਾਂ ਨੇ ਭਾਟੀਆ ਨੂੰ ਕਿਹਾ, ਮਾਮਲਾ ਸੁਲਝਾਓ
ਸੂਤਰਾਂ ਦੀ ਮੰਨੀਏ ਤਾਂ ਸਰਬਜੀਤ ਮੱਕੜ ਅਤੇ ਕੁਲਵੰਤ ਮੰਨਣ 'ਚ ਹੋਏ ਵਿਵਾਦ ਨੂੰ ਸੁਲਝਾਉਣ ਲਈ ਮੱਕੜ ਦੇ ਭਰਾਵਾਂ ਨੇ ਕਈ ਵਾਰ ਕਮਲਜੀਤ ਸਿੰਘ ਭਾਟੀਆ ਨਾਲ ਗੱਲ ਕੀਤੀ ਅਤੇ ਕਿਹਾ ਕਿ ਕਿਸੇ ਤਰ੍ਹਾਂ ਵੀ ਇਸ ਮਾਮਲੇ ਨੂੰ ਹੱਲ ਕਰਵਾਉਣ। ਉਥੇ ਭਾਟੀਆ ਨੇ ਜਦੋਂ ਇਸ ਬਾਰੇ ਮੰਨਣ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਉਹ ਬੈਕਫੁਟ ਨਹੀਂ ਹੋਣਗੇ। ਓਧਰ ਮਾਮਲੇ ਬਾਰੇ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੱਕੜ ਦੇ ਭਰਾਵਾਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ ਅਤੇ ਉਨ੍ਹਾਂ ਇਸ ਬਾਰੇ ਮੇਅਰ ਨਾਲ ਗੱਲ ਵੀ ਕੀਤੀ ਸੀ ਪਰ ਮੰਨਣ ਨਾਲ ਜੋ ਵੀ ਹੋਇਆ, ਉਹ ਗਲਤ ਸੀ, ਇਸ ਲਈ ਹਰ ਕੋਈ ਮੰਨਣ ਦੇ ਨਾਲ ਹੈ।


shivani attri

Content Editor

Related News