ਯੂਥ ਕਾਂਗਰਸ ਚੋਣਾਂ ''ਚ ਫਿਲੌਰ ਪੁਲਸ ਵੱਲੋਂ ਬਿਲਗਾ ਦੇ 2 ਨੌਜਵਾਨਾਂ ਨੂੰ ਉਠਾਉਣ ਦਾ ਮਾਮਲਾ ਗਰਮਾਇਆ

12/09/2019 11:49:27 AM

ਜਲੰਧਰ (ਚੋਪੜਾ)— ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਤੋਂ ਬਾਅਦ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਸਾਬਕਾ ਵਿਧਾਇਕ ਅਤੇ ਨਕੋਦਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਗਬੀਰ ਸਿੰਘ ਬਰਾੜ ਖੁੱਲ੍ਹ ਕੇ ਆਹਮੋ-ਸਾਹਮਣੇ ਹੋ ਗਏ। ਬੀਤੇ ਦਿਨ ਜਗਬੀਰ ਬਰਾੜ ਨੇ ਚੌਧਰੀ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਚੌਧਰੀ ਵੱਲੋਂ ਪਾਰਟੀ ਵਰਕਰਾਂ ਨਾਲ ਜ਼ਿਆਦਤੀਆਂ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਸਾਰਾ ਮਾਮਲਾ ਕਾਂਗਰਸੀ ਹਾਈਕਮਾਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਚੁੱਕਣਗੇ।

ਜਗਬੀਰ ਬਰਾੜ ਨੇ ਦੱਸਿਆ ਕਿ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਦੇ ਅਹੁਦੇ 'ਤੇ 2 ਪ੍ਰਮੁੱਖ ਉਮੀਦਵਾਰਾਂ ਦਰਮਿਆਨ ਮੁਕਾਬਲਾ ਸੀ। ਇਕ ਪਾਸੇ ਹਨੀ ਜੋਸ਼ੀ ਚੋਣ ਮੈਦਾਨ 'ਚ ਸਨ, ਦੂਜੇ ਪਾਸੇ ਚੌਧਰੀ ਪਰਿਵਾਰ ਨੇ ਆਪਣੇ ਖਾਸਮ-ਖਾਸ ਮਨਵੀਰ ਚੀਮਾ ਨੂੰ ਚੋਣਾਂ 'ਚ ਖੜ੍ਹਾ ਕਰ ਰੱਖਿਆ ਸੀ ਪਰ ਚੌਧਰੀ ਪਰਿਵਾਰ ਨੇ ਪਾਵਰ ਗੇਮ ਪਲਾਨ ਕਾਰਣ ਕਾਂਗਰਸ ਦੇ ਹੀ ਵਰਕਰਾਂ 'ਤੇ ਜ਼ਿਆਦਤੀਆਂ ਦਾ ਕ੍ਰਮ ਇਥੇ ਵੀ ਜਾਰੀ ਰੱਖਿਆ। ਚੌਧਰੀ ਅਤੇ ਉਸ ਦੇ ਬੇਟੇ ਵਿਕਰਮਜੀਤ ਚੌਧਰੀ ਦੇ ਇਸ਼ਾਰੇ 'ਤੇ ਫਿਲੌਰ ਪੁਲਸ ਨੇ ਨਕੋਦਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਬਿਲਗਾ ਦੇ ਯੂਥ ਕਾਂਗਰਸੀ ਨੇਤਾਵਾਂ ਨੂੰ ਨਾਜਾਇਜ਼ ਹਿਰਾਸਤ 'ਚ ਲੈ ਕੇ ਹਵਾਲਾਤ 'ਚ ਪਾ ਦਿੱਤਾ। ਉਕਤ ਨੌਜਵਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਪ੍ਰਧਾਨ ਅਹੁਦੇ ਦੇ ਉਮੀਦਵਾਰ ਹਨੀ ਜੋਸ਼ੀ ਦਾ ਸਮਰਥਨ ਕਰ ਰਹੇ ਸਨ ਅਤੇ ਉਸ ਦੇ ਪੱਖ ਵਿਚ ਵੋਟਾਂ ਪੁਆਉਣ ਲਈ ਸਰਗਰਮ ਸਨ।

ਬਰਾੜ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਸਨ ਪਰ ਉਨ੍ਹਾਂ ਦੇ ਧਿਆਨ 'ਚ ਮਾਮਲਾ ਆਉੁਣ 'ਤੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਨੌਜਵਾਨਾਂ ਨੂੰ ਨਾਜਾਇਜ਼ ਹਿਰਾਸਤ ਤੋਂ ਛੁਡਾਇਆ। ਬਰਾੜ ਨੇ ਦੋਸ਼ ਲਾਇਆ ਕਿ ਚੌਧਰੀ ਨੇ ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਾਰਟੀ 'ਚ ਚੱਲ ਰਹੀ ਲੋਕਤੰਤਰਿਕ ਪ੍ਰਕਿਰਿਆ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁੱਤਰ ਮੋਹ 'ਚ ਫਸੇ ਚੌਧਰੀ ਚਾਹੁੰਦੇ ਹਨ ਕਿ ਸਭ ਕੁਝ ਉਨ੍ਹਾਂ ਦੇ ਬੇਟੇ ਵਿਕਰਮਜੀਤ ਨੂੰ ਮਿਲ ਜਾਵੇ, ਚਾਹੇ ਬਾਕੀ ਕਾਂਗਰਸ ਖਤਮ ਹੋ ਜਾਵੇ। ਯੂਥ ਕਾਂਗਰਸ ਚੋਣਾਂ ਵਿਚ ਵੀ ਚੌਧਰੀ ਨੇ ਸੰਸਦ ਦੇ ਰੁਤਬੇ ਦਾ ਰੋਲ ਪਲੇਅ ਨਹੀਂ ਕੀਤਾ। ਜੇ ਕਿਸੇ ਚਹੇਤੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਤਾਂ ਚੌਧਰੀ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਸਾਰਿਆਂ ਨਾਲ ਬੈਠ ਕੇ ਫੈਸਲਾ ਕਰਵਾਉਂਦੇ ਕਿ ਪ੍ਰਧਾਨ ਦੇ ਅਹੁਦੇ ਲਈ ਕਿਸ ਉਮੀਦਵਾਰ ਨੂੰ ਖੜ੍ਹਾ ਕਰਨਾ ਹੈ ਪਰ ਸੱਤਾ ਮੋਹ ਵਿਚ ਫਸੇ ਚੌਧਰੀ ਪਰਿਵਾਰ ਨੇ ਕਿਸੇ ਵੀ ਸੀਨੀਅਰ ਨੇਤਾ ਨਾਲ ਇਸ ਬਾਰੇ ਕੋਈ ਸਲਾਹ ਨਹੀਂ ਕੀਤੀ। ਬਰਾੜ ਨੇ ਕਿਹਾ ਕਿ ਜ਼ਿਲਾ ਪ੍ਰੀਸ਼ਦ ਅਤੇ ਚੇਅਰਮੈਨ ਦੀਆਂ ਚੋਣਾਂ 'ਚ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਸੀ। ਬਿਨਾਂ ਕਿਸੇ ਵਿਧਾਇਕ ਜਾਂ ਹਲਕਾ ਪ੍ਰਧਾਨ ਨਾਲ ਸਲਾਹ ਕੀਤੇ ਇਕ ਮਹਿਲਾ ਸਮਰਥਕ ਨੂੰ ਚੇਅਰਮੈਨ ਬਣਵਾਉਣਾ ਚਾਹਿਆ, ਜਿਸ ਕਾਰਣ ਸਮੁੱਚੀ ਕਾਂਗਰਸ ਉਨ੍ਹਾਂ ਦੇ ਉਲਟ ਹੋ ਗਈ ਅਤੇ ਚੌਧਰੀ ਦੀ ਚਾਹਤ ਦੇ ਉਲਟ ਕਿਸੇ ਹੋਰ ਨੇਤਾ ਨੂੰ ਚੇਅਰਮੈਨ ਬਣਵਾ ਦਿੱਤਾ ਸੀ। ਜਗਬੀਰ ਬਰਾੜ ਨੇ ਕਿਹਾ ਕਿ ਉਹ ਕਲ ਹੀ ਇਸ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਦਿਹਾਤੀ ਨਵਜੋਤ ਮਾਹਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਉਣਗੇ ਤਾਂ ਕਿ ਸਿਆਸੀ ਦਬਾਅ ਵਿਚ ਅਜਿਹੀਆਂ ਕਈ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਹੋਵੇ।


shivani attri

Content Editor

Related News