ਬਿਆਸ ਦਰਿਆ ਵਿਚਲੇ ਜਲਚਰ ਜੀਵਾਂ ਦੀ ਸਾਂਭ-ਸੰਭਾਲ ਲਈ ਹੋਈ ਵਿਚਾਰ ਚਰਚਾ

09/25/2020 5:51:13 PM

ਸੁਲਤਾਨਪੁਰ ਲੋਧੀ— ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਵਾਇਆ-ਅੰਮ੍ਰਿਤਸਰ-ਕੱਟੜਾ ਲਈ ਬਣਾਏ ਜਾ ਰਹੇ ਨੈਸ਼ਨਲ ਹਾਈਵੇਅ ਦੇ ਪਾਣੀਆਂ ਦੇ ਕੁਦਰਤੀ ਸਰੋਤਾਂ ਉਪਰੋਂ ਦੀ ਲੰਘਣ ਸਮੇਂ ਜਲਚਰ ਜੀਵਾਂ, ਪੰਛੀਆਂ ਅਤੇ ਜੰਗਲੀ ਜੀਵਾਂ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਰੋਕਣ ਲਈ ਚਰਚਾ ਕੀਤੀ ਗਈ।

ਪੰਜਾਬ ਦੇ ਮੁੱਖ ਜੰਗਲੀ ਜੀਵਨ ਵਾਰਡਨ ਕੁਲਦੀਪ ਕੁਮਾਰ ਲੌਮਿਸ ਅਤੇ ਵਾਤਾਵਰਣ ਪਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ 'ਚ ਬਿਆਸ ਦਰਿਆ ਅਤੇ ਪਵਿੱਤਰ ਕਾਲੀ ਵੇਈਂ ਵਿੱਚਲੇ ਜਲਚਰ ਜੀਵਾਂ ਦੇ ਬਚਾਅ ਲਈ ਡੇਢ ਘੰਟੇ ਤੱਕ ਮੀਟਿੰਗ ਹੋਈ। ਇਸ ਮੀਟਿੰਗ 'ਚ ਤਲਵੰਡੀ ਭਾਈ ਅਤੇ ਮਿੱਠੜਾ ਪਿੰਡ ਦੇ ਕਿਸਾਨ ਵੀ ਸ਼ਾਮਲ ਹੋਏ, ਜਿੰਨ੍ਹਾਂ ਦੇ ਇਲਾਕੇ 'ਚੋਂ ਦੀ ਨੈਸ਼ਨਲ ਹਾਈਵੇਅ ਨਿਕਲਣਾ ਹੈ। ਦਿੱਲੀ ਤੋਂ ਆਉਣ ਵਾਲਾ ਇਹ ਨੈਸ਼ਨਲ ਹਾਈਵੇਅ ਪਿੰਡ ਕੰਗ ਸਾਬੂ ਕੋਲੋ ਆ ਕੇ ਦੋ ਹਿੱਸਿਆ 'ਚ ਵੰਡਿਆ ਜਾਣਾ ਹੈ। ਹਾਈਵੇਅ ਦੇ ਇਹ ਦੋਵੇਂ ਹਿੱਸੇ ਬਿਆਸ ਦਰਿਆ ਅਤੇ ਪਵਿੱਤਰ ਕਾਲੀ ਵੇਈਂ ਉਪਰੋਂ ਦੀ ਹੋ ਕੇ ਲੰਘਣੇ ਹਨ। ਜੰਗਲੀ ਜੀਵਾਂ ਬਾਰੇ ਪੰਜਾਬ ਦੇ ਮੁੱਖ ਵਾਰਡਨ ਕੁਲਦੀਪ ਕੁਮਾਰ ਲੌਮਿਸ ਨੇ ਦੱਸਿਆ ਬਿਆਸ ਦਰਿਆ ਵਿੱਚ ਡੌਲਫਿਨ, ਮੱਗਰਮੱਛ ਅਤੇ ਊਦਬਲਾ ਵੀ ਹਨ।

ਜਦੋਂ ਬਿਆਸ 'ਚ ਪਾਣੀ ਦਾ ਪੱਧਰ ਜ਼ਿਆਦਾ ਹੁੰਦਾ ਹੈ ਤਾਂ ਡੌਲਫਿਨ ਹਰੀਕੇ ਪੱਤਣ ਤੋਂ ਗੋਇੰਦਵਾਲ ਸਾਹਿਬ ਦੇ ਪੁੱਲ ਤੱਕ ਆ ਜਾਂਦੀਆਂ ਹਨ। ਇਸੇ ਤਰ੍ਹਾਂ ਕਾਂਜਲੀ ਜਲ ਗਾਹ ਜਿਹੜੀ ਕਿ ਪਵਿੱਤਰ ਕਾਲੀ ਵੇਈਂ ਦਾ ਹਿੱਸਾ ਹੈ ਉਥੇ ਪਰਵਾਸੀ ਪੰਛੀ ਆਉਂਦੇ ਹਨ। ਹਾਈਵੇਅ ਬਣਨ ਨਾਲ ਇੰਨ੍ਹਾਂ ਪੰਛੀਆਂ ਅਤੇ ਜੰਗਲੀ ਜੀਵਾਂ ਦੇ ਲਾਂਘਿਆਂ 'ਚ ਜਿਹੜੀਆਂ ਰੁਕਾਵਟਾਂ ਖੜ੍ਹੀਆਂ ਹੋਣਗੀਆਂ ਉਨ੍ਹਾਂ ਨੂੰ ਸਮਝਣ ਲਈ ਇੰਨ੍ਹਾਂ ਜੀਵਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ। ਉਨ੍ਹਾ ਦਾ ਜੀਵਨ ਸੁਰੱਖਿਅਤ ਰੱਖਣ ਲਈ ਕਿਹੜੀ-ਕਿਹੜੀ ਥਾਂ ਤੋਂ ਲਾਂਘੇ ਰੱਖਣੇ ਹਨ ਉਸ ਬਾਰੇ ਸੰਤ ਸੀਚੇਵਾਲ ਨਾਲ ਚਰਚਾ ਕੀਤੀ ਗਈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਲਾਕੇ ਦੇ ਨੌਜਵਾਨਾਂ ਨੂੰ ਇਥੇ ਰੁਜ਼ਗਾਰ ਮਿਲੇ ਤੇ ਕਿਸਾਨਾਂ ਦੀਆਂ ਆਰਗੈਨਿਕ ਜਿਣਸਾਂ ਵੇਚਣ ਲਈ ਕਿਸਾਨ ਹੱਟ ਬਣਾਏ ਜਾਣ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਵੀ ਚਲ ਸਕੇ। ਇਲਾਕੇ ਦੇ ਕਿਸਾਨਾਂ ਨੇ ਆਪਣੀਆਂ ਸਮਸਿਆਵਾਂ ਦੱਸ ਦਿਆ ਟੀਮ ਨੂੰ ਜਾਣੂ ਕਰਵਾਇਆ ਕਿ ਨੈਸ਼ਨਲ ਹਾਈਵੇਅ ਬਣਨ ਨਾਲ ਉਨ੍ਹਾਂ ਨੂੰ ਲੰਘਣ ਦੀ ਸਮੱਸਿਆ ਆਵੇਗੀ ਅਤੇ ਪਾਣੀਆਂ ਦੇ ਕੁਦਰਤੀ ਸਰੋਤਾਂ ਉਪਰ ਦੀ ਬਣਾਏ ਜਾਣ ਵਾਲੇ ਪੁਲਾਂ ਦੇ ਹੇਠ ਲਈ ਲਾਂਘੇ ਛੱਡੇ ਜਾਣ ਤਾਂ ਜੋ ਉਹ ਆਪਣੇ ਮਾਲ ਡੰਗਰਾਂ ਨੂੰ ਇਧਰ-ਉਧਰ ਲੈ ਜਾਣ ਵਿੱਚ ਅਸਾਨੀ ਨਾਲ ਲੈ ਜਾ ਸਕਣ। ਇਸ ਟੀਮ 'ਚ ਇਸ ਪ੍ਰੋਜੈਕਟ ਦੇ ਸਲਾਹਕਾਰ ਬਲਬੀਰ ਸਿੰਘ, ਬਲਬੀਰ ਸਿੰਘ ਢਿੱਲੋਂ, ਜੰਗਲੀ ਜੀਵਨ ਅਫ਼ਸਰ ਰਣਬੀਰ ਸਿੰਘ ਅਤੇ ਭੁਪਿੰਦਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

shivani attri

This news is Content Editor shivani attri