ਸੀਚੇਵਾਲ ਵੱਲੋਂ ਸਤਲੁਜ ਦਰਿਆ ਦੇ 220 ਏਕੜ ਰਕਬੇ ਦੇ 21 ਦਰਾਂ ''ਚੋਂ ਮਿੱਟੀ ਹਟਾਉਣ ਦੀ ਕਾਰਸੇਵਾ ਜਾਰੀ

02/22/2020 2:14:36 PM

ਸੁਲਤਾਨਪੁਰ ਲੋਧੀ/ਲੋਹੀਆਂ ਖਾਸ(ਅਸ਼ਵਨੀ, ਹਰਸ਼)— ਸਤਲੁਜ ਦਰਿਆ ਨਾਲ ਮੱਥਾ ਲਾ ਚੁੱਕੇ ਵਾਤਾਵਰਣ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗਿੱਦੜਪਿੰਡੀ ਪੁਲ ਹੇਠਾਂ ਕਰੀਬ 220 ਏਕੜ ਰਕਬੇ ਦੇ 21 ਦਰਾਂ 'ਚੋਂ ਮਿੱਟੀ ਹਟਾਉਣ ਦੀ ਕਾਰਸੇਵਾ ਜੰਗੀ ਪੱਧਰ 'ਤੇ ਜਾਰੀ ਹੈ। ਖਾਸ ਗੱਲ ਇਹ ਹੈ ਕਿ ਇਸ ਕਾਰਜ 'ਚ ਸੰਤਾਂ-ਮਹਾਪੁਰਸ਼ਾਂ ਦੇ ਨਾਲ-ਨਾਲ ਸੰਤ ਸੀਚੇਵਾਲ ਵੱਲੋਂ ਬਣਾਈਆਂ ਗਈਆਂ ਹੜ੍ਹ ਰੋਕੂ ਕਮੇਟੀਆਂ ਵੀ ਪੱਭਾਂ ਭਾਰ ਹੋ ਚੁੱਕੀਆਂ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪੁਲ ਹੇਠਾਂ ਸਫਾਈ ਕਾਰਜਾਂ ਦੀ ਬੇਧਿਆਨੀ ਸਦਕਾ ਜਿੱਥੇ ਬਰਸਾਤਾਂ ਦੇ ਦਿਨਾਂ 'ਚ ਪੁਲ ਲਈ ਖਤਰਾ ਬਣਿਆ ਹੋਇਆ ਸੀ ਉੱਥੇ ਹੀ ਦਰਿਆ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਹੜ੍ਹਾਂ ਦਾ ਕਾਰਨ ਬਣ ਚੁੱਕਾ ਸੀ।

ਉਨ੍ਹਾਂ ਦੱਸਿਆ ਕਿ ਸਤਲੁਜ ਅਤੇ ਰੇਲਵੇ ਪੁਲ ਨਾਲ ਸਬੰਧਤ 21 ਦਰਾਂ 'ਚੋਂ ਸਿਰਫ ਤਿੰਨ ਦਰਾਂ ਵਿਚੋਂ ਹੀ ਪਾਣੀ ਲੰਘ ਰਿਹਾ ਹੈ ਬਾਕੀ 18 ਦਰਾਂ ਵਿਚ 17 ਫੁੱਟ ਤੋਂ ਵੱਧ ਮਿੱਟੀ ਭਰੀ ਹੋਈ ਹੈ, ਜੋ ਪਿਛਲੇ 30 ਹੜ੍ਹਾਂ ਦਾ ਕਾਰਨ ਬਣੀ ਗਿੱਦੜਪਿੰਡੀ ਸਤਲੁਜ ਦਰਿਆ 'ਚ ਰੇਲਵੇ ਦੇ ਕੁਲ 220 ਏਕੜ ਜ਼ਮੀਨ ਹੈ। ਇਨ੍ਹਾਂ 220 ਏਕੜ ਵਿਚੋਂ ਮਿੱਟੀ ਚੱਕ ਕੇ ਪਹਿਲਾਂ ਸਤਲੁਜ ਦਰਿਆ ਦੇ ਬੰਨ੍ਹਾਂ ਤੇ ਪਾਈ ਜਾਵੇਗੀ ਫਿਰ ਇਹ ਮਿੱਟੀ ਸਕੂਲ ਦੀਆਂ ਗਰਾਊਂਡਾਂ ਅਤੇ ਹੜ੍ਹ ਦੌਰਾਨ ਪਏ ਟੋਇਆਂ ਵਿਚ ਪਾਈ ਜਾਵੇਗੀ।

ਚੇਤੇ ਰਹੇ ਕਿ ਸੰਤ ਬਲਵੀਰ ਸਿੰਘ ਸੀਚੇਵਾਲ 19 ਅਗਸਤ ਤੋਂ ਆਏ ਹੜ੍ਹ ਦੌਰਾਨ ਇਨ੍ਹਾਂ ਕਾਰਜ ਵਿਚ ਲੱਗੇ ਹੋਏ ਹਨ ਸਭ ਤੋਂ ਪਹਿਲਾਂ 3 ਦਿਨ ਕਿਸ਼ਤੀਆਂ ਰਾਹੀਂ ਪਾਣੀ ਵਿਚ ਸੰਗਤਾਂ ਨੂੰ ਘਰ-ਘਰ ਜਾ ਕੇ ਸੁੱਕਾ ਰਾਸ਼ਨ ਪਹੁੰਚਾਇਆ ਗਿਆ। ਉਸ ਤੋਂ ਮਗਰੋਂ ਜਾਣੀਆਂ ਚਾਹਲ ਬੋਰੇ ਲਾ ਕੇ ਬੰਨ੍ਹ ਨੂੰ ਪੂਰਿਆ ਗਿਆ ਬਾਅਦ ਵਿਚ ਖੇਤਾਂ ਵਿਚ ਪਏ ਟੋਇਆਂ ਨੂੰ ਟਰੈਕਟਰ ਕਿਰਾਇਆਂ ਨਾਲ ਮਿੱਟੀ ਪਾ ਕੇ ਪੂਰਿਆ ਗਿਆ। ਸੰਤ ਸੀਚੇਵਾਲ ਵੱਲੋਂ ਲਗਾਤਾਰ ਬੰਨ੍ਹਾਂ ਤੇ ਮਿੱਟੀ ਪਾਉਣ ਦੀ ਕਾਰਸੇਵਾ ਦੇ ਕਾਰਜ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਆਓ ਇਨ੍ਹਾਂ ਕਾਰਜਾਂ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਈਏ ਤਾਂ ਕਿ ਆਉਣ ਵਾਲੇ ਸਮੇਂ ਵਿਚ ਹੜ੍ਹ ਦੇ ਖਤਰਿਆਂ ਤੋਂ ਪੱਕਾ ਛੁਟਕਾਰਾ ਮਿਲ ਸਕੇ।


shivani attri

Content Editor

Related News