ਸ਼੍ਰੋਮਣੀ ਅਕਾਲੀ ਦਲ ਰਾਮ ਰਹੀਮ ਨਾਲ ਸਬੰਧ ਰੱਖਣ ਵਾਲਿਆਂ ਨੂੰ ਦੇ ਰਿਹੈ ਅਹੁਦੇ : ਜਾਖੜ

11/14/2018 12:05:15 AM

ਜਲੰਧਰ,(ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੇਤਾਵਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸਬੰਧ ਰਹੇ ਹਨ। ਉਨ੍ਹਾਂ ਮੰਗਲਵਾਰ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੁਬਾਰਾ ਨਾਮਜ਼ਦ ਕਰਨਾ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ ਪਰ ਸਿੱਖ ਭਾਈਚਾਰੇ ਦਰਮਿਆਨ ਇਸ ਗੱਲ ਨੂੰ ਲੈ ਕੇ ਗੁੱਸਾ ਹੋਰ ਵਧੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸ ਵਿਅਕਤੀ ਨੂੰ ਦੁਬਾਰਾ ਪ੍ਰਧਾਨ ਨਾਮਜ਼ਦ ਕੀਤਾ ਹੈ, ਜਿਸ ਨੇ ਹੋਰਨਾਂ ਅਕਾਲੀ ਆਗੂਆਂ ਨਾਲ ਮਿਲ ਕੇ ਡੇਰਾ ਮੁਖੀ ਕੋਲੋਂ ਵੋਟਾਂ ਮੰਗੀਆਂ ਸਨ।
ਜਾਖੜ ਨੇ ਕਿਹਾ ਕਿ ਜਿਹੜੇ ਆਗੂ ਵੋਟਾਂ ਦੀ ਖਾਤਰ ਡੇਰਾ ਮੁਖੀ ਦੀ ਸ਼ਰਨ 'ਚ ਜਾ ਸਕਦੇ ਹਨ, ਉਨ੍ਹਾਂ ਕੋਲੋਂ ਸਿੱਖ ਭਾਈਚਾਰੇ ਦਾ ਭਲਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਲੌਂਗੋਵਾਲ ਵੋਟਾਂ ਲਈ ਡੇਰਾ ਮੁਖੀ ਨੂੰ ਮਿਲੇ ਸਨ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਡੇਰਾ ਮੁਖੀ ਦੀ ਫਿਲਮ ਨੂੰ ਰਿਲੀਜ਼ ਕਰਵਾਉਣ ਲਈ ਉਨ੍ਹਾਂ ਨਾਲ ਮੁੰਬਈ 'ਚ ਮੁਲਾਕਾਤ ਕੀਤੀ ਸੀ। ਬਰਗਾੜੀ ਮਾਮਲੇ ਨੂੰ ਲੈ ਕੇ ਐੱਸ. ਆਈ. ਟੀ. ਦੀ ਜਾਂਚ ਚਲ ਰਹੀ ਹੈ ਅਤੇ ਜਲਦੀ ਹੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।

ਜਾਖੜ ਨੇ ਕਿਹਾ ਕਿ ਸੁਖਬੀਰ ਨੇ ਲੌਂਗੋਵਾਲ ਨੂੰ ਮੁੜ ਪ੍ਰਧਾਨ ਨਾਮਜ਼ਦ ਕਰ ਕੇ ਆਪਣੇ ਪੁਰਾਣੇ ਫੈਸਲਿਆਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਢੁੱਕਵਾਂ ਸਮਾਂ ਆਉਣ 'ਤੇ ਸਿੱਖ ਭਾਈਚਾਰੇ ਵਲੋਂ ਇਸ ਦਾ ਜਵਾਬ ਅਕਾਲੀ ਦਲ ਨੂੰ ਦਿੱਤਾ ਜਾਏਗਾ। ਜਾਖੜ ਨੇ ਕਿਹਾ ਕਿ ਕਾਂਗਰਸ ਲੋਕ ਸਭਾ ਦੀਆਂ ਚੋਣਾਂ ਲਈ ਤਿਆਰ ਹੈ। ਪਾਰਟੀ ਦੀ ਟਿਕਟ ਲੈਣ ਵਾਲੇ ਉਮੀਦਵਾਰਾਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ ਦੀਆਂ ਸਭ 13 ਸੀਟਾਂ ਆਸਾਨੀ ਨਾਲ ਜਿੱਤ ਲਏਗੀ।