ਰੂਪਨਗਰ ''ਚ ਡੁੱਬਣ ਲਈ ਪਾਣੀ ਵਾਧੂ ਤੇ ਪੀਣ ਲਈ ਬੂੰਦ-ਬੂੰਦ ਨੂੰ ਤਰਸ ਰਹੇ ਲੋਕ

06/02/2020 12:56:25 PM

ਰੂਪਨਗਰ (ਸੱਜਣ ਸੈਣੀ, ਵਿਜੇ)— ਰੂਪਨਗਰ ਲਈ ਇਕ ਆਮ ਕਹਾਵਤ ਹੈ ਕਿ ਜ਼ਿਲ੍ਹਾ ਰੂਪਨਗਰ 'ਚ ਡੁੱਬਣ ਲਈ ਪਾਣੀ ਕਾਫੀ ਹੈ ਪਰ ਪੀਣ ਲਈ ਨਹੀਂ। ਰੂਪਨਗਰ ਚਾਰੋਂ ਪਾਸਿਓਂ ਨਹਿਰਾਂ ਅਤੇ ਦਰਿਆਵਾਂ ਨਾਲ ਘਿਰਿਆ ਹੋਇਆ ਹੈ ਅਤੇ ਦੇਖਣ ਵਾਲੇ ਲੋਕ ਇਹ ਕਹਿੰਦੇ ਹਨ ਕਿ ਰੂਪਨਗਰ 'ਚ ਕਦੇ ਪੀਣ ਵਾਲੇ ਪਾਣੀ ਦੀ ਘਾਟ ਨਹੀਂ ਹੋ ਸਕਦੀ ਪਰ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਰੂਪਨਗਰ ਸ਼ਹਿਰ ਦੇ ਲੋਕਾਂ ਨੂੰ ਇਸ ਤਪਦੀ ਗਰਮੀ 'ਚ ਪੀਣ ਦੇ ਪਾਣੀ ਦੀ ਸਪਲਾਈ ਨਾ ਮਿਲਣ ਨਾਲ ਇਹ ਕਹਾਵਤ ਬਿਲਕੁਲ ਸਹੀ ਢੁੱਕਦੀ ਹੈ ਕਿ ਰੂਪਨਗਰ 'ਚ ਡੁੱਬਣ ਲਈ ਪਾਣੀ ਬਹੁਤ ਹੈ ਪਰ ਪੀਣ ਲਈ ਨਹੀਂ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਈ ਵਾਰਡਾਂ 'ਚ ਪੀਣ ਦਾ ਪਾਣੀ ਨਹੀਂ ਆ ਰਿਹਾ ਅਤੇ ਕਈ ਵਾਰਡਾਂ 'ਚ ਬਹੁਤ ਘੱਟ ਪਾਣੀ ਆ ਰਿਹਾ ਹੈ, ਜੋਕਿ ਗੰਦਾ ਪਾਣੀ ਆ ਰਿਹਾ ਹੈ। ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ।

ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ ਹੋਇਆ 'ਕੋਰੋਨਾ' ਮੁਕਤ, ਆਖਰੀ ਮਰੀਜ਼ ਠੀਕ ਹੋ ਕੇ ਪਰਤਿਆ ਘਰ

ਪੰਜਾਬ ਸਰਕਾਰ ਵਲੋਂ ਰੂਪਨਗਰ ਸ਼ਹਿਰ ਲਈ 56 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਬੋਰਡ ਵਲੋਂ ਕੀਤਾ ਗਿਆ ਸੀ ਪਰ ਬੋਰਡ ਨੇ ਸ਼ਹਿਰ 'ਚ ਪਾਣੀ ਦੀ ਸਪਲਾਈ ਨੂੰ ਯਕੀਨੀ ਕਰਨ ਲਈ ਪੂਰਾ ਪ੍ਰਬੰਧ ਨਹੀਂ ਕੀਤਾ। ਜਿਸ ਕਾਰਨ ਸ਼ਹਿਰ 'ਚ ਹਾਲੇ ਵੀ ਪਾਣੀ ਦੀ ਪੂਰੀ ਸਪਲਾਈ ਨਹੀਂ ਹੋ ਰਹੀ। ਪਾਣੀ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਇਸ ਸਮੇਂ ਨਗਰ ਕੌਂਸਲ ਕੋਲ ਹੈ। ਨਗਰ ਕੌਂਸਲ ਅਤੇ ਬੋਰਡ ਅਧਿਕਾਰੀ ਪਾਣੀ ਦੀ ਸਪਲਾਈ ਲਈ ਇਕ ਦੂਜੇ 'ਤੇ ਦੋਸ਼ ਲਗਾ ਰਹੇ ਹਨ। ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਹਨ।

ਲੋਕਾਂ ਨੂੰ ਸਾਫ ਪਾਣੀ ਲੈਣ ਲਈ ਕਰੀਬ 3 ਕਿੱਲੋਮੀਟਰ ਦੂਰ ਹੈਡਵਰਕਸ ਦੀ ਠੰਡੀ ਖੂਹੀ 'ਤੇ ਜਾਣਾ ਪੈਂਦਾ ਹੈ। ਸੋਮਵਾਰ ਵਾਰਡ ਨੰ. 13 ਦੇ ਵਸਨੀਕਾਂ ਨੇ ਲਖਵਿੰਦਰਾ ਇਨਕਲੇਵ ਕਾਲੋਨੀ ਲਾਗੇ ਪਾਣੀ ਦੀ ਸਪਲਾਈ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਜਿਸ ਦੀ ਅਗਵਾਈ ਸਾਬਕਾ ਨਗਰ ਕੌਂਸਲਰ ਅਮਰਜੀਤ ਸਿੰਘ ਜੌਲੀ ਨੇ ਕੀਤੀ। ਇਸ 'ਚ ਹੋਰਨਾਂ ਤੋ ਇਲਾਵਾ ਪੂਜਾ ਸਿੱਕਾ, ਵਾਰਡ ਨਿਵਾਸੀ ਸੁਨੀਤਾ, ਸੰਜਨਾ ਦੇਵੀ, ਪੂਨਮ ਮਲਹੋਤਰਾ, ਸ਼ਸ਼ੀ ਬਾਲਾ, ਡਿੰਪਲ, ਬੌਬੀ, ਨੇਹਾ, ਸੋਨੀਆ, ਰਵੀਕਾਂਤ, ਸ਼ਿਵ ਕਾਂਤ, ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ 'ਚ ਪਿਛਲੇ ਲੱਗਭਗ 18 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀ ਹੋ ਰਹੀ। ਅਤੇ ਉਨ੍ਹਾਂ ਨੂੰ ਹੋਰ ਥਾਵਾਂ 'ਤੇ ਪਾਣੀ ਲੈਣ ਲਈ ਜਾਣਾ ਪੈਂਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਤਾਂਡਵ, ਇਕੋ ਪਰਿਵਾਰ ਦੇ 7 ਮੈਂਬਰਾਂ ਸਣੇ 10 ਨਵੇਂ ਕੇਸ ਮਿਲੇ

ਪਾਣੀ ਦੀ ਸਪਲਾਈ ਕੇਵਲ 5 ਮਿੰਟ ਲਈ ਹੀ ਪਹੁੰਚੀ : ਜੌਲੀ
ਸਾਬਕਾ ਕੌਂਸਲਰ ਅਮਰਜੀਤ ਜੌਲੀ ਨੇ ਦੱਸਿਆ ਕਿ ਸੋਮਵਾਰ ਸਿਰਫ 5 ਮਿੰਟ ਲਈ ਪਾਣੀ ਦੀ ਸਪਲਾਈ ਪਹੁੰਚੀ ਸੀ ਅਤੇ ਇਹ ਪਾਣੀ ਕਾਫੀ ਗੰਦਾ ਸੀ ਅਤੇ ਪੀਣਯੋਗ ਨਹੀਂ ਸੀ। 5 ਮਿੰਟ ਮਗਰੋਂ ਹੀ ਸਪਲਾਈ ਬੰਦ ਹੋ ਗਈ। ਉਨ੍ਹਾਂ ਕਿਹਾ ਕਿ ਜੈਲ ਸਿੰਘ ਨਗਰ 'ਚ ਪਾਣੀ ਦੀ ਸਪਲਾਈ ਕਰੀਬ 4 ਘੰਟੇ ਆਉਂਦੀ ਹੈ, ਇਸ ਲਈ ਉਨ੍ਹਾਂ ਦੇ ਵਾਰਡ 'ਚ ਵੀ ਇਹ ਸਪਲਾਈ ਚਾਰ ਘੰਟੇ ਕੀਤੀ ਜਾਵੇ। ਉਹ ਇਸ ਸਬੰਧੀ ਕਈ ਵਾਰ ਬੋਰਡ ਅਤੇ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਪਰ ਕੋਈ ਕਾਰਵਾਈ ਨਹੀ ਹੋ ਰਹੀ। ਇਸ ਲਈ ਉਹ ਹੁਣ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਆਪਣੀ ਸਮੱਸਿਆ ਲਈ ਮਿਲਣਗੇ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਸ਼ਹਿਰ 'ਚ ਆ ਰਹੀ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਜਦੋਂ ਨਗਰ ਕੌਂਸਲ ਦੇ ਏ. ਐੱਮ. ਈ. ਕੁਲਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਭਾਖੜਾ ਨਹਿਰ ਤੋਂ ਜੋ ਪਾਣੀ ਦੀ ਸਪਲਾਈ ਲਈ ਪਾਈਪ ਹੈ, ਉਹ ਛੋਟੀ ਹੋਣ ਕਰਕੇ ਪਾਣੀ ਦੀ ਪੂਰੀ ਸਪਲਾਈ ਨਹੀਂ ਆ ਰਹੀ, ਜਿਸ ਨੂੰ ਲੈ ਕੇ ਨਗਰ ਕੌਂਸਲ ਵੱਲੋਂ ਦਸ ਲੱਖ ਰੁਪਏ ਦੀ ਅਮਾਊਂਟ ਸੀਵਰੇਜ ਬੋਰਡ ਨੂੰ ਪਾਈਪ ਪਾਉਣ ਲਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਮਹੀਨੇ 'ਚ ਪਾਣੀ ਦੀ ਵੱਡੀ ਪਾਈਪ ਪੈਣ ਨਾਲ ਸ਼ਹਿਰ ਦੇ ਪੀਣ ਦੀ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਗਰਮੀਆਂ ਦੇ ਦਿਨਾਂ 'ਚ ਰੂਪਨਗਰ ਸ਼ਹਿਰ ਨੂੰ ਇਸੇ ਤਰ੍ਹਾਂ ਪੀਣ ਦੇ ਪਾਣੀ ਦੀ ਸਪਲਾਈ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਸ਼ਹਿਰ ਦੇ ਪੀਣ ਦੇ ਪਾਣੀ ਦੀ 100 ਫੀਸਦੀ ਸਪਲਾਈ ਲਈ ਖਰਚੇ ਕਰੋੜਾਂ ਰੁਪਏ 'ਤੇ ਸਵਾਲ ਚੁੱਕਣੇ ਵਾਜਿਬ ਹਨ।

ਇਹ ਵੀ ਪੜ੍ਹੋ: ਨਾਰਕੋ ਟੈਰੇਰਿਜ਼ਮ ਦੇ ਸਾਏ 'ਚ ਘਿਰਿਆ ਹੈ ਪੰਜਾਬ, ਬਰਾਮਦ ਹੋ ਰਹੇ ਨੇ ਹਾਈਟੈੱਕ ਹਥਿਆਰ

shivani attri

This news is Content Editor shivani attri