ਰੂਪਨਗਰ ਜ਼ਿਲ੍ਹੇ ''ਚ ਮਾਪਿਆਂ ਨੇ ਨਿੱਜੀ ਸਕੂਲਾਂ ਖਿਲਾਫ ਧਰਨਾ ਦੇ ਕੀਤੀ ਕਾਰਵਾਈ ਦੀ ਮੰਗ

01/04/2021 10:30:30 PM

ਰੂਪਨਗਰ, (ਵਿਜੇ ਸ਼ਰਮਾ)- ਪੇਰੇਂਟਸ ਸਕੂਲ ਐਸੋਸੀਏਸ਼ਨ ਵਲੋਂ ਸਕੂਲੀ ਫੀਸਾਂ ਵਸੂਲਣ ਵਿਰੁੱਧ ਰੋਸ ਧਰਨਾ ਲਾਇਆ ਗਿਆ ਅਤੇ ਦੋਸ਼ ਲਾਇਆ ਗਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸਕੂਲ ਮਾਫੀਆ ਨਾਲ ਮਿਲਿਆ ਹੋਇਆ ਹੈ। ਅੱਜ ਪੇਰੇਂਟਸ ਐਸੋਸੀਏਸ਼ਨ ਦੇ ਆਗੂਆਂ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਰੋਸ ਧਰਨਾ ਲਾਇਆ ਗਿਆ ਜੋ ਕਿ ਡਿਪਟੀ ਕਮਿਸ਼ਨਰ ਰੂਪਨਗਰ ਦਫਤਰ ਦੇ ਸਾਹਮਣੇ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊ ਨੇ ਦੋਸ਼ ਲਾਇਆ ਕਿ ਜ਼ਿਲਾ ਸਿੱਖਿਆ ਅਫਸਰ ਸਕੂਲਾਂ ਦੇ ਪ੍ਰਬੰਧਕਾਂ ਨਾਲ ਮਿਲਿਆ ਹੋਇਆ ਹੈ ਅਤੇ ਮਾਪਿਆਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਪ੍ਰਾਈਵੇਟ ਸਕੂਲਾਂ ਨੂੰ ਪੂਰੀਆਂ ਫੀਸਾਂ ਅਦਾ ਕਰਨ ਜਦਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਆਦੇਸ਼ ਹਨ ਕਿ ਕੇਵਲ ਸਕੂਲਾਂ ਨੂੰ ਟਿਊਸ਼ਨ ਫੀਸਾਂ ਹੀ ਜਮ੍ਹਾ ਕਰਵਾਈਆਂ ਜਾਣ ਨਾ ਕਿ ਕਿਸਮ ਦੇ ਹੋਰ ਕੋਈ ਫੰਡ।

ਉਨ੍ਹਾਂ ਕਿਹਾ ਕਿ ਸ੍ਰੀ ਫਤਿਹਗਡ਼੍ਹ ਸਾਹਿਬ ਜ਼ਿਲੇ ਵਲੋਂ ਬਕਾਇਦਾ ਤੌਰ ਟਿਊਸ਼ਨ ਫੀਸਾਂ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਪਰ ਰੂਪਨਗਰ ਦੇ ਸਿੱਖਿਆ ਅਧਿਕਾਰੀ ਅਜਿਹਾ ਨਹੀਂ ਕਰ ਰਹੇ ਜਿਸ ਨਾਲ ਮਾਪਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੱਚਿਆਂ ਦਾ ਭਵਿੱਖ ਹਨੇਰੇ ’ਚ ਜਾ ਰਿਹਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਸਕੂਲਾਂ ਨੂੰ ਕੇਵਲ ਟਿਊਸ਼ਨ ਫੀਸ ਲੈਣ ਲਈ ਹੁਕਮ ਜਾਰੀ ਕੀਤੇ ਜਾਣ ਤਾਂ ਕਿ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਧਰਨਾ ਪ੍ਰਦਰਸ਼ਨ ’ਚ ਬੱਚਿਆਂ ਦੇ ਮਾਪੇ ਅਤੇ ਬੱਚੇ ਵੀ ਸ਼ਾਮਲ ਸਨ।

Bharat Thapa

This news is Content Editor Bharat Thapa