ਰੂਪਨਗਰ : ਮਾਪਿਆਂ ਨੂੰ ਕੋਰੋਨਾ ਦੀ ਨਹੀਂ ਪ੍ਰਵਾਹ, ਫੀਸਾਂ ਨੂੰ ਲੈ ਕੇ ਸਕੂਲ ਅੱਗੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ

05/11/2021 6:30:43 PM

ਰੂਪਨਗਰ (ਸੱਜਣ ਸੈਣੀ)-ਪੰਜਾਬ ’ਚ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਲਗਾਏ ਲਾਕਡਾਊਨ ਕਾਰਨ ਨਿੱਜੀ ਸਕੂਲਾਂ ਵੱਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਜਿਸ ਦੇ ਇਵਜ਼ ’ਚ ਸਕੂਲਾਂ ਵੱਲੋਂ ਮਾਪਿਆਂ ਤੋਂ ਫੀਸਾਂ ਅਤੇ ਫੰਡ ਦੀ ਮੰਗ ਕੀਤੀ ਜਾ ਰਹੀ ਹੈ ਪਰ ਰੂਪਨਗਰ ’ਚ ਮਾਪਿਆਂ ਵੱਲੋਂ ਇਕ ਨਿੱਜੀ ਸਕੂਲ ਵੱਲੋਂ ਮੰਗੀਆਂ ਜਾ ਰਹੀਆਂ ਫ਼ੀਸਾਂ ਅਤੇ ਫੰਡ ਦਾ ਵਿਰੋਧ ਕਰਦਿਆਂ ਸਕੂਲ ਦੇ ਅੱਗੇ ਪੱਕੇ ਤੌਰ ’ਤੇ ਧਰਨਾ ਲਾ ਦਿੱਤਾ ਗਿਆ ਹੈ । ਰੂਪਨਗਰ ਦੇ ਨਿੱਜੀ ਸਕੂਲ ਸੇਂਟ ਕਾਰਮਲ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਮਾਪੇ ਸਕੂਲ ਵੱਲੋਂ ਮੰਗੀਆਂ ਜਾ ਰਹੀਆਂ ਫ਼ੀਸਾਂ ਅਤੇ ਫੰਡ ਦਾ ਵਿਰੋਧ ਕਰ ਰਹੇ ਸਨ।

PunjabKesari

ਮਾਪਿਆਂ ਦਾ ਦੋਸ਼ ਹੈ ਕਿ ਸਕੂਲਾਂ ਵੱਲੋਂ ਇਕ-ਡੇਢ ਘੰਟਾ ਆਨਲਾਈਨ ਪੜ੍ਹਾਈ ਕਰਵਾ ਕੇ ਬੱਚਿਆਂ ਤੋਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ, ਜਿਸ ਤਰ੍ਹਾਂ ਸਕੂਲ ਲੱਗਣ ਸਮੇਂ ਮੰਗੀਆਂ ਜਾਂਦੀਆਂ ਸਨ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨਾ ਤਾਂ ਸਕੂਲ ਦੀ ਬਿਲਡਿੰਗ ਵਰਤ ਰਹੇ ਨੇ ਅਤੇ ਨਾ ਹੀ ਬਿਜਲੀ ਫੂਕ ਰਹੇ ਨੇ ਪਰ ਸਕੂਲ ਪ੍ਰਬੰਧਕਾਂ ਵੱਲੋਂ ਬਿਜਲੀ ਅਤੇ ਬਿਲਡਿੰਗ ਦੇ ਫੰਡ ਵੱਖਰੇ ਤੌਰ ’ਤੇ ਵਸੂਲੇ ਜਾ ਰਹੇ ਨੇ । ਉਨ੍ਹਾਂ  ਕਿਹਾ ਕਿ ਉਹ ਸਿਰਫ਼ ਟਿਊਸ਼ਨ ਫੀਸ ਦੇਣ ਲਈ ਤਿਆਰ ਹਨ, ਇਸ ਤੋਂ ਇਲਾਵਾ ਹੋਰ ਫੰਡ ਨਹੀਂ ਦੇ ਸਕਦੇ।

PunjabKesari

ਦੂਜੇ ਪਾਸੇ ਜਦੋਂ ਮਾਪਿਆਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪਰਮਿੰਦਰ ਕੌਰ ਨੇ ਕਿਹਾ ਕਿ ਮਾਪਿਆਂ ਨੇ ਸਾਡੀ ਮੈਨੇਜਮੈਂਟ ਨਾਲ ਤਿੰਨ-ਚਾਰ ਵਾਰ ਮੀਟਿੰਗ ਵੀ ਕੀਤੀ ਸੀ ਤੇ ਉਸ ਵਿਚ ਸਾਫ ਹੋ ਗਿਆ ਕਿ ਸਾਰੇ ਬੱਚਿਆਂ ਨੂੰ ਕੰਸੈਸ਼ਨ ਬਰਾਬਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਿਊਸ਼ਨ ਫੀਸ ਤੋਂ ਇਲਾਵਾ ਕੋਈ ਵੀ ਵਾਧੂ ਚਾਰਜ ਨਹੀਂ ਵਸੂਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਮਾਪਿਆਂ ਨਾਲ ਹਰ ਮਸਲੇ ’ਤੇ ਗੱਲ ਕਰਨਾ ਚਾਹੁੰਦੇ ਹਨ ਤਾਂ ਕਿ ਕੋਈ ਹੱਲ ਨਿਕਲ ਸਕੇ। ਜ਼ਿਕਰਯੋਗ ਹੈ ਕਿ ਸਕੂਲ ਫੀਸਾਂ ਨੂੰ ਲੈ ਕੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿਚਕਾਰ ਵਿਵਾਦ ਛਿੜਿਆ ਹੋਇਆ ਹੈ ਤੇ ਇਸ ਸਭ ਵਿਚਾਲੇ ਰੂਪਨਗਰ ਪ੍ਰਸ਼ਾਸਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਚੁੱਪ ਬੈਠੇ ਨੇ, ਜਦਕਿ ਚਾਹੀਦਾ ਸੀ ਕਿ ਰੂਪਨਗਰ ਪ੍ਰਸ਼ਾਸਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਮਾਮਲੇ ਵਿਚ ਪੈ ਕੇ ਇਸ ਸਮੱਸਿਆ ਦਾ ਹੱਲ ਕਰਦੇ ਤਾਂ ਜੋ ਮਾਪਿਆਂ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ ਸਕੂਲ ਅੱਗੇ ਧਰਨੇ ਲਗਾਉਣ ਲਈ ਮਜਬੂਰ ਨਾ ਹੋਣਾ ਪੈਂਦਾ ।


Manoj

Content Editor

Related News