ਮੇਜਰ ਸਿੰਘ ਤੇ ਸਿਮਰਨਜੀਤ ਸਿੰਘ ਦੇ ਵਿਵਾਦ ਵਿਚ ਫੇਸਬੁੱਕ ਵਾਰ ਸ਼ੁਰੂ

01/18/2021 6:17:49 PM

ਜਲੰਧਰ (ਵਰੁਣ)-ਖਾਦੀ ਬੋਰਡ ਪੰਜਾਬ ਦੇ ਡਾਇਰੈਕਟਰ ਮੇਜਰ ਸਿੰਘ ਤੇ ਆਰ. ਟੀ. ਆਈ. ਐਕਟੀਬਿਸਟ ਸਿਮਰਨਜੀਤ ਸਿੰਘ ਦਰਮਿਆਨ ਜੇ. ਡੀ. ਏ. ਦਫਤਰ ਬਾਹਰ ਹੋਇਆ ਵਿਵਾਦ ਹੁਣ ਫੇਸਬੁੱਕ ਵਾਰ ਵਲ ਚਲਾ ਗਿਆ ਹੈ। ਇਸ ਦੀ ਸ਼ੁਰੂਆਤ ਸਿਮਰਨਜੀਤ ਸਿੰਘ ਨੇ ਕੀਤੀ। ਜਿਨ੍ਹਾਂ ਐਤਵਾਰ ਨੂੰ ਫੇਸਬੁੱਕ ’ਤੇ ਲਾਈਵ ਹੋ ਕੇ ਮੇਜਰ ਸਿੰਘ ’ਤੇ ਬੇਨਾਮੀ ਕਾਲੋਨੀਆਂ ਕੱਟ ਕੇ 50 ਕਰੋੜ ਰੁਪਏ ਦਾ ਫਰਾਡ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਇਸ ਦੀ ਜਾਂਚ ਨਾ ਕੀਤੀ ਗਈ ਤਾਂ ਇਹ ਫਰਾਡ 100 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

ਫੇਸਬੁੱਕ ’ਤੇ ਲਾਈਵ ਹੋ ਕੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਲਗਭਗ 30 ਰਜਿਸਟਰੀਆਂ ਹਨ, ਜੋ ਤਹਿਸੀਲਦਾਰਾਂ ਦੀ ਮਿਲੀਭੁਗਤ ਨਾਲ ਹੋਈਆਂ ਅਤੇ ਬਿਨਾਂ ਐੱਨ. ਓ. ਸੀ. ਦੇ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਰਜਿਸਟਰੀਆਂ ਪਾਰਟਸ ਵਿਚ ਨਹੀਂ ਹੋ ਸਕਦੀਆਂ ਸਨ , ਉਹ ਵੀ ਮਿਲੀਭੁਗਤ ਨਾਲ ਕਰਵਾ ਦਿੱਤੀਆਂ ਗਈਆਂ, ਜਿਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਜਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਫ਼ੀ ਘੱਟ ਕੀਮਤ ’ਤੇ ਰਜਿਸਟਰੀਆਂ ਕਰਵਾਈਆਂ ਹਨ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਕਾਲੇ ਧੰਨ ਦਾ ਲੈਣ-ਦੇਣ ਹੋਇਆ ਹੈ। ਸਿਮਰਨਜੀਤ ਸਿੰਘ ਨੇ ਮੇਜਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਅਸ਼ਟਾਮ ਡਿਊਟੀ ਚੋਰੀ ਕਰਨ ਅਤੇ ਰੈਵੇਨਿਊ ਨੂੰ ਚੂਨਾ ਲਾਉਣ ਦੇ ਵੀ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ

ਉਨ੍ਹਾਂ ਕਿਹਾ ਕਿ ਰਜਿਸਟਰੀਆਂ ਦੇ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕੁਝ ਲੋਕਾਂ ਦਾ ਨਾਂ ਲੈ ਕੇ ਕਿਹਾ ਕਿ ਉਕਤ ਲੋਕਾਂ ਦੇ ਕਾਰੋਬਾਰ ਅਤੇ ਇਨਕਮ ਟੈਕਸ ਰਿਟਰਨ ਦੀ ਜਾਂਚ ਹੋਵੇ ਤਾਂ ਸਾਰੇ ਨੈਕਸਸ ਦਾ ਭਾਂਡਾ ਭੱਜ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਤੋਂ ਲੈ ਕੇ ਸੀ. ਬੀ. ਆਈ., ਇਨਕਮ ਟੈਕਸ ਮਹਿਕਮਾ ਅਤੇ ਈ. ਡੀ. ਤੋਂ ਜਲਦ ਹੀ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਪਤਾ ਲਾਇਆ ਜਾਵੇਗਾ ਕਿ ਮੇਜਰ ਸਿੰਘ ਨੂੰ ਕਿਹੜੇ-ਕਿਹੜੇ ਸਿਆਸੀ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ। ਫੇਸਬੁੱਕ ’ਤੇ ਲਾਈਵ ਹੋ ਕੇ ਸਿਮਰਨਜੀਤ ਸਿੰਘ ਨੇ ਧਾਰੀਵਾਲ ਵਿਚ ਸਥਿਤ ਇਕ ਕਾਲੋਨੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਕ ਨਾਇਬ ਤਹਿਸੀਲਦਾਰ ਦੇ ਪਿਤਾ ਨੇ ਉਹ ਕਾਲੋਨੀ ਕੱਟੀ ਪਰ ਪੁੱਡਾ ਨੇ ਉਸ ਕਾਲੋਨੀ ’ਤੇ ਨਾਜਾਇਜ਼ ਕਾਲੋਨੀ ਦਾ ਬੋਰਡ ਵੀ ਲਾਇਆ ਪਰ ਇਸ ਦੇ ਬਾਵਜੂਦ ਉਸ ਕਾਲੋਨੀ ਦੀ ਰਜਿਸਟਰੀ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਨਾਇਬ ਤਹਿਸੀਲਦਾਰ ਦੇ ਪਿਤਾ ਨੇ ਉਹ ਕਾਲੋਨੀ ਕੱਟੀ। ਉਹ ਨਾਇਬ ਤਹਿਸੀਲਦਾਰ ਉਸੇ ਇਲਾਕੇ ਦਾ ਹੈ।

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ’ਤੇ UAPA ਲਾ ਕੇ ਭਾਜਪਾ ਫੈਲਾਅ ਰਹੀ ਹੈ ਰਾਜਨੀਤਿਕ ਅੱਤਵਾਦ : ਖਹਿਰਾ

ਉਨ੍ਹਾਂ ਕਿਹਾ ਕਿ ਮੇਜਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਹਾਊਸ ਪ੍ਰਾਜੈਕਟ ਦੀ ਆੜ ਵਿਚ ਜੀ. ਐੱਸ. ਟੀ. ਦੀ ਵੀ ਚੋਰੀ ਕਰ ਰਹੇ ਹਨ, ਜਿਸ ਸਬੰਧੀ ਉਹ ਜਲਦ ਹੀ ਭਾਰਤ ਦੇ ਵਿੱਤ ਮੰਤਰੀ ਨੂੰ ਸ਼ਿਕਾਇਤ ਦੇਣਗੇ। ਲਗਭਗ 26 ਮਿੰਟ ਦੀ ਇਸ ਵੀਡੀਓ ਵਿਚ ਸਿਮਰਨਜੀਤ ਸਿੰਘ ਨੇ ਇਹ ਵੀ ਕਿਹਾ ਕਿ ਮੇਜਰ ਸਿੰਘ ਪਨਸਪ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਦੇ ਵੀ ਨਹੀਂ ਹੋ ਸਕੇ। ਜਿਨ੍ਹਾਂ ਨੇ ਉਸ ਨੂੰ ਬਣਾਇਆ ਸੀ। ਉਹ ਅਗਲੀ ਵੀਡੀਓ ਵਿਚ ਹੋਰ ਖੁਲਾਸੇ ਕਰਨਗੇ। ਦੂਜੇ ਪਾਸੇ ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਮੇਜਰ ਸਿੰਘ ’ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਜਦੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ :  ‘ਆਪ’ ਨੂੰ ਵੱਡਾ ਝਟਕਾ, 4 ਵੱਡੇ ਆਗੂਆਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri