RTA ਦਫਤਰ 'ਚ ਆਇਆ ਜਾਅਲੀ ਲਾਇਸੈਂਸਾਂ ਦਾ ਹੜ੍ਹ

03/08/2019 1:35:28 PM

ਜਲੰਧਰ (ਅਮਿਤ)— ਆਰ. ਟੀ. ਏ. ਦਫਤਰ ਜਲੰਧਰ ਵਿਚ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਹੀ  ਜਾਅਲੀ ਲਾਇਸੈਂਸਾਂ ਦਾ ਹੜ੍ਹ ਜਿਹਾ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲਗਭਗ ਰੋਜ਼ ਹੀ ਕੋਈ ਨਾ ਕੋਈ ਅਰਜ਼ੀ ਅਜਿਹੀ ਆਉਂਦੀ ਹੈ ਜਿਸ ਵਿਚ ਬਿਨੈਕਾਰ ਦੇ ਲਾਇਸੈਂਸ ਰੀਨਿਊਅਲ ਨੂੰ ਇਹ  ਕਹਿ ਕੇ ਨਾ-ਮਨਜ਼ੂਰ ਕੀਤਾ ਜਾ ਰਿਹਾ ਹੈ ਕਿ ਤੁਹਾਡਾ ਲਾਇਸੈਂਸ ਤਾਂ ਜਾਅਲੀ ਹੈ, ਇਹ ਰੀਨਿਊ  ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਸੂਬੇ ਦਾ ਟਰਾਂਸਪੋਰਟ ਵਿਭਾਗ ਜਿਸ ਨੂੰ ਕਾਫੀ ਕਮਾਈ  ਵਾਲਾ ਵਿਭਾਗ ਮੰਨਿਆ ਜਾਂਦਾ ਹੈ ਅਤੇ ਉਸ ਦੇ ਅਧੀਨ ਆਉਣ ਵਾਲਾ ਜਲੰਧਰ ਆਰ. ਟੀ. ਏ. ਦਫਤਰ  ਪੂਰੇ ਸੂਬੇ ਵਿਚ ਨਿੱਜੀ ਕੰਪਨੀ ਦੇ ਸਟਾਫ ਵਲੋਂ ਕੀਤੇ ਜਾਣ ਵਾਲੇ ਕਾਲੇ ਕਾਰਨਾਮਿਆਂ ਕਾਰਨ  ਅਕਸਰ ਚਰਚਾ ਵਿਚ ਬਣਿਆ ਰਹਿੰਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਦਰਜਨਾਂ ਘਪਲੇ ਸਾਹਮਣੇ  ਆਏ ਹਨ ਜਿਸ ਵਿਚ ਕਰੋੜਾਂ ਰੁਪਏ ਦੀ ਮੋਟੀ ਕਮਾਈ ਕਰ ਕੇ ਆਰ. ਟੀ. ਏ. ਦਫਤਰ ਵਿਚ ਕੰਮ ਕਰਨ  ਵਾਲੀ ਨਿੱਜੀ ਕੰਪਨੀ ਅਤੇ ਸਰਕਾਰੀ ਕਰਮਚਾਰੀਆਂ ਦੇ ਬਾਰੇ-ਨਿਆਰੇ ਹੋ ਚੁੱਕੇ ਹਨ। ਭਾਵੇਂ  ਹੈਵੀ ਲਾਈਸੈਂਸ ਘਪਲਾ ਹੋਵੇ, ਬੈਕਲਾਗ ਐਂਟਰੀ ਘਪਲਾ, ਆਰ. ਸੀ. ਦੇ ਅੰਦਰ ਪੁਰਾਣੀਆਂ  ਗੱਡੀਆਂ ਦੇ ਮਾਡਲ ਬਦਲਣ, ਨਕੋਦਰ ਵਿਚ ਐੱਸ. ਡੀ. ਐੱਮ. ਦੇ ਹਸਤਾਖਰ ਕੀਤੇ ਹੀ ਸੈਂਕੜੇ  ਜਾਅਲੀ ਲਾਇਸੈਂਸ ਜਾਰੀ ਕਰਨਾ, ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨਾ, ਕਿਸੇ ਹੋਰ ਵਿਅਕਤੀ  ਦੇ ਲਾਇਸੈਂਸ ਨੰਬਰ 'ਤੇ ਦੂਜੇ ਜ਼ਿਲਿਆਂ ਤੋਂ ਹੈਵੀ ਲਾਇਸੈਂਸ ਜਾਰੀ ਕਰਨਾ, ਸਰਕਾਰੀ  ਰਿਕਾਰਡ 'ਚ ਛੇੜਛਾੜ ਕਰਨਾ, ਕਿਸੇ ਹੋਰ ਵਿਅਕਤੀ ਦੇ ਲਾਇਸੈਂਸ ਨੰਬਰ 'ਤੇ ਦੂਜੇ ਜ਼ਿਲਿਆਂ  'ਚ ਹੈਵੀ ਲਾਇਸੈਂਸ ਜਾਰੀ ਕਰਨਾ, ਬਿਨਾਂ ਲਰਨਿੰਗ ਲਾਇਸੈਂਸ ਬਣਾਏ ਸਿੱਧਾ ਡਾਇਰੈਕਟ ਲਾਇਸੈਂਸ  ਜਾਰੀ ਕਰਨਾ ਹੋਵੇ, ਹਰ ਕਿਸੇ ਵਿਚ ਜਲੰਧਰ ਦੇ ਤਾਰ ਜੁੜੇ ਹੋਏ ਪਾਏ ਗਏ ਹਨ ਪਰ ਬੇਹੱਦ  ਹੈਰਾਨੀ ਵਾਲੀ ਗੱਲ ਹੈ ਕਿ ਅੱਜ ਤਕ ਕਿਸੇ ਵੀ ਕਰਮਚਾਰੀ 'ਤੇ ਠੋਸ ਕਾਰਵਾਈ ਨਹੀਂ ਕੀਤੀ ਗਈ  ਜਿਸ ਕਾਰਨ ਹਰ ਤਰ੍ਹਾਂ ਦੇ ਗਲਤ ਕੰਮ ਅੱਜ ਵੀ ਜਾਰੀ ਹਨ। ਵੱਖ-ਵੱਖ ਘਪਲਿਆਂ ਵਿਚ ਦੋਸ਼ੀ  ਕਿਸੇ ਕਰਮਚਾਰੀ 'ਤੇ ਤਾਂ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ ਪਰ ਬਿਨਾਂ ਕਸੂਰ ਕੀਤਿਆਂ ਆਮ  ਜਨਤਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਜੋ ਲੋਕ ਆਰ. ਟੀ. ਏ. ਦਫਤਰ ਵਿਚ ਆਪਣੀ  ਫਰਿਆਦ ਕਰ ਰਹੇ ਹਨ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। 

ਸਟਾਫ ਤੇ ਅਧਿਕਾਰੀਆਂ ਨੇ ਸਾਫ  ਤੌਰ 'ਤੇ ਆਪਣਾ ਪੱਲਾ ਝਾੜ ਲਿਆ ਹੈ ਅਤੇ ਕਹਿਣ ਲੱਗੇ ਹਨ ਕਿ ਇਹ ਸਾਰੇ ਲਾਇਸੈਂਸ ਜਾਅਲੀ  ਹਨ ਅਤੇ ਸਾਬਕਾ ਅਧਿਕਾਰੀ ਦੇ ਸਮੇਂ ਬਣੇ ਸਨ। ਇਸ ਲਈ ਉਹ ਇਸ ਵਿਚ ਕੋਈ ਮਦਦ ਨਹੀਂ ਕਰ  ਸਕਦੇ। ਇਸ ਸਬੰਧ ਵਿਚ ਜਦੋਂ ਸੈਕਟਰੀ ਆਰ. ਟੀ. ਏ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ  ਉਨ੍ਹਾਂ ਫੋਨ ਨਹੀਂ ਚੁੱਕਿਆ ਇਸ ਕਾਰਨ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।

5 ਸਾਲ ਇਸੇ ਲਾਇਸੈਂਸ ਨਾਲ ਚਲਾਈ ਗੱਡੀ, ਹੁਣ ਕਿਵੇਂ ਹੋ ਗਿਆ ਜਾਅਲੀ?
ਜਿਨ੍ਹਾਂ  ਲੋਕਾਂ ਦੇ ਲਾਇਸੈਂਸ ਜਾਅਲੀ ਦੱਸੇ ਜਾ ਰਹੇ ਹਨ ਉਨ੍ਹਾਂ ਵਿਚੋਂ ਇਕ ਬਿਨੈਕਾਰ ਹਾਊਸ ਨੰਬਰ  540 ਚੁਗਿੱਟੀ ਵਾਸੀ ਪ੍ਰੇਮ ਚੰਦ ਨੇ ਕਿਹਾ ਕਿ ਜੇਕਰ ਉਸ ਦਾ ਲਾਇਸੈਂਸ ਜਾਅਲੀ ਸੀ ਤਾਂ  ਉਹ 5 ਸਾਲਾਂ ਤਕ ਸੜਕਾਂ 'ਤੇ ਗੱਡੀ ਕਿਵੇਂ ਚਲਾਉਂਦਾ ਰਿਹਾ? ਇੰਨਾ ਹੀ ਨਹੀਂ, ਜਿਸ  ਅਧਿਕਾਰੀ ਨੇ ਉਸ ਦੇ ਲਾਇਸੈਂਸ ਨੂੰ ਅਪਰੂਵਲ ਕੀਤਾ, ਜਿਸ ਕਰਮਚਾਰੀ ਨੇ ਬੈਕਲਾਗ ਐਂਟਰੀ  ਕੀਤੀ ਅਤੇ ਜਿਸ ਨੇ ਲਾਇਸੈਂਸ ਦਾ ਪ੍ਰਿੰਟ ਕੱਢਿਆ ਅਤੇ ਦਸਤਾਵੇਜ਼ ਚੈੱਕ ਕੀਤੇ, ਕੀ ਸਾਰੇ  ਆਪਸ ਵਿਚ ਮਿਲੇ ਹੋਏ ਸਨ ਕਿਉਂਕਿ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਜੋ ਲਾਇਸੈਂਸ ਜਾਅਲੀ ਹੈ  ਉਹ ਕਿਸੇ ਵੀ ਪੱਧਰ 'ਤੇ ਪਕੜ ਵਿਚ ਨਾ ਆ ਸਕੇ। ਪ੍ਰੇਮ ਚੰਦ ਨੇ ਕਿਹਾ ਕਿ ਇਸ ਵਿਚ  ਉਨ੍ਹਾਂ ਦਾ ਕੀ ਕਸੂਰ ਹੈ? ਲਾਇਸੈਂਸ ਤੋਂ ਬਿਨਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰੇਗਾ  ਅਤੇ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰੇਗਾ ਕਿਉਂਕਿ ਉਹ ਇਕ ਸਕੂਲ ਵਿਚ ਬਤੌਰ ਡਰਾਈਵਰ  ਨੌਕਰੀ ਕਰਦਾ ਸੀ ਪਰ ਲਾਇਸੈਂਸ ਨੂੰ ਜਾਅਲੀ ਦੱਸਣ 'ਤੇ ਉਸ ਨੂੰ ਨੌਕਰੀ ਤੋਂ ਵੀ ਕੱਢ  ਦਿੱਤਾ ਗਿਆ ਹੈ, ਹੁਣ ਉਹ ਗੱਡੀ ਕਿਵੇਂ ਚਲਾ ਸਕੇਗਾ।

ਲਾਇਸੈਂਸ ਰੱਦ ਕਰਨ ਜਾਂ ਲਿਖਤੀ ਤੌਰ 'ਤੇ ਸੂਚਿਤ ਕਰਨ ਦੀ ਨਹੀਂ ਕੀਤੀ ਗਈ ਕੋਈ ਕਾਰਵਾਈ
ਇਸ  ਪੂਰੇ ਮਾਮਲੇ ਵਿਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਹੈ ਕਿ 3-4 ਸਾਲ ਪਹਿਲਾਂ ਆਰ.  ਟੀ. ਏ. ਦਫਤਰ ਤੋਂ ਬਣੇ ਜਾਅਲੀ ਲਾਇਸੈਂਸਾਂ ਨੂੰ ਲੈ ਕੇ ਉਸ ਸਮੇਂ ਨਾ ਤਾਂ ਕੋਈ ਠੋਸ  ਕਾਰਵਾਈ ਕੀਤੀ ਗਈ ਤੇ ਨਾ ਹੀ ਅੱਜ ਤਕ ਕਿਸੇ ਅਧਿਕਾਰੀ ਨੇ ਇੰਨਾ ਹੌਸਲਾ ਦਿਖਾਇਆ। ਜਾਅਲੀ  ਲਾਇਸੈਂਸਾਂ ਨੂੰ ਰੱਦ ਕਰਨ ਜਾਂ ਲਿਖਤੀ ਤੌਰ 'ਤੇ ਇਸ ਦੀ ਸੂਚਨਾ ਦੇਣ ਸਬੰਧੀ ਦਫਤਰ ਨੇ  ਕੋਈ ਕਾਰਵਾਈ ਨਹੀਂ ਕੀਤੀ ਜਿਸ ਦਾ ਨਤੀਜਾ ਹੈ ਕਿ ਸਾਬਤ ਹੋਣ ਦੇ ਬਾਵਜੂਦ ਜਾਅਲੀ ਲਾਇਸੈਂਸ  ਧਾਰਕ ਸੜਕਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਵਾਹਨ ਚਲਾ ਰਹੇ ਹਨ। ਸਾਬਕਾ ਅਧਿਕਾਰੀ ਤੇ

ਟਰੈਕ ਇੰਚਾਰਜ ਦੇ ਕਾਰਜਕਾਲ 'ਚ ਦਰਜ ਹੋਈਆਂ ਸ਼ਿਕਾਇਤਾਂ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜਿਹੇ ਲਾਇਸੈਂਸਾਂ ਵਿਚੋਂ ਜ਼ਿਆਦਾਤਰ ਇਕ ਸਾਬਕਾ ਅਧਿਕਾਰੀ ਅਤੇ ਨਿੱਜੀ ਕੰਪਨੀ ਦੇ ਟਰੈਕ ਇੰਚਾਰਜ ਦੇ ਕਾਰਜਕਾਲ ਦੌਰਾਨ ਬਣਾਏ ਗਏ ਸਨ। ਸੈਂਕੜੇ ਦੀ  ਗਿਣਤੀ ਵਿਚ ਬਣੇ ਜਾਅਲੀ ਲਾਇਸੈਂਸਾਂ ਨੂੰ ਲੈ ਕੇ ਬਕਾਇਦਾ ਤੌਰ 'ਤੇ ਸ਼ਿਕਾਇਤ ਵੀ ਦਰਜ ਹੋਈ ਸੀ। ਤੱਤਕਾਲੀਨ ਅਧਿਕਾਰੀ ਨੇ ਵੀ ਇਸ ਗੱਲ ਨੂੰ ਜਨਤਕ ਤੌਰ 'ਤੇ ਮੰਨਿਆ ਸੀ ਪਰ ਉਸ ਸਮੇਂ  ਇਕ ਵੀ ਲਾਇਸੈਂਸ ਨੂੰ ਰੱਦ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਦਾ ਨਤੀਜਾ ਹੈ  ਕਿ ਕੁਝ ਸਾਲਾਂ ਬਾਅਦ ਆਰ. ਟੀ. ਏ. ਦਫਤਰ ਵਿਚ ਪੁਰਾਣੇ ਬਣੇ ਜਾਅਲੀ ਲਾਇਸੈਂਸਾਂ ਦੀਆਂ ਅਰਜ਼ੀਆਂ ਧੜਾਧੜ ਆਉਣੀਆਂ ਆਰੰਭ ਹੋ ਚੁੱਕੀਆਂ ਹਨ।ਆਰ. ਟੀ. ਏ. ਨੇ ਕਿਹਾ ਸਾਬਕਾ ਅਧਿਕਾਰੀ ਦੇ ਸਮੇਂ ਬਣੇ ਜਾਅਲੀ ਲਾਇਸੈਂਸਾਂ ਨੂੰ ਲੈ ਕੇ ਉਹ ਮਜਬੂਰ
ਪ੍ਰੇਮ  ਚੰਦ ਨੇ ਕਿਹਾ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਸੈਕਟਰੀ ਆਰ. ਟੀ. ਏ. ਨਇਨ ਜੱਸਲ ਕੋਲ  ਗਏ ਸਨ ਪਰ ਉਨ੍ਹਾਂ ਇਹ ਕਹਿੰਦਿਆਂ ਕਿਸੇ ਵੀ ਮਦਦ ਤੋਂ ਇਨਕਾਰ ਕਰ ਦਿੱਤਾ ਕਿ ਤੁਹਾਡਾ  ਲਾਇਸੈਂਸ ਸਾਬਕਾ ਆਰ. ਟੀ. ਏ. ਦੇ ਸਮੇਂ ਬਣਿਆ ਹੈ ਕਿਉਂਕਿ ਉਸ ਸਮੇਂ ਕਾਫੀ ਵੱਡੀ ਗਿਣਤੀ  ਵਿਚ ਜਾਅਲੀ ਲਾਇਸੈਂਸ ਬਣੇ ਸਨ ਇਸ ਲਈ ਉਹ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਬੇਵੱਸ ਹਨ। 

3 ਸਾਲ ਦਾ ਪੀਰੀਅਡ ਪੂਰਾ ਹੋਣ ਵਾਲਾ ਹੈ, ਸੈਂਕੜਿਆਂ ਦੀ ਗਿਣਤੀ ਵਿਚ ਆਉਣਗੇ ਜਾਅਲੀ ਲਾਇਸੈਂਸ

2016  ਵਿਚ ਸਾਹਮਣੇ ਆਏ ਹੈਵੀ ਲਾਇਸੈਂਸ ਘਪਲਿਆਂ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਜਾਅਲੀ  ਲਾਇਸੈਂਸ ਜਾਰੀ ਹੋਣ ਦੀ ਗੱਲ ਸਾਹਮਣੇ ਆਈ ਸੀ, ਤਦ ਤੋਂ ਲੈ ਕੇ ਹੁਣ ਤਕ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਜਲਦੀ ਹੀ ਆਰ. ਟੀ. ਏ. ਦਫਤਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਜਾਅਲੀ  ਲਾਇਸੈਂਸ ਰੀਨਿਊ ਹੋਣ ਲਈ ਆਉਣ ਵਾਲੇ ਹਨ ਜਿਸ ਨਾਲ ਇਥੇ ਕੰਮ ਕਰਨ ਵਾਲੇ ਸਟਾਫ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

Shyna

This news is Content Editor Shyna