ਆਰ.ਐੱਸ.ਐੱੱਸ. ਚੀਫ ਵਿਰੁੱਧ ਅਕਾਲੀ ਨੇਤਾ ਵੱਲੋਂ ਸੋਸ਼ਲ ਮੀਡੀਆ ’ਤੇ ਅਸ਼ੋਭਨੀਕ ਟਿੱਪਣੀ ਕਰਨ ਦਾ ਮਾਮਲਾ

01/07/2021 1:25:03 PM

ਜਲੰਧਰ(ਮਿ੍ਦੁਲ): ਸੋਸ਼ਲ ਮੀਡੀਆ ’ਤੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਮਾਣਯੋਗ ਸਰਸੰਘਚਾਲਕ ਮੋਹਨ ਭਾਗਵਤ ਵਿਰੁੱਧ ਅਪਮਾਨਜਨਕ ਫੋਟੋ ਲਗਵਾ ਕੇ ਉਸ ’ਤੇ ਅਸ਼ੋਭਨੀਕ ਟਿੱਪਣੀ ਕਰਨ ਵਾਲੇ ਯੂਥ ਅਕਾਲੀ ਦਲ ਦੇ ਨੇਤਾ ਅਯੂਬ ਖਾਨ ਦੁੱਗਲ ਖ਼ਿਲਾਫ਼ ਪੁਲਸ ਵੱਲੋਂ ਕਾਰਵਾਈ ਨਾ ਕਰਨ ਕਾਰਣ ਸੰਘ ਵਰਕਰਾਂ ’ਚ ਰੋਸ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਸੰਘ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਅਤੇ ਰਾਜਪਾਲ ਦੇ ਨਾਂ ਮੰਗ-ਪੱਤਰ ਦੇਣ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ, ਹਾਲਾਂਕਿ ਸੰਘ ਵੱਲੋਂ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੂੰ ਪਿਛਲੇ ਦਿਨੀਂ ਕਿਹਾ ਗਿਆ ਸੀ ਕਿ ਅਜੇ ਤਾਂ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੇ ਹਨ। ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਅੰਦੋਲਨ ਤੇਜ਼ ਕਰਾਂਗੇ ਤੇ ਜਗ੍ਹਾ-ਜਗ੍ਹਾ ਪੁਲਸ ਅਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਾਂਗੇ।
ਇਸ ਸਬੰਧੀ ਮਹਾਨਗਰ ਸੰਘਚਾਲਕ ਡਾ. ਸਤੀਸ਼ ਸ਼ਰਮਾ ਨੇ ਪੁਲਸ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਵੱਲੋਂ ਕਾਰਵਾਈ ਦੇ ਨਾਂ ’ਤੇ ਰਾਜ਼ੀਨਾਮੇ ਦਾ ਦਬਾਅ ਬਣਾਇਆ ਗਿਆ ਹੈ, ਜਿਸ ਨਾਲ ਸਾਫ ਤੌਰ ’ਤੇ ਜ਼ਾਹਿਰ ਹੁੰਦਾ ਹੈ ਕਿ ਪੁਲਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਉਕਤ ਹਰਕਤ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਕ ਸੋਚੀ ਸਮਝੀ ਸਾਜ਼ਿਸ਼ ਹੈ ਅਤੇ ਅਯੂਬ ਖਾਨ ਦੁੱਗਲ ਵੱਲੋਂ ਅਸ਼ੋਭਨੀਕ ਟਿੱਪਣੀ ਕਰਨਾ ਨਿੰਦਣਯੋਗ ਹੈ। ਉਥੇ ਹੀ ਦੂਜੇ ਪਾਸੇ ਪੁਲਸ ਕਮਿਸ਼ਨਰ ਨੇ ਕਾਰਵਾਈ ਕਰਨ ਦੇ ਨਾਂ ’ਤੇ ਸਿਰਫ਼ ਗੱਲਬਾਤ ਹੀ ਕੀਤੀ ਹੈ, ਜਦਕਿ ਉਨ੍ਹਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ। ਇਸ ਕਾਰਣ ਉਨ੍ਹਾਂ ਨੇ ਹਾਰ ਕੇ ਮੁੱਖ ਮੰਤਰੀ ਤੇ ਰਾਜਪਾਲ ਦੇ ਨਾਂ ਮੰਗ-ਪੱਤਰ ਦਿੱਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦੇਸ਼ ਪ੍ਰਤੀ ਸਮਰਪਿਤ ਸੰਗਠਨ ਹੈ, ਜੋ ਦੇਸ਼ ਹਿੱਤ ’ਚ ਸੋਚਦਾ ਹੈ ਅਤੇ ਇਸ ਸੰਗਠਨ ਨਾਲ ਹਰ ਧਰਮ ਅਤੇ ਭਾਈਚਾਰੇ ਦੇ ਲੋਕ ਜੁੜੇ ਹੋਏ ਹਨ, ਇਸ ਲਈ ਉਸ ਵੱਲੋਂ ਅੱਜ ਤੱਕ ਕਿਸੇ ਵੀ ਧਰਮ ਜਾਂ ਜਾਤੀ ਵਿਰੁੱਧ ਕੋਈ ਟਿੱਪਣੀ ਨਹੀਂ ਕੀਤੀ ਗਈ। ਉਲਟਾ ਭਾਰਤ ਵਿਰੋਧੀ ਤਾਕਤਾਂ ਉਸ ਨੂੰ ਤੋੜਨ ਲਈ ਸਮੇਂ-ਸਮੇਂ ਅਜਿਹਾ ਕੰਮ ਰਹੀਆਂ ਹਨ।
 

Aarti dhillon

This news is Content Editor Aarti dhillon