3 ਲੁਟੇਰੇ ਪਿਸਤੌਲ ਦੇ ਦਮ ''ਤੇ 85 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ

07/24/2020 2:14:48 AM

ਮੇਹਟੀਆਣਾ,(ਸੰਜੀਵ/ਅਮਰਿੰਦਰ)-ਥਾਣਾ ਮੇਹਟੀਆਣਾ ਅਧੀਨ ਪੈਂਦੇ ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ 'ਤੇ ਸਥਿਤ ਅੱਡਾ ਅਹਿਰਾਣਾ ਖੁਰਦ ਵਿਖੇ ਗ੍ਰਾਮ ਸੁਵਿਧਾ ਕੇਂਦਰ, (ਸੁੱਖ ਸਿਮਰਨ ਇੰਟਰਪ੍ਰਾਈਜ਼ਿਜ) ਤੋਂ ਕਾਲੇ ਪਲਸਰ ਮੋਟਰਸਾਈਕਲ 'ਤੇ ਸਵਾਰ ਤਿੰਨ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਅੱਜ ਦਿਨ-ਦਿਹਾੜੇ 85 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਸੁਵਿਧਾ ਕੇਂਦਰ ਦੇ ਮਾਲਕ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅਹਿਰਾਣਾ ਕਲਾਂ ਨੇ ਦੱਸਿਆ ਕਿ ਉਹ ਵਿਦੇਸ਼ੀ ਕਰੰਸੀ ਬਦਲਣ ਦਾ ਕੰਮ ਕਰਦਾ ਹੈ। ਅੱਜ ਦੁਪਹਿਰ ਕਰੀਬ ਢਾਈ ਵਜੇ ਉਹ ਆਪਣੇ ਕਰਿੰਦਿਆਂ ਨੂੰ ਦੁਕਾਨ 'ਤੇ ਛੱਡ ਕੇ ਕਿਸੇ ਕੰਮ ਲਈ ਪਿੰਡ ਵਿਚ ਹੀ ਲੋਕਲ ਬੈਂਕ ਗਿਆ ਸੀ। ਇਸ ਦੌਰਾਨ ਤਿੰਨ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਉਸ ਦੀ ਦੁਕਾਨ ਅੰਦਰ ਦਾਖਲ ਹੋਏ ਅਤੇ ਆਪਣੀ ਡੱਬ ਵਿਚੋਂ ਪਿਸਤੌਲਾਂ ਕੱਢ ਲਈਆਂ। ਇਕ ਨੇ ਕਰਿੰਦੇ ਦੀ ਕੰਨਪਟੀ 'ਤੇ ਪਿਸਤੌਲ ਰੱਖ ਕੇ ਉਸ ਨੂੰ ਸਾਰੀ ਕਰੰਸੀ ਆਪਣੇ ਹਵਾਲੇ ਕਰਨ ਲਈ ਕਿਹਾ। ਕਰਿੰਦਾ ਪਿਸਤੌਲ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਕਰੰਸੀ ਵਾਲੇ ਦਰਾਜ ਵੱਲ ਇਸ਼ਾਰਾ ਕਰ ਦਿੱਤਾ। ਜਿੱਥੋਂ ਕਿ ਤਿੰਨੋਂ ਲੁਟੇਰੇ 85 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਕਾਲੇ ਪਲਸਰ 'ਤੇ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਵੱਲ ਰਫੂ ਚੱਕਰ ਹੋ ਗਏ। ਉਕਤ ਲੁਟੇਰੇ ਜਾਂਦੇ ਸਮੇਂ ਆਪਣੇ ਹਥਿਆਰ ਨਾਲ ਜ਼ਮੀਨ ਵੱਲ ਇਕ ਫਾਇਰ ਵੀ ਕਰ ਗਏ।

ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਆਰ. ਦਵਿੰਦਰ ਸਿੰਘ ਸੰਧੂ, ਥਾਣਾ ਮੇਹਟੀਆਣਾ ਤੋਂ ਐੱਸ. ਐੱਚ. ਓ. ਮਨਮੋਹਨ ਕੁਮਾਰ ਤੇ ਏ. ਐੱਸ. ਆਈ. ਗੁਰਮਿੰਦਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਪਹੁੰਚੇ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਬਾਰੇ ਡੀ. ਐੱਸ. ਪੀ. ਦਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨ ਅੰਦਰ ਸੀ. ਸੀ. ਟੀ. ਵੀ. ਕੈਮਰੇ ਨਾ ਹੋਣ ਕਰਕੇ ਪ੍ਰੇਸ਼ਾਨੀ ਜ਼ਰੂਰ ਆ ਰਹੀ ਹੈ। ਪ੍ਰੰਤੂ ਇਲਾਕੇ ਦੇ ਇਕ ਸੀ. ਸੀ. ਟੀ. ਵੀ. ਦੀ ਫੁਟੇਜ ਵਿਚ ਪਲਸਰ ਸਵਾਰ ਤਿੰਨ ਸ਼ੱਕੀ ਲੁਟੇਰੇ ਵਿਖਾਈ ਦਿੱਤੇ ਹਨ। ਜਦੋਂ ਵੀ ਕੋਈ ਸੁਰਾਗ ਮਿਲਦਾ ਹੈ ਤਾਂ ਅਸੀਂ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤ ਵਿਚ ਲੈ ਲਵਾਂਗੇ।

 

Deepak Kumar

This news is Content Editor Deepak Kumar