ਕਮਿਸ਼ਨਰ ਰਾਜ ''ਚ ਰਾਤ ਨੂੰ ਸੌਂਦੀ ਹੈ ਪੁਲਸ, ਜਾਗਦੇ ਹਨ ਚੋਰ-ਲੁਟੇਰੇ

02/04/2020 10:57:01 AM

ਜਲੰਧਰ (ਸੁਧੀਰ)— ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰ-ਲੁਟੇਰੇ ਰੋਜ਼ਾਨਾ ਸ਼ਹਿਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰੇਆਮ ਫਰਾਰ ਹੋ ਰਹੇ ਹਨ, ਜਦਕਿ ਲੰਬੇ ਦਾਅਵੇ ਕਰਨ ਵਾਲੀ ਕਮਿਸ਼ਨਰੇਟ ਪੁਲਸ ਸ਼ਹਿਰ 'ਚ ਚੋਰ-ਲੁਟੇਰਿਆਂ ਦਾ ਸਫਾਇਆ ਕਰਨ 'ਚ ਨਾਕਾਮ ਦਿਸ ਰਹੀ ਹੈ। ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕ ਰਾਤ ਨੂੰ ਘਰਾਂ ਤੋਂ ਨਿਕਲਣ ਲਈ ਗੁਰੇਜ਼ ਕਰਨ ਲੱਗ ਪਏ ਹਨ। ਕਦੇ ਸ਼ਰੇਆਮ ਕਿਸੇ ਦੀ ਗੰਨ ਪੁਆਇੰਟ 'ਤੇ ਗੱਡੀ ਲੁੱਟੀ ਜਾ ਰਹੀ ਹੈ ਤਾਂ ਕਦੇ ਕਿਸੇ ਦੇ ਘਰਾਂ ਦੇ ਤਾਲੇ ਟੁੱਟ ਰਹੇ ਹਨ ਤਾਂ ਕਦੇ ਕਿਸੇ ਦੇ ਗੋਦਾਮਾਂ ਦੇ ਤਾਲੇ ਟੁੱਟੇ ਰਹੇ ਹਨ, ਕਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਆਈਆਂ ਔਰਤਾਂ ਦੇ ਪਰਸ ਲੁੱਟੇ ਜਾ ਰਹੇ ਹਨ ਤਾਂ ਕਦੇ ਹੋਟਲਾਂ ਦੇ ਬਾਹਰ ਸੈਲਫੀ ਲੈ ਰਹੀਆਂ ਲੜਕੀਆਂ ਦੇ ਹੱਥੋਂ ਮੋਬਾਇਲ ਖੋਹੇ ਜਾ ਰਹੇ ਹਨ।

ਇੰਨਾ ਸਭ ਕੁਝ ਹੋਣ ਦੇ ਬਾਵਜੂਦ ਸ਼ਹਿਰ 'ਚ ਕਮਿਸ਼ਨਰੇਟ ਪੁਲਸ ਚੋਰ-ਲੁਟੇਰਿਆਂ ਦਾ ਸਫਾਇਆ ਕਰਨ 'ਚ ਨਾਕਾਮ ਦਿਖ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਲੁਟੇਰਿਆਂ ਨੇ ਸਥਾਨਕ ਹਾਈਵੇ ਉੱਤੇ ਬਾਠ ਕੈਸਲ ਰਿਜ਼ਾਰਟ 'ਚ ਵਿਆਹ ਸਮਾਰੋਹ ਦੇ ਅੰਦਰ ਹੀ ਪਾਰਕਿੰਗ ਤੋਂ ਗੰਨ ਪੁਆਇੰਟ 'ਤੇ ਇਕ ਕ੍ਰੇਟਾ ਗੱਡੀ ਲੁੱਟ ਲਈ। ਗੱਡੀ ਲੁੱਟਣ ਤੋਂ ਬਾਅਦ ਲੁਟੇਰੇ ਬੜੇ ਆਰਾਮ ਨਾਲ ਫਰਾਰ ਹੋ ਗਏ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਇਸੇ ਵਿਆਹ ਸਮਾਰੋਹ 'ਚ ਪੁਲਸ ਕਮਿਸ਼ਨਰੇਟ ਪੁਲਸ ਦੇ ਹੱਥ-ਪੈਰ ਫੁੱਲ ਗਏ। ਇਸ ਦੇ ਬਾਵਜੂਦ ਜੇਕਰ ਜਨਵਰੀ 2020 'ਚ ਪੁਲਸ ਦੇ ਅੰਕੜਿਆਂ ਵੱਲ ਨਜ਼ਰ ਦੌੜਾਈ ਜਾਏ ਤਾਂ ਚੋਰ-ਲੁਟੇਰਿਆਂ ਨੇ ਸ਼ਹਿਰ 'ਚ ਲੋਕਾਂ ਦਾ ਜੀਊਣਾ ਮੁਸ਼ਕਲ ਕਰ ਰੱਖਿਆ ਹੈ ਪਰ ਇਸ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਸ਼ਹਿਰ 'ਚ ਚੋਰ-ਲੁਟੇਰਿਆਂ ਦਾ ਸਫਾਇਆ ਕਰਨ 'ਚ ਨਾਕਾਮ ਦਿਸ ਰਹੀ ਹੈ।

PunjabKesari

ਚੋਰ-ਲੁਟੇਰੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਪਰ ਪੁਲਸ ਨਹੀਂ ਕਰ ਸਕੀ ਕਾਬੂ
ਸਥਾਨਕ ਰੈੱਡ ਪੈਟਲ ਹੋਟਲ ਦੇ ਬਾਹਰ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਆਈ ਇਕ ਮਹਿਲਾ ਦੇ ਹੱਥੋਂ ਮੋਟਰਸਾਈਕਲ ਸਵਾਰ ਲੁਟੇਰਾ ਇਕੱਲਾ ਹੀ ਫੋਨ ਖੋਹ ਕੇ ਫਰਾਰ ਹੋ ਗਿਆ। ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਪਰ ਇਸ ਦੇ ਬਾਵਜੂਦ ਪੁਲਸ ਉਕਤ ਬੇਖੌਫ ਲੁਟੇਰੇ ਨੂੰ ਫੜਨ 'ਚ ਨਾਕਾਮ ਰਹੀ। ਇਸ ਦੇ ਨਾਲ ਦੀ ਫਗਵਾੜਾ ਗੇਟ, ਸੈਂਟਰਲ ਟਾਊਨ ਦੇ ਕੋਲ ਇਲੈਕਟ੍ਰੀਕਲ ਕਾਰੋਬਾਰ ਦੇ ਗੋਦਾਮ ਤੋਂ ਚੋਰ ਰੇਹੜੇ 'ਤੇ ਲੱਖਾਂ ਰੁਪਏ ਦਾ ਸਾਮਾਨ ਲੱਦ ਕੇ ਫਰਾਰ ਹੋ ਗਏ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਚੋਰ ਰੇਹੜਾ ਖਾਲੀ ਕਰ ਕੇ ਸਿਰਫ ਪੌਣੇ ਘੰਟੇ ਬਾਅਦ ਦੁਬਾਰਾ ਆਏ ਅਤੇ ਬਾਕੀ ਦਾ ਸਾਮਾਨ ਲੱਦ ਕੇ ਫਿਰ ਬੜੇ ਆਰਾਮ ਨਾਲ ਫਰਾਰ ਹੋ ਗਏ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਥਾਣਾ ਨੰ. 3 ਦੀ ਪੁਲਸ ਨੂੰ ਦਿੱਤੀ ਗਈ ਪਰ ਇਸ ਦੇ ਬਾਵਜੂਦ ਪੁਲਸ ਚੋਰਾਂ ਨੂੰ ਫੜਨ 'ਚ ਨਾਕਾਮ ਰਹੀ। ਇਸ ਦੇ ਨਾਲ ਹੀ ਮਾਈ ਹੀਰਾਂ ਗੇਟ 'ਚ ਮਸਤ ਰਾਮ ਪਾਰਕ 'ਚ ਐਕਟਿਵਾ ਸਵਾਰ ਲੁਟੇਰਾ ਪਾਰਕ ਦਾ ਗੇਟ ਹੀ ਲੈ ਗਿਆ, ਜਿਸ ਦੀ ਫੁਟੇਜ ਆਉਣ ਤੋਂ ਬਾਅਦ ਵੀ ਪੁਲਸ ਉਕਤ ਚੋਰ ਨੂੰ ਫੜਨ 'ਚ ਨਾਕਾਮ ਰਹੀ। ਅਜਿਹੇ ਕਈ ਹੋਰ ਮਾਮਲੇ ਹਨ, ਜਿਨ੍ਹਾਂ ਨੂੰ ਪੁਲਸ ਅਜੇ ਟਰੇਸ ਕਰਨ 'ਚ ਨਾਕਾਮ ਦਿਸ ਰਹੀ ਹੈ।

ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਦੀ ਪੁਲਸ ਨੂੰ ਐਡਵਾਂਸ ਚੁਣੌਤੀ
ਹੈਰਾਨਜਨਕ ਗੱਲ ਤਾਂ ਇਹ ਹੈ ਕਿ ਚੋਰਾਂ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੋਕਾਂ ਦੇ ਘਰਾਂ 'ਚ ਚਿੱਠੀਆਂ ਸੁੱਟ ਰਹੇ ਹਨ ਕਿ ਅਸੀਂ ਜਲਦੀ ਹੀ ਵਾਰਦਾਤ ਨੂੰ ਅੰਜਾਮ ਦੇਣ ਆਵਾਂਗੇ। ਅਜਿਹਾ ਹੀ ਹੋਇਆ ਰਾਜਾ ਗਾਰਡਨ ਖੇਤਰ 'ਚ, ਜਿਸ ਦੀ ਵੀਡੀਓ ਫੁਟੇਜ ਵੀ ਪੁਲਸ ਦੇ ਕੋਲ ਆਈ ਪਰ ਸ਼ਰੇਆਮ ਚੋਰਾਂ ਦੀਆਂ ਇਨ੍ਹਾਂ ਚਿੱਠੀਆਂ ਨੂੰ ਦੇਖ ਕੇ ਮੁਹੱਲੇ ਦੇ ਲੋਕਾਂ 'ਚ ਡਰ ਪਾਇਆ ਜਾ ਰਿਹਾ ਹੈ।

PunjabKesari

ਕਈ ਵਾਹਨ ਹੋਏ ਚੋਰੀ, ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਚੋਰ, ਨਤੀਜਾ ਸਸਿਫਰ
ਬਾਬਾ ਮੋਹਨ ਦਾਸ ਨਗਰ 'ਚ ਕੁਝ ਸਮਾਂ ਪਹਿਲਾਂ ਹੀ ਗੌਰਵ ਸੂਰੀ ਨਾਂ ਦੇ ਨੌਜਵਾਨ ਦੀ ਕਾਰ ਹੀ ਚੁਰਾ ਕੇ ਚੋਰ ਲੈ ਗਏ। ਪੀੜਤ ਨੇ ਦੱਸਿਆ ਕਿ ਉਹ ਸਵੇਰੇ ਦੁੱਧ ਲੈਣ ਲਈ ਜਾਣ ਲੱਗਾ ਤਾਂ ਉਠ ਕੇ ਦੇਖਿਆ ਕਿ ਖਾਲੀ ਪਲਾਟ 'ਚ ਖੜ੍ਹੀ ਉਸ ਦੀ ਗੱਡੀ ਨਹੀਂ ਹੈ। ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਚੋਰ ਸਵਿਫਟ ਡਿਜ਼ਾਇਰ ਦੀ ਮਦਦ ਨਾਲ ਰੱਸੀ ਨਾਲ ਕਾਰ ਨੂੰ ਬੰਨ੍ਹ ਕੇ ਲਿਜਾ ਰਹੇ ਸਨ। ਕੁਝ ਦੂਰੀ 'ਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਨੂੰ ਸਟਾਰਟ ਕਰ ਕੇ ਚੋਰ ਲੈ ਗਏ। ਸਿਰਫ 4 ਮਿੰਟਾਂ 'ਚ ਹੀ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਇਸ ਦੇ ਨਾਲ ਹੀ ਚੋਰਾਂ ਨੇ ਸ਼ਹਿਰ 'ਚ ਕਈ ਹੋਰ ਵਾਹਨਾਂ ਨੂੰ ਵੀ ਚੁਰਾਇਆ ਪਰ ਨਤੀਜਾ ਸਿਫਰ ਹੀ ਨਿਕਲਿਆ।

ਪੀ. ਸੀ. ਆਰ. ਦੀ ਪੈਟਰੋਲਿੰਗ ਵੀ ਹੋ ਰਹੀ ਹੈ ਫੇਲ ਸਾਬਿਤ, ਰਾਤ ਨੂੰ ਗੱਡੀਆਂ 'ਚ ਬੈਠ ਕੇ ਕਰਮਚਾਰੀ ਫਰਮਾਉਂਦੇ ਹਨ ਆਰਾਮ
ਸ਼ਹਿਰ 'ਚ ਚੋਰ-ਲੁਟੇਰਿਆਂ ਅਤੇ ਅਪਰਾਧੀਆਂ 'ਤੇ ਨਕੇਲ ਕੱਸਣ ਵਾਲਾ ਪੀ. ਸੀ. ਆਰ. ਦਸਤਾ ਵੀ ਨਾਕਾਮ ਦਿਖ ਰਿਹਾ ਹੈ। ਇਹੀ ਕਾਰਨ ਹੈ ਕਿ ਚੋਰ-ਲੁਟੇਰੇ ਬੜੇ ਆਰਾਮ ਨਾਲ ਰਾਤ ਨੂੰ ਸ਼ਹਿਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ ਅਤੇ ਪੁਲਸ ਉਨ੍ਹਾਂ ਨੂੰ ਕਾਬੂ ਕਰਨ 'ਚ ਨਾਕਾਮ ਦਿਸ ਰਹੀ ਹੈ। ਰਾਤ ਨੂੰ ਸ਼ਹਿਰ 'ਚ ਘੁੰਮਣ ਵਾਲੇ ਕਿਸੇ ਵੀ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਹੈ, ਸਿਰਫ ਖਾਨਾਪੂਰਤੀ ਲਈ ਕੁਝ ਸਮੇਂ ਲਈ ਪੁਲਸ ਵਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ। ਉਥੇ ਹੀ ਜਗ ਬਾਣੀ ਟੀਮ ਨੇ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ਼ਹਿਰ ਦਾ ਦੌਰਾ ਕੀਤਾ ਤਾਂ ਸਭ ਤੋਂ ਪਹਿਲਾਂ ਬੀ. ਐੱਸ. ਐੱਫ. ਚੌਕ ਦੇ ਨੇੜੇ ਦਾ ਨਜ਼ਾਰਾ ਦੇਖਣ ਯੋਗ ਸੀ, ਜਿਥੇ ਪੀ. ਸੀ. ਆਰ. ਦੀ ਗੱਡੀ 'ਚ ਇਕੱਲਾ ਮੁਲਾਜ਼ਮ ਬੜੇ ਆਰਾਮ ਨਾਲ ਸੁੱਤਾ ਪਿਆ ਸੀ, ਜਿਸ ਤੋਂ ਬਾਅਦ ਪੀ. ਏ. ਪੀ. ਚੌਕ ਅਤੇ ਬੀ. ਐੱਮ. ਸੀ. ਚੌਕ ਅਤੇ ਹੋਰ ਚੌਰੱਸਤਿਆਂ ਵੱਲ ਨਜ਼ਰ ਦੌੜਾਈ ਗਈ ਤਾਂ ਪੀ. ਸੀ. ਆਰ. ਕਰਮਚਾਰੀ ਵੀ ਗੱਡੀਆਂ ਦੇ ਅੰਦਰ ਬੈਠ ਕੇ ਆਰਾਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਲੁਟੇਰਿਆਂ ਨੇ ਫਗਵਾੜਾ 'ਚ ਗੋਲੀਆਂ ਮਾਰ ਕੇ ਇਕ ਜਿਊਲਰ ਤੋਂ ਲੱਖਾਂ ਦੀ ਲੁੱਟ-ਖੋਹ ਕੀਤੀ, ਉਹ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਇਕ ਜਿਊਲਰ ਨੂੰ ਬੰਧਕ ਬਣਾ ਕੇ ਲਗਭਗ 2 ਕਰੋੜ ਦਾ ਸੋਨਾ ਲੁੱਟਿਆ ਗਿਆ ਪਰ ਉਸ ਦੇ ਬਾਵਜੂਦ ਸ਼ਹਿਰ ਦੇ ਐਂਟਰੀ ਪੁਆਇੰਟ 'ਤੇ ਸ਼ਹਿਰ ਦੀ ਸੁਰੱਖਿਆ ਨਾਂਹ ਦੇ ਬਰਾਬਰ ਦਿਸ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਪੁਲਸ ਕਮਿਸ਼ਨਰ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਚੋਰ-ਲੁਟੇਰਿਆਂ 'ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ ਜਾਂ ਨਹੀਂ।


shivani attri

Content Editor

Related News