ਬਜ਼ੁਰਗ ਤੋਂ ਐਕਟਿਵਾ ਖੋਹ ਕੇ ਭੱਜੇ 3 ਲੁਟੇਰਿਆਂ ਨੂੰ ਨਹੀਂ ਫੜ ਸਕੀ ਪੁਲਸ

06/24/2019 1:50:08 PM

ਜਲੰਧਰ (ਜ.ਬ.)— ਕਰੀਬ 6 ਦਿਨ ਬਾਅਦ ਵੀ ਹਥਿਆਰਾਂ ਦੀ ਨੋਕ 'ਤੇ ਪੱਕਾ ਬਾਗ ਸਥਿਤ ਘਰ ਦੇ ਬਾਹਰ ਖੜ੍ਹੇ ਬੇਕਰੀ 'ਤੇ ਫਾਈਨਾਂਸਰ ਬਜ਼ੁਰਗ ਦੀ ਐਕਟਿਵਾ ਲੁੱਟ ਕੇ ਲਿਜਾਣ ਵਾਲੇ ਤਿੰਨ ਲੁਟੇਰਿਆਂ ਨੂੰ ਥਾਣਾ ਨੰ. 4 ਦੀ ਪੁਲਸ ਫੜ ਨਹੀਂ ਸਕੀ ਹੈ। ਇੰਨੇ ਦਿਨ ਬੀਤ ਜਾਣ ਦੇ ਬਾਅਦ ਪੁਲਸ ਦੇ ਹੱਥ ਖਾਲੀ ਹਨ, ਹਾਲਾਂਕਿ ਪੁਲਸ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਇਹ ਕਹਿ ਰਹੀ ਹੈ ਕਿ ਜਾਂਚ ਜਾਰੀ ਹੈ, ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ। ਪੀੜਤ ਬਲਦੇਵ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਾਸੀ ਪੱਕਾ ਬਾਗ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਸੀ ਕਿ ਤਿੰਨ ਐਕਟਿਵਾ ਸਵਾਰ ਲੁਟੇਰੇ ਉਨ੍ਹਾਂ ਨੂੰ ਘੇਰ ਕੇ ਬੰਦੂਕ ਤੇ ਦਾਤਰ ਦਿਖਾ ਕੇ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਐਕਟਿਵਾ ਹੇਠਾਂ ਡਿੱਗ ਗਈ ਅਤੇ ਉਹ ਭੱਜ ਕੇ ਘਰ ਦੇ ਅੰਦਰ ਚੱਲੇ ਗਏ, ਜਿਥੋਂ ਲੁਟੇਰੇ ਉਨ੍ਹਾਂ ਦੀ ਐਕਟਿਵਾ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਨੰ. 4 ਦੀ ਪੁਲਸ ਅਤੇ ਇਲਾਕਾ ਕੌਂਸਲਰ ਸ਼ੈਰੀ ਚੱਢਾ ਮੌਕੇ 'ਤੇ ਪਹੁੰਚ ਗਏ ਸਨ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਹੈਰਾਨੀ ਵਾਲੀ ਗੱਲ ਹੈ ਕਿ ਥਾਣਾ ਨੰ. 4 ਤੋਂ ਕੁਝ ਦੂਰੀ 'ਤੇ ਸਥਿਤ ਭੀੜ-ਭਾੜ ਵਾਲੇ ਇਲਾਕੇ ਤੋਂ ਲੁਟੇਰੇ ਐਕਟਿਵਾ ਖੋਹ ਕੇ ਲੈ ਗਏ, ਜਿਥੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਵਧ ਗਏ ਹਨ ਕਿ ਉਨ੍ਹਾਂ ਨੂੰ ਪੁਲਸ ਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਕੋਈ ਖੌਫ ਨਹੀਂ ਹੈ। ਚੋਰ ਲੁਟੇਰੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦੂਜੇ ਪਾਸੇ ਪੁਲਸ ਇੰਨੇ ਦਿਨਾਂ ਤੋਂ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ ਪਰ ਪੁਲਸ ਨੂੰ 6 ਦਿਨਾਂ ਬਾਅਦ ਵੀ ਸਫਲਤਾ ਹੱਥ ਨਹੀਂ ਲੱਗੀ ਹੈ।


shivani attri

Content Editor

Related News