ਤੱਲ੍ਹਣ ’ਚ ਲੁਟੇਰਿਆਂ ਵੱਲੋਂ ਗੈਸ ਕਟਰ ਨਾਲ ATM ਲੁੱਟਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਮੁਲਜ਼ਮ

06/10/2022 4:16:47 PM

ਜਲੰਧਰ (ਮਹੇਸ਼)-ਜ਼ਿਲ੍ਹਾ ਦਿਹਾਤੀ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਤੱਲ੍ਹਣ ਵਿਖੇ ਲੁਟੇਰਿਆਂ ਵੱਲੋਂ ਐੱਚ. ਡੀ. ਐੱਫ. ਸੀ. ਬੈਂਕ ਦੇ ਨੇੜੇ ਲੱਗੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਪਤਾਰਾ ਵਿਖੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਲੁਟੇਰਿਆਂ ਖਿਲਾਫ 43 ਨੰ. ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐੱਚ. ਡੀ. ਐੱਫ. ਸੀ. ਬੈਂਕ ਦੀ ਤੱਲ੍ਹਣ ਬ੍ਰਾਂਚ ਦੀ ਮੈਨੇਜਰ ਜੈਸਮੀਨ ਗਰੋਵਰ ਪਤਨੀ ਰਾਜਦੀਪ ਸੇਠੀ ਵਾਸੀ ਬਸੰਤ ਐਵੇਨਿਊ, ਜਲੰਧਰ ਵੱਲੋਂ ਥਾਣਾ ਪਤਾਰਾ ਦੀ ਪੁਲਸ ਨੂੰ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਸਵੇਰੇ ਪਿੰਡ ’ਚੋਂ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਏ. ਟੀ. ਐੱਮ. ਵਾਲੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਖੁੱਲ੍ਹਾ ਪਿਆ ਹੈ, ਜਿਸ ਤੋਂ ਬਾਅਦ ਉਹ ਬੈਂਕ ਦੇ ਹੋਰ ਕਰਮਚਾਰੀਆਂ ਸਮੇਤ ਮੌਕੇ ’ਤੇ ਪਹੁੰਚੇ।

ਬੈਂਕ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰਨ ’ਤੇ ਪਤਾ ਲੱਗਾ ਕਿ ਲੁਟੇਰੇ ਕਰੀਬ 2.30 ਵਜੇ ਏ. ਟੀ. ਐੱਮ. ’ਚ ਆਏ। ਉਨ੍ਹਾਂ ਨੇ ਗੈਸ ਕਟਰ ਨਾਲ ਏ. ਟੀ. ਐੱਮ. ਨੂੰ ਕੱਟ ਕੇ ਪੈਸੇ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋ ਸਕੇ। ਸ਼ਟਰ ਦੇ ਕੁੰਡੇ ਤੋੜ ਕੇ ਉਹ ਅੰਦਰ ਤਾਂ ਦਾਖਲ ਹੋ ਗਏ ਸੀ ਪਰ ਕਾਮਯਾਬੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਬੇਰੰਗ ਹੀ ਪਰਤਣਾ ਪਿਆ। ਉਹ ਚਿੱਟੇ ਰੰਗ ਦੀ ਕਾਰ ’ਚ ਆਏ ਸਨ। ਉਨ੍ਹਾਂ ਦੀ ਗਿਣਤੀ 4 ਸੀ। ਉਨ੍ਹਾਂ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਸਪਰੇਅ ਦਾ ਛਿੜਕਾਅ ਕਰ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੇ ਆਉਣ ਦਾ ਕਿਸੇ ਨੂੰ ਪਤਾ ਨਾ ਲੱਗੇ। ਏ. ਟੀ. ਐੱਮ. ਮਸ਼ੀਨ ਨੂੰ ਗੈਸ ਕਟਰ ਨਾਲ ਕੱਟਣ ਵੇਲੇ ਦਿੱਤੇ ਗਏ ਸੇਕ ਨਾਲ ਮਸ਼ੀਨ ਦਾ ਕਾਫੀ ਨੁਕਸਾਨ ਹੋ ਗਿਆ। ਪਤਾਰਾ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
 


Manoj

Content Editor

Related News