ਪੌਣੇ ਘੰਟੇ ਅੰਦਰ ਕੀਤੀ ਵੱਡੀ ਚੋਰੀ, 60 ਲੱਖ ਦੇ ਗਹਿਣੇ ਉਡਾ ਲੈ ਗਏ ਚੋਰ

02/10/2020 1:23:32 PM

ਜਲੰਧਰ (ਸੁਧੀਰ)— ਸ਼ਹਿਰ 'ਚ ਚੋਰ-ਲੁਟੇਰਿਆਂ 'ਤੇ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਅੱਜਕਲ ਫੇਲ ਹੁੰਦੀ ਦਿਸ ਰਹੀ ਹੈ। ਇਸੇ ਕਾਰਨ ਚੋਰ-ਲੁਟੇਰੇ ਰੋਜ਼ਾਨਾ ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰੇਆਮ ਫਰਾਰ ਹੋ ਰਹੇ ਹਨ ਅਤੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਰਾਜਾ ਗਾਰਡਨ ਖੇਤਰ 'ਚ ਤਾਂ ਚੋਰਾਂ ਨੇ ਲੋਕਾਂ ਦੇ ਘਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਰਚੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਜਲਦੀ ਚੋਰੀ ਕਰਨ ਆਵਾਂਗੇ। ਅਜੇ ਪਿਛਲੀਆਂ ਵਾਰਦਾਤਾਂ ਕਮਿਸ਼ਨਰੇਟ ਪੁਲਸ ਹੱਲ ਨਹੀਂ ਕਰ ਸਕੀ ਕਿ ਚੋਰ-ਲੁਟੇਰੇ ਕਮਿਸ਼ਨਰੇਟ ਪੁਲਸ ਨੂੰ ਸ਼ਰੇਆਮ ਚੁਣੌਤੀ ਦੇ ਕੇ ਅਗਲੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਹਿਰ ਤੋਂ ਬਹੁਤ ਆਰਾਮ ਨਾਲ ਫਰਾਰ ਹੋ ਰਹੇ ਹਨ।

ਬੀਤੇ ਦਿਨੀਂ ਵੀ ਸ਼ਹਿਰ 'ਚ ਚੰਡੀਗੜ੍ਹ ਦੀ ਇਕ ਸਕਾਰਪੀਓ ਗੱਡੀ 'ਚ ਬੇਖੌਫ ਲੁਟੇਰਿਆਂ ਨੇ ਸ਼ਹਿਰ ਦੇ ਅੰਦਰੂਨੀ ਖੇਤਰ ਮਾਈ ਹੀਰਾਂ ਗੇਟ 'ਚ ਇਕ ਕਾਰੋਬਾਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਤੋਂ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ, ਕਾਰੋਬਾਰੀ ਵੱਲੋਂ ਰੌਲਾ ਪਾਉਣ 'ਤੇ ਲੁਟੇਰੇ ਐਕਟਿਵਾ ਦੀ ਚਾਬੀ ਲੈ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਥਾਣਾ ਨੰ. 3 ਦੀ ਪੁਲਸ ਨੇ ਵਾਰਦਾਤ ਹੋਣ ਦੇ ਬਾਵਜੂਦ ਮਾਮਲਾ ਤੱਕ ਦਰਜ ਨਹੀਂ ਕੀਤਾ। ਪੁਲਸ ਦੇ ਮੁਤਾਬਕ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ 'ਚ ਕਾਮਯਾਬ ਨਹੀਂ ਹੋਏ ਅਤੇ ਪੀੜਤ ਪੱਖ ਨੇ ਮਾਮਲਾ ਦਰਜ ਕਰਵਾਉਣ ਲਈ ਬਿਆਨ ਨਹੀਂ ਦਿੱਤੇ, ਜਿਸ ਕਾਰਨ ਥਾਣਾ ਨੰ. 3 ਦੀ ਪੁਲਸ ਨੇ ਮਾਮਲਾ ਤੱਕ ਦਰਜ ਨਹੀਂ ਕੀਤਾ।

60 ਲੱਖ ਦੇ ਚੋਰੀ ਕੀਤੇ ਗਹਿਣੇ
ਥਾਣਾ ਨੰ. 1 ਦੇ ਖੇਤਰ 'ਚ ਵੀ ਲੁਟੇਰਿਆਂ ਨੇ ਇਕ ਹੋਰ ਵਿਅਕਤੀ ਨੂੰ ਸ਼ਿਕਾਰ ਬਣਾਇਆ, ਜਿਥੇ ਪੁਲਸ ਨੇ ਮਾਮਲਾ ਦਰਜ ਕਰ ਲਿਆ। ਇਸ ਦੇ ਬਾਵਜੂਦ ਪੁਲਸ ਨਾ ਤਾਂ ਲੁਟੇਰਿਆਂ ਦੀ ਗੱਡੀ ਟਰੇਸ ਕੀਤੀ ਅਤੇ ਨਾ ਹੀ ਲੁਟੇਰਿਆਂ ਤੱਕ ਪਹੁੰਚ ਸਕੀ। ਉਥੇ ਹੀ ਉਸ ਘਟਨਾ ਤੋਂ ਬਾਅਦ ਚੋਰਾਂ ਨੇ ਸਥਾਨਕ ਸੈਂਟਰਲ ਟਾਊਨ ਕੋਲ ਪੈਂਦੇ ਰਿਆਜਪੁਰਾ ਖੇਤਰ 'ਚ ਇਕ ਘਰ ਦੇ ਤਾਲੇ ਤੋੜ ਕੇ ਘਰ ਅੰਦਰੋਂ ਕਰੀਬ 60 ਲੱਖ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ 'ਤੇ ਹੱਥ ਸਾਫ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਬਹੁਤ ਆਰਾਮ ਨਾਲ ਸ਼ਹਿਰ ਤੋਂ ਫਰਾਰ ਹੋ ਗਏ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੀੜਤ ਪਰਿਵਾਰ ਰਾਤ ਨੂੰ ਘਰ ਪਹੁੰਚਿਆ ਤਾਂ ਘਰ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।

ਜਾਣਕਾਰੀ ਮੁਤਾਬਕ ਰਿਆਜਪੁਰਾ ਨਿਵਾਸੀ ਸ਼ਰਵਣ ਕੁਮਾਰ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਹ ਆਪਣੇ ਪਰਿਵਾਰ ਨਾਲ ਘਰੋਂ ਕਰੀਬ ਪੌਣੇ ਨੌਂ ਵਜੇ ਕਿਸੇ ਕੰਮ ਨਾਲ ਗਿਆ। ਕਰੀਬ ਪੌਣੇ ਘੰਟੇ ਬਾਅਦ ਹੀ ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਸ਼ਰਵਣ ਕੁਮਾਰ ਨੇ ਅੰਦਰ ਜਾ ਕੇ ਦੇਖਿਆ ਤਾਂ ਚੋਰ ਘਰ ਅੰਦਰੋਂ ਕਰੀਬ 15 ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ ਅਤੇ ਕਰੀਬ 18 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ, ਜਿਸ ਤੋਂ ਬਾਅਦ ਉਸ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 3 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਦੂਜੇ ਪਾਸੇ ਸੰਪਰਕ ਕਰਨ 'ਤੇ ਥਾਣਾ ਨੰ. 3 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਸ਼ਹਿਰ 'ਚ ਲਗਾਤਾਰ ਚੋਰੀ ਅਤੇ ਲੁੱਟ-ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਦੇਖ ਕੇ ਸ਼ਹਿਰ ਵਾਸੀਆਂ 'ਚ ਖੌਫ ਪਾਇਆ ਜਾ ਰਿਹਾ ਹੈ ।

shivani attri

This news is Content Editor shivani attri