ਗੰਨ ਪੁਆਇੰਟ ''ਤੇ ਇਨੋਵਾ ਲੁੱਟਣ ਵਾਲੇ ਗੈਂਗ ਦਾ ਸਰਗਰਮ ਲੁਟੇਰਾ ਗ੍ਰਿਫਤਾਰ

08/01/2019 4:05:41 PM

ਜਲੰਧਰ (ਵਰੁਣ)— ਮੰਗਲਵਾਰ ਦੇਰ ਰਾਤ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪ੍ਰਿੰਸ ਬਾਬਾ ਗੈਂਗ ਦੇ ਸਰਗਰਮ ਲੁਟੇਰੇ ਸਚਿਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਉਹ ਹੀ ਸਚਿਨ ਹੈ, ਜਿਸ ਨੇ ਕੁੱਝ ਦਿਨ ਪਹਿਲਾਂ ਕਰਤਾਰਪੁਰ ਤੋਂ ਪ੍ਰਿੰਸ ਬਾਬਾ ਅਤੇ ਸਾਥੀਆਂ ਨਾਲ ਮਿਲ ਕੇ ਗੰਨ ਪੁਆਇੰਟ 'ਤੇ ਇਨੋਵਾ ਨੂੰ ਲੁੱਟਿਆ ਸੀ। ਉਸ ਦੇ ਗ੍ਰਿਫਤਾਰ ਹੋਣ ਨਾਲ ਜਲੰਧਰ ਤੇ ਰੂਰਲ ਇਲਾਕੇ 'ਚ ਹੋਈਆਂ ਕਈ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਟ੍ਰੇਸ ਹੋਣ ਦੀ ਸੰਭਾਵਨਾ ਹੈ।ਸੀ. ਆਈ. ਏ. ਸਟਾਫ-1 ਦੀ ਟੀਮ ਕਾਫੀ ਸਮੇਂ ਤੋਂ ਸਚਿਨ ਵਾਸੀ ਬਸਤੀ ਦਾਨਿਸ਼ਮੰਦਾਂ ਦੀ ਭਾਲ 'ਚ ਜੁਟੀ ਸੀ। ਹਾਲ ਹੀ 'ਚ ਸਚਿਨ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਨੰ. 1 'ਚ ਸੋਨੂ ਪਿਸਤੌਲ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਕੇਸ ਦਰਜ ਹੋਇਆ ਸੀ। ਮੰਗਲਵਾਰ ਦੇਰ ਰਾਤ ਸਚਿਨ ਦੇ ਬਸਤੀਆਂ ਇਲਾਕੇ ਵਿਚ ਹੋਣ ਦੀ ਸੂਚਨਾ ਤੋਂ ਬਾਅਦ ਪੁਲਸ ਨੇ ਟ੍ਰੈਪ ਲਾ ਕੇ ਸਚਿਨ ਨੂੰ ਕਾਬੂ ਕਰ ਲਿਆ। ਸਚਿਨ ਪ੍ਰਿੰਸ ਬਾਬਾ ਗੈਂਗ ਦਾ ਮੈਂਬਰ ਹੈ। ਪ੍ਰਿੰਸ ਬਾਬਾ ਜਿਸ ਨੇ ਦੀਵਾਲੀ ਵਾਲੇ ਦਿਨ ਪਲਾਜ਼ਾ ਚੌਕ ਕੋਲ ਇਕ ਦੁਕਾਨਦਾਰ ਨੂੰ ਉਸ ਦੇ ਘਰ ਦੇ ਬਾਹਰ ਪਿਸਤੌਲ ਦਿਖਾ ਕੇ ਲੱਖਾਂ ਦੀ ਨਕਦੀ ਲੁੱਟ ਲਈ ਸੀ। ਇਸ ਕੇਸ 'ਚ ਪ੍ਰਿੰਸ ਬਾਬਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੀ. ਆਈ. ਏ. ਸਟਾਫ ਨੇ ਹੀ ਕਾਬੂ ਕਰ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਸਚਿਨ ਪ੍ਰਿੰਸ ਬਾਬਾ ਦੇ ਗਿਰੋਹ ਨਾਲ 5 ਮਹੀਨਿਆਂ ਤੋਂ ਜੁੜਿਆ ਸੀ। ਹਾਲ ਹੀ 'ਚ ਇਕ ਗੈਂਗ ਨੇ ਕਰਤਾਰਪੁਰ ਵਿਚ ਇਕ ਟੈਕਸੀ ਡਰਾਈਵਰ ਨੂੰ ਗੰਨ ਵਿਖਾ ਕੇ ਇਨੋਵਾ ਵੀ ਲੁੱਟੀ ਸੀ। ਲੁੱਟੀ ਹੋਈ ਇਨੋਵਾ ਇਹ ਲੋਕ ਜਲੰਧਰ ਲੈ ਆਏ ਸਨ ਪਰ ਇਨੋਵਾ 'ਚ ਜੀ. ਪੀ. ਆਰ. ਐੱਸ. ਸਿਸਟਮ ਲੱਗਾ ਹੋਣ ਕਾਰਨ ਕਰਤਾਰਪੁਰ ਪੁਲਸ ਇਨੋਵਾ ਨੂੰ ਟ੍ਰੇਸ ਕਰਦਿਆਂ ਜਲੰਧਰ ਪਹੁੰਚ ਗਈ ਸੀ। ਜਿਉਂ ਹੀ ਲੁਟੇਰਿਆਂ ਨੂੰ ਪੁਲਸ ਦੇ ਪਿੱਛੇ ਹੋਣ ਬਾਰੇ ਪਤਾ ਲੱਗਾ ਤਾਂ ਉਹ ਅੱਡਾ ਹੁਸ਼ਿਆਰਪੁਰ ਚੌਕ ਕੋਲ ਇਨੋਵਾ ਛੱਡ ਕੇ ਭੱਜ ਖੜ੍ਹੇ ਹੋਏ ਸਨ। ਪੁਲਸ ਨੇ ਇਨੋਵਾ ਨੂੰ ਕਬਜ਼ੇ 'ਚ ਲੈ ਲਿਆ ਸੀ ਪਰ ਉਕਤ ਲੁਟੇਰਿਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਇਸ ਤੋਂ ਇਲਾਵਾ ਵੀ ਇਨ੍ਹਾਂ ਮੁਲਜ਼ਮਾਂ ਖਿਲਾਫ ਕੁੱਟਮਾਰ, ਚੋਰੀ ਜਿਹੇ ਕੇਸ ਦਰਜ ਹਨ। ਜਿਸ ਇਨੋਵਾ ਗੱਡੀ ਨੂੰ ਇਨ੍ਹਾਂ ਲੁੱਟਿਆ ਸੀ ਉਸ 'ਚ ਬੈਠ ਕੇ ਹੀ ਇਸ ਗੈਂਗ ਨੇ ਥਾਣਾ-3 'ਚ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਧਰ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁੱਛਗਿੱਛ ਲਈ ਸਚਿਨ ਨੂੰ ਹਿਰਾਸਤ ਵਿਚ ਲਿਆ ਹੈ। ਪੁੱਛਗਿੱਛ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਸਚਿਨ ਦੀ ਗ੍ਰਿਫਤਾਰੀ ਸ਼ਾਮ ਨੂੰ ਹੀ ਦਿਖਾ ਦਿੱਤੀ ਸੀ।

ਸੀ. ਆਈ. ਏ. ਦਿਹਾਤੀ ਨੂੰ ਵੀ ਸੀ ਸਚਿਨ ਦੀ ਭਾਲ
ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦਿਹਾਤੀ ਪੁਲਸ ਦੀ ਸੀ. ਆਈ. ਏ. ਸਟਾਫ ਦੀ ਟੀਮ ਵੀ ਸਚਿਨ ਦੀ ਭਾਲ ਵਿਚ ਸੀ। ਸਚਿਨ ਥਾਣਾ ਕਰਤਾਰਪੁਰ ਦੀ ਪੁਲਸ ਨੂੰ ਇਨੋਵਾ ਲੁੱਟ ਕਾਂਡ 'ਚ ਲੋੜੀਂਦਾ ਸੀ ਪਰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ-1 ਨੇ ਬਾਜ਼ੀ ਮਾਰ ਲਈ।

ਸਚਿਨ ਦੇ ਪਿਤਾ ਹਨ ਕਾਂਗਰਸੀ ਵਿਧਾਇਕ ਦੇ ਖਾਸਮਖਾਸ
ਸਚਿਨ ਦੇ ਪਿਤਾ ਇਕ ਕਾਂਗਰਸੀ ਵਿਧਾਇਕ ਦੇ ਬੇਹੱਦ ਕਰੀਬੀ ਹਨ। ਦੱਸਿਆ ਜਾ ਰਿਹਾ ਹੈ ਕਿ ਸਚਿਨ ਨੂੰ ਛੁਡਵਾਉਣ ਲਈ ਸਚਿਨ ਦੇ ਪਿਤਾ ਨੇ ਕਈ ਪਾਪੜ ਵੇਲੇ ਪਰ ਗੱਲ ਨਹੀਂ ਬਣੀ। ਸਚਿਨ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਸ਼ਹਿਰ 'ਚ ਅਨਟ੍ਰੇਸ ਚੋਰੀ ਅਤੇ ਲੁੱਟ ਦੇ ਕੇਸ ਜਾਂ ਤਾਂ ਟ੍ਰੇਸ ਹੋਣਗੇ ਜਾਂ ਉਨ੍ਹਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਬਾਰੇ ਇਨਪੁੱਟ ਮਿਲੇਗੀ। ਪੁਲਸ ਵੀਰਵਾਰ ਨੂੰ ਸਚਿਨ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪ੍ਰੈੱਸ ਕਾਨਫਰੰਸ ਕਰ ਕੇ ਖੁਲਾਸਾ ਕਰ ਸਕਦੀ ਹੈ।


shivani attri

Content Editor

Related News