ਕਾਲਜ ਦੇ ਵਾਹਨ ਨਾਲ ਰੋਡਵੇਜ਼ ਦੀ ਬੱਸ ਦੀ ਟੱਕਰ, 2 ਵਿਦਿਆਰਥੀ ਜ਼ਖਮੀ

11/27/2018 2:15:09 AM

ਰੂਪਨਗਰ,   (ਵਿਜੇ)-  ਸਕੂਲ ਵਿਦਿਆਰਥੀਆਂ ਨੂੰ ਸਵੇਰੇ ਘਰਾਂ ਤੋਂ ਚੁੱਕਣ ਤੋਂ ਬਾਅਦ ਰਿਆਤ ਕਾਲਜ ’ਚ ਪ੍ਰਵੇਸ਼ ਕਰਦੇ ਸਮੇਂ ਕਾਲਜ ਵਾਹਨ ਨਾਲ ਇਕ ਬੱਸ ਦੀ ਟੱਕਰ ਹੋ ਜਾਣ ਕਾਰਨ ਉਸ ’ਚ ਸਵਾਰ 2 ਵਿਦਿਆਰਥੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਰਿਆਤ ਕਾਲਜ ਦੀ ਸਟੂਡੈਂਟ ਬੱਸ ਵਿਦਿਆਰਥੀਆਂ ਨੂੰ ਘਰਾਂ ਤੋਂ ਚੁੱਕਣ ਦੇ ਬਾਅਦ ਕਾਲਜ ਦੇ ਅੰਦਰ ਪ੍ਰਵੇਸ਼ ਹੋ ਰਹੀ ਸੀ ਕਿ ਇੰਨੇ ’ਚ ਮੁੱਖ ਮਾਰਗ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ ’ਚ ਰਿਆਤ ਕਾਲਜ ਦੇ ਵਾਹਨ ’ਚ ਸਵਾਰ 2 ਵਿਦਿਆਰਥੀ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ 12ਵੀਂ ਜਮਾਤ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਨਿਵਾਸੀ ਡਕਾਲਾ ਅਤੇ ਨਰਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਨਿਵਾਸੀ ਘਨੌਲੀ ਦੇ ਰੂਪ ’ਚ ਹੋਈ। ਹਾਦਸੇ ਦੇ ਬਾਅਦ ਪੰਜਾਬ ਰੋਡਵੇਜ਼ ਦੀ ਬੱਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਆਤ ਇੰਟਰਨੈਸ਼ਨਲ ਸਕੂਲ ਦੀ ਪ੍ਰਿੰ. ਸ਼ੁਭਾ ਰਾਠੌਰ ਨੇ ਦੱਸਿਆ ਕਿ ਜਿਸ ਸਮੇਂ ਰਿਆਤ ਕਾਲਜ ਦੀ ਬੱਸ ਕਾਲਜ ’ਚ ਪ੍ਰਵੇਸ਼ ਕਰ ਰਹੀ ਤਾਂ ਪੰਜਾਬ ਰੋਡਵੇਜ਼ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਰਿਆਤ ਕਾਲਜ ਦਾ ਗਾਰਡ ਟ੍ਰੈਫਿਕ ਨੂੰ ਕੰਟਰੋਲ ਵੀ ਕਰ ਰਿਹਾ ਸੀ। ਹਾਦਸੇ ਦੇ ਬਾਅਦ ਉਹ ਖੁਦ ਜ਼ਖਮੀਆਂ ਨਾਲ ਡਿਸਪੈਂਸਰੀ ’ਚ ਮੌਜੂਦ ਰਹੀ। ਜਦੋਂ ਕਿ ਇਕ ਵੱਡੇ ਹਾਦਸੇ ਨੂੰ ਲੈ ਕੇ ਵਾਲ-ਵਾਲ ਬਚਾਅ ਹੋ ਗਿਆ। ਦੂਜੇ ਪਾਸੇ ਆਸਰੋਂ ਚੌਕੀ ਦੀ ਪੁਲਸ ਨੇ ਰੋਡਵੇਜ਼ ਦੀ ਬੱਸ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਿਵਲ ਹਸਪਤਾਲ ’ਚ ਪਹੁੰਚੇ ਜ਼ਖਮੀ ਬੱਚੇ ਦੇ ਮਾਪੇ ਹਰਿੰਦਰ ਸਿੰਘ ਨਿਵਾਸੀ ਘਨੌਲੀ ਨੇ ਦੱਸਿਆ ਕਿ ਰਿਆਤ ਕਾਲਜ ਦੀ ਐਂਬੂਲੈਂਸ ਦੀ ਮਦਦ ਨਾਲ ਬੱਚਿਆਂ ਨੂੰ ਰੂਪਨਗਰ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਇਸ ਮਾਮਲੇ ’ਚ ਕਾਲਜ ਵਾਹਨ ਦੇ ਚਾਲਕ ਨੂੰ ਲਾਪ੍ਰਵਾਹ ਦੱਸਦੇ ਹੋਏ ਉਸ ਨੂੰ ਤੁਰੰਤ ਬਦਲੇ ਜਾਣ ਦੀ ਮੰਗ ਕੀਤੀ।