ਨੈਸ਼ਨਲ ਰੋਡ ਸੇਫਟੀ ਹਫਤਾ ਤਹਿਤ ਕੱਢੀ ਗਈ ਜਾਗਰੂਕਤਾ ਰੈਲੀ

01/11/2020 6:32:55 PM

ਜਲੰਧਰ (ਵਰੁਣ, ਸੋਨੂੰ)— ਦੇਸ਼ ਭਰ 'ਚ ਕੇਂਦਰ ਸਰਕਾਰ ਦੀ ਰੋਡਵੇਜ ਅਤੇ ਟਰਾਂਸਪੋਰਟ ਮਨਿਸਟਰੀ ਵੱਲੋਂ ਹਰ ਸਾਲ 11 ਤੋਂ 17 ਜਨਵਰੀ ਤੱਕ ਰੋਡ ਸੇਫਟੀ ਹਫਤਾ ਮਨਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸੇ ਤਹਿਤ ਅੱਜ ਜਲੰਧਰ 'ਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਟ੍ਰੈਫਿਕ ਪੁਲਸ ਕਮਿਸ਼ਨਰੇਟ ਵੱਲੋਂ 31ਵਾਂ ਨੈਸ਼ਨਲ ਰੋਡ ਸੇਫਟੀ ਹਫਤਾ-2020 ਦਾ ਆਰੰਭ ਪੀ. ਐੱਨ. ਬੀ. ਚੌਕ ਤੋਂ ਕੀਤਾ ਗਿਆ।

ਜਲੰਧਰ ਪੁਲਸ ਵੱਲੋਂ ਇਸ ਸੜਕ ਸੁਰੱਖਿਆ ਹਫਤਾ ਦੇ ਚਲਦਿਆਂ ਪਹਿਲੇ ਦਿਨ ਨੂੰ ਹੈਲਮੇਟ ਦਿਵਸ ਦੇ ਰੂਪ 'ਚ ਮਨਾਇਆ ਗਿਆ ਅਤੇ ਰੈਲੀ ਕੱਢੀ ਗਈ। ਇਹ ਰੈਲੀ ਪੀ. ਐੱਨ. ਬੀ. ਚੌਕ ਤੋਂ ਚੱਲ ਕੇ ਜੋਤੀ ਚੌਕ, ਬਸਤੀ ਅੱਡਾ, ਫੁੱਟਬਾਲ ਚੌਕ, ਨਕੋਦਰ ਚੌਕ, ਆਦਿ ਚੌਕਾਂ ਤੋਂ ਹੁੰਦੀ ਹੋਈ ਦਫਤਰ ਟ੍ਰੈਫਿਕ ਸਟਾਫ ਪੁਲਸ ਲਾਈਨ ਰੋਡ ਜਲੰਧਰ ਵਿਖੇ ਖਤਮ ਹੋਈ। ਇਸ ਪ੍ਰੋਗਰਾਮ 'ਚ ਐਜੂਕੇਸ਼ਨ ਸੈੱਲ ਦੇ ਕਰਮਚਾਰੀਆਂ, ਟ੍ਰੈਫਿਕ ਸਟਾਫ ਦੇ ਵੱਖ-ਵੱਖ ਜ਼ੋਨ/ਬੀਟ ਇੰਚਾਰਜਾਂ ਸਮੇਤ ਟ੍ਰੈਫਿਕ ਕਰਮਚਾਰੀਆਂ, ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਐੱਨ. ਸੀ. ਸੀ. ਵਿਦਿਆਰਥੀਆਂ ਨੇ ਹਿੱਸਾ ਲਿਆ। 

ਇਸ ਰੈਲੀ 'ਚ ਸ਼ਹਿਰ ਦੇ ਸਕੂਲੀ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਹੈਲਮੇਟ ਪਾ ਕੇ ਸਕੂਟਰ ਚਲਾਉਂਦੇ ਹੋਏ ਹੱਥਾਂ 'ਚ ਤਖਤੀਆਂ ਫੜ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਪੁਲਸ ਦੇ ਨਾਲ-ਨਾਲ ਆਮ ਲੋਕਾਂ ਦੇ ਸਹਿਯੋਗ ਦੀ ਵੀ ਬੇਹੱਦ ਲੋੜ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਪੰਫਲੇਟ ਵੰਡ ਕੇ ਲਾਊਂਡ ਸਪੀਕਰ ਰਾਹੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਉਤਸ਼ਾਹਤ ਕੀਤਾ ਗਿਆ। ਦੱਸ ਦੇਈਏ ਕਿ ਕੱਲ੍ਹ ਯਾਨੀ 12 ਤਰੀਕ ਨੂੰ ਟੈਕਸੀ ਡਰਾਈਵਰਾਂ ਲਈ ਫਰੀ ਮੈਡੀਕਲ ਚੈੱਕਅਪ ਕੈਂਪ ਦਾ ਬੂਟਾ ਪਿੰਡ/ਚਾਰਾਮੰਡੀ ਨਕੋਦਰ ਰੋਡ ਜਲੰਧਰ ਵਿਖੇ ਆਯੋਜਿਤ ਕੀਤਾ ਜਾਵੇਗਾ।

shivani attri

This news is Content Editor shivani attri