ਸੜਕ ਹਾਦਸੇ ’ਚ 2 ਦੀ ਮੌਤ ਤੇ 1 ਜ਼ਖਮੀ

09/20/2018 1:59:16 AM

 ਰੂਪਨਗਰ,   (ਵਿਜੇ)- ਮੰਗਲਵਾਰ ਰਾਤ 8 ਵਜੇ ਦੇ ਕਰੀਬ ਰੂਪਨਗਰ ਪੀ.ਡਬਲਿਊ.ਡੀ. ਰੈਸਟ ਹਾਊਸ ਨੇਡ਼ੇ ਪ੍ਰੈੱਸ ਕਲੱਬ ਭਵਨ ਕੋਲ ਹੋਏ ਇਕ ਹਾਦਸੇ ’ਚ ਸਤਲੁਜ ਦਰਿਆ ’ਚ ਗਣੇਸ਼ ਜੀ ਦੀ ਮੂਰਤੀ ਵਿਸਰਜਿਤ ਕਰ ਕੇ ਮੁਡ਼ ਰਹੇ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। 
ਜਦੋਂ ਕਿ ਦੂਸਰਾ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮੌਂਟੂ ਕੁਮਾਰ (28) ਸਤਲੁਜ ਦਰਿਆ ’ਚ ਹੋਰਨਾਂ ਸਾਥੀਆਂ ਨਾਲ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਿਤ ਕਰਨ ਦੇ ਬਾਅਦ ਆਪਣੇ ਮੋਟਰਸਾਈਕਲ ’ਤੇ ਵਾਪਸ ਮੁਡ਼ਨ ਲੱਗਾ ਤਾਂ ਅਣਪਛਾਤੇ ਵਾਹਨ ਨੇ ਪੀ.ਡਬਲਿਯੂ. ਡੀ. ਰੈਸਟ ਹਾਊਸ ਨੇਡ਼ੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਸਾਹਮਣੇ ਤੋਂ ਆ ਰਹੇ ਇਕ ਹੋਰ ਮੋਟਰਸਾਈਕਲ ਨਾਲ ਮੌਂਟੂ ਦਾ ਮੋਟਰਸਾਈਕਲ ਟਕਰਾਅ ਗਿਆ। ਦੂਜੇ ਮੋਟਰਸਾਈਕਲ ’ਤੇ ਸਵਾਰ ਰੂਪਨਗਰ ਸ਼ਹਿਰ ਦੇ ਨੌਜਵਾਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਮੌਂਟੂ (28) ਪੁੱਤਰ ਗੈਨੂੰ ਸ਼ਾਹ ਹਾਲ ਨਿਵਾਸੀ ਕਾਲਡ਼ਾ ਵਾਲੀ ਗਲੀ ਲਾਂਡਰਾ ਰੋਡ ਖਰਡ਼ ਮੂਲ ਨਿਵਾਸੀ ਬਿਹਾਰ ਦੀ ਹਸਪਤਾਲ ਪਹੁੰਚਣ ’ਤੇ ਮੌਤ ਹੋ ਗਈ। ਮ੍ਰਿਤਕ ਮਾਰਬਲ ਲਾਉਣ ਦਾ ਕੰਮ ਕਰਦਾ ਸੀ। ਜਦੋਂ ਕਿ ਉਸ ਦਾ ਸਾਥੀ ਸੁਧੀਰ ਕੁਮਾਰ ਪੁੱਤਰ ਕੈਲਾਸ਼ ਪਾਸਵਾਨ ਨਿਵਾਸੀ ਲਖਮੀਪੁਰ (ਬਿਹਾਰ) ਦਾ ਵਾਲ-ਵਾਲ ਬਚਾਅ ਹੋ ਗਿਆ। ਦੂਸਰੇ ਮੋਟਰਸਾਈਕਲ ਦੇ ਚਾਲਕ ਕੌਸ਼ਲ ਚੌਧਰੀ ਪੁੱਤਰ ਰਾਮ ਸਰੂਪ  ਨੂੰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਗਈ। ਥਾਣਾ ਸਿਟੀ ਦੇ ਮੁਤਾਬਕ ਪੁਲਸ ਨੇ ਹਾਦਸੇ ਸਬੰਧੀ ਅਣਪਛਾਤੇ ਵਾਹਨ ’ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਨੂਰਪੁਰ ਬੇਦੀ, (ਸ਼ਰਮਾ ਕਲਮਾ)-ਨੂਰਪੁਰ ਬੇਦੀ ਤੋਂ ਗਡ਼੍ਹਸ਼ੰਕਰ ਮਾਰਗ ’ਤੇ ਪੈਂਦੇ ਪਿੰਡ ਬਡ਼ੀਵਾਲ ਦੇ ਟੀ-ਪੁਆਇੰਟ ’ਤੇ ਇਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਜਾਣ ਕਾਰਨ  ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
  ਜਾਣਕਾਰੀ ਅਨੁਸਾਰ ਮਨਜੀਤ ਸਿੰਘ ਆਪਣੀ ਭੈਣ ਦੇ ਘਰੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਬਡ਼ੀਵਾਲ ਦੇ ਟੀ-ਪੁਆਇੰਟ ’ਤੇ ਮੋਟਰਸਾਈਕਲ ਤੇ ਟਰੱਕ ਵਿਚਕਾਰ ਟੱਕਰ ਹੋ ਗਈ  ਤੇ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ। ਦੂਜੇ ਪਾਸੇ ਜਿਸ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ ਹੋਈ ਉਹ ਟਰੱਕ  ਸ਼ਰਧਾਲੂਆਂ ਨਾਲ ਭਰਿਆ ਹੋਇਆ ਰਾਜਸਥਾਨ ਨੂੰ ਵਾਪਸ ਜਾ ਰਿਹਾ ਸੀ। ਥਾਣਾ ਮੁਖੀ ਦੇਸਰਾਜ ਚੌਧਰੀ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ  ਮਨਜੀਤ ਸਿੰਘ ਦੀ ਦੇਹ ਨੂੰ ਸ੍ਰੀ ਅਨੰਦਪੁਰ ਸਾਹਿਬ ਭਾਈ ਜੈਤਾ ਜੀ ਹਸਪਤਾਲ ਪਹੁੰਚਾ ਦਿੱਤਾ ਗਿਆ  ਹੈ ਤੇ ਪੁਲਸ  ਨੇ ਟਰੱਕ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।