ਸੜਕ ਹਾਦਸੇ ''ਚ ਜ਼ਖਮੀ ਹੋਏ ਵਿਅਕਤੀ ਨੇ ਤੋੜਿਆ ਦਮ

11/17/2019 4:00:14 PM

ਜਲੰਧਰ (ਕਮਲੇਸ਼)— ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਦਾ ਮੁਲਜ਼ਮ ਫਰਾਰ ਚੱਲ ਰਿਹਾ ਸੀ, ਜਿਸ ਨੂੰ ਪੁਲਸ ਅੱਜ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ 12 ਨਵੰਬਰ ਨੂੰ ਸਤਨਾਮ ਸਿੰਘ ਵਾਸੀ ਤਾਜਪੁਰ ਥਾਣਾ ਲਾਂਬੜਾ ਆਪਣੇ ਭਰਾ ਜਸਵੀਰ (45) ਦੇ ਨਾਲ ਕਿਸੇ ਦਾ ਟੁਲੂ ਪੰਪ ਠੀਕ ਕਰਕੇ ਵਾਪਸ ਘਰ ਜਾ ਰਹੇ ਸਨ। ਸਤਨਾਮ ਸਿੰਘ ਆਪਣੇ ਸਕੂਟਰ 'ਤੇ ਸਵਾਰ ਸੀ ਜਦਕਿ ਜਸਵੀਰ ਆਪਣੀ ਸਾਈਕਲ 'ਤੇ ਜਾ ਰਿਹਾ ਸੀ। ਜਸਵੀਰ ਸਤਨਾਮ ਤੋਂ ਥੋੜ੍ਹੀ ਅੱਗੇ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਜਦੋਂ ਉਹ ਦੋਵੇਂ ਤਾਜਪੁਰ ਮੋੜ ਜੀ. ਟੀ. ਰੋਡ ਨਕੋਦਰ ਤੋਂ ਥੋੜ੍ਹਾ ਅੱਗੇ ਪਹੁੰਚੇ ਸਨ ਤਾਂ ਪਿੱਛੇ ਤੋਂ ਤੇਜ਼ ਰਫਤਾਰ ਗੱਡੀ ਨੇ ਜਸਵੀਰ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਕਰਕੇ ਜਸਵੀਰ ਸੜਕ 'ਤੇ ਡਿੱਗ ਗਿਆ ਅਤੇ ਗੱਡੀ ਦਾ ਟਾਇਰ ਉਸ ਦੀ ਛਾਤੀ ਤੋਂ ਲੰਘ ਗਿਆ। ਮੌਕੇ 'ਤੇ ਗੱਡੀ ਚਾਲਕ ਫਰਾਰ ਹੋ ਗਿਆ ਸੀ। ਗੱਡੀ ਦੀ ਨੰਬਰ ਪਲੇਟ ਟੁੱਟ ਕੇ ਉਥੇ ਡਿੱਗ ਗਈ ਸੀ।

PunjabKesari

ਮੌਕੇ 'ਤੇ ਸਤਨਾਮ ਸਿੰਘ ਰਾਹਗੀਰਾਂ ਦੀ ਮਦਦ ਨਾਲ ਜਸਵੀਰ ਨੂੰ ਪਸਰੀਚਾ ਹਸਪਤਾਲ ਲੈ ਕੇ ਗਿਆ ਸੀ, ਜਿੱਥੇ ਇਲਾਜ ਦੌਰਾਨ ਬੀਤੀ ਰਾਤ ਉਸ ਦੀ ਮੌਤ ਹੋ ਗਈ। ਇਹ ਮਾਮਲਾ ਪੂਰੀ ਤਰ੍ਹਾਂ ਬਲਾਈਂਡ ਸੀ। ਥਾਣਾ ਲਾਂਬੜਾ ਦੀ ਪੁਲਸ ਨੇ ਹਿਟ ਐਂਡ ਰਨ ਕੇਸ ਦਰਜ ਕੀਤਾ ਸੀ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਦੂਰੀ 'ਤੇ ਇਕ ਟੁੱਟੀ ਹੋਈ ਨੰਬਰ ਪਲੇਟ ਮਿਲੀ। ਇਸ ਅਧੂਰੇ ਨੰਬਰ ਨੂੰ ਜੋੜ ਨੇ ਪੁਲਸ ਨੇ ਜਾਂਚ ਕੀਤੀ ਤਾਂ ਪੁਲਸ ਮੁਲਜ਼ਮ ਤੱਕ ਪਹੁੰਚ ਗਈ। ਮੁਲਜ਼ਮ ਦੀ ਪਛਾਣ ਪ੍ਰੀਤ ਨਾਂ ਦੇ ਵਿਅਕਤੀ ਦੇ ਰੂਪ 'ਚ ਹੋਈ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।


shivani attri

Content Editor

Related News