ਪਹਿਲੇ ਦਿਨ ਚਾਲੂ ਹੋਏ ਅੰਡਰਬ੍ਰਿਜ ''ਤੇ ਵਾਪਰਿਆ ਹਾਦਸਾ, ਇਕ ਦੀ ਮੌਤ

10/16/2019 4:22:12 PM

ਸੁਲਤਾਨਪੁਰ ਲੋਧੀ (ਸੋਢੀ)— ਪਵਿੱਤਰ ਨਗਰ ਸੁਲਤਾਨਪੁਰ ਲੋਧੀ ਵਿਖੇ ਰੇਲਵੇ ਵਿਭਾਗ ਵੱਲੋਂ ਕਰਮਜੀਤਪੁਰ ਰੋਡ 'ਤੇ ਕਥਿਤ ਤੌਰ 'ਤੇ ਅਣਗਹਿਲੀ ਨਾਲ ਬਣਾਏ ਗਏ ਦੋ ਅੰਡਰਬ੍ਰਿਜ 'ਚੋਂ ਬੀਤੇ ਦਿਨ ਦੂਜੇ ਅੰਡਰਬ੍ਰਿਜ ਨੂੰ ਚਾਲੂ ਕਰਨ ਉਪਰੰਤ ਥੋੜ੍ਹੇ ਸਮੇਂ 'ਚ ਹੀ ਇਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਸੁਰਜੀਤ ਕੁਮਾਰ ਪੁੱਤਰ ਅਮਰਚੰਦ ਵਾਸੀ ਰੂਰਲ ਬਸਤੀ ਚੰਡੀਗੜ੍ਹ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਜੋ ਕਿ ਸਥਾਨਕ ਤਹਿਸੀਲ ਕੰਪਲੈਕਸ ਦੇ ਸਾਹਮਣੇ ਸ਼ੀਸ਼ੇ ਦਾ ਕੰਮ ਕਰਦਾ ਸੀ ਅਤੇ ਉਸ ਦੀ ਮਿਹਨਤ ਨਾਲ ਹੀ ਤਿੰਨ ਪਰਿਵਾਰਾਂ ਦਾ ਪਾਲਣ ਪੋਸ਼ਣ ਹੁੰਦਾ ਸੀ।

ਦੁਪਹਿਰ ਨੂੰ ਜਦ ਉਹ ਵਾਪਸ ਦੁਕਾਨਾਂ 'ਤੇ ਐਕਟਿਵਾ ਉਪਰ ਜਾ ਰਿਹਾ ਸੀ ਤਾਂ ਅੱਜ ਹੀ ਇਸ ਰੋਡ 'ਤੇ ਬਣੇ ਹੋਏ ਅੰਡਰਬ੍ਰਿਜ ਦੇ ਥੱਲੇ ਤੋਂ ਉਹ ਲੰਘ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਇਕ ਝੋਨੇ ਦੇ ਭਰੇ ਟਰੱਕ ਨੇ ਉਸ ਨੂੰ ਜਬਰਦਸਤ ਟਰੱਕ ਮਾਰ ਕੇ ਟਰੱਕ ਦੇ ਹੇਠਾਂ ਲੈ ਲਿਆ। ਜਿਸ ਨਾਲ ਉਸ ਦੇ ਅੱਗੇ ਜਾ ਰਹੇ ਇਕ ਮੋਟਰਸਾਈਕਲ ਨੂੰ ਅਤੇ 2 ਹੋਰ ਨੌਜਵਾਨ ਬੀਰਬਲ ਉਰਫ ਬਬਲੂ ਪੁੱਤਰ ਜਸਵਿਦਰ ਸਿੰਘ ਤੇ ਰੋਹਿਤ ਵਾਸੀ ਪਿੰਡ ਡੇਰਾ ਸੈਯਦਾਂ ਵੀ ਲਪੇਟ 'ਚ ਆ ਗਏ ਪਰ ਖੁਸ਼ਕਿਸਮਤੀ ਨਾਲ ਉਕਤ 2 ਨੌਜਵਾਨਾਂ ਨੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਜਾਨ ਬਚਾ ਲਈ।


shivani attri

Content Editor

Related News