ਖੜ੍ਹੀ ਐਕਟਿਵਾ ਸਵਾਰ ਟੀਚਰ ਨੂੰ ਘੜੀਸਦਾ ਲੈ ਗਿਆ ਟਰੱਕ, ਮੌਤ

09/22/2019 4:37:42 PM

ਜਲੰਧਰ (ਜ. ਬ.)— ਸ਼ਨੀਵਾਰ ਦੁਪਹਿਰ ਪਠਾਨਕੋਟ ਚੌਕ 'ਤੇ ਦਰਦਨਾਕ ਹਾਦਸਾ ਵਾਪਰਿਆ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤ ਰਹੀ ਐਕਟਿਵਾ ਸਵਾਰ ਟੀਚਰ ਨੂੰ ਇਕ ਟਰੱਕ ਘੜੀਸਦਾ ਲੈ ਗਿਆ, ਜਿਸ ਦੀ ਸਿਰ 'ਚ ਸੱਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਟਰੱਕ ਚਾਲਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ, ਜਦਕਿ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤੀ ਗਈ ਹੈ। ਹਾਦਸਾ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਹੈ।

ਮ੍ਰਿਤਕਾ ਦੀ ਪਛਾਣ ਸੋਨੀਆ ਹਾਂਡਾ (42) ਪਤਨੀ ਜਤਿੰਦਰ ਵਾਸੀ ਨਿਊ ਕੈਲਾਸ਼ ਨਗਰ ਦੇ ਤੌਰ 'ਤੇ ਹੋਈ ਹੈ। ਥਾਣਾ 8 ਦੇ ਏ. ਐੱਸ. ਆਈ. ਤਰਸੇਮ ਲਾਲ ਨੇ ਦੱਸਿਆ ਕਿ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸੋਨੀਆ ਆਪਣੀ ਐਕਟਿਵਾ 'ਤੇ ਘਰ ਜਾਣ ਲਈ ਨਿਕਲੀ। ਪਠਾਨਕੋਟ ਚੌਕ 'ਤੇ ਰੈੱਡ ਲਾਈਟ ਹੋਣ 'ਤੇ ਟਰੱਕ ਦੇ ਖੱਬੇ ਪਾਸੇ ਖੜ੍ਹੀ ਹੋ ਗਈ। ਜਿਵੇਂ ਹੀ ਗ੍ਰੀਨ ਸਿਗਨਲ ਹੋਇਆ ਤਾਂ ਸੋਨੀਆ ਐਕਟਿਵਾ 'ਤੇ ਜਾਣ ਹੀ ਲੱਗੀ ਸੀ ਕਿ ਟਰੱਕ ਚਾਲਕ ਨੇ ਅਚਾਨਕ ਰੇਸ ਦੇ ਦਿੱਤੀ ਅਤੇ ਐਕਟਿਵਾ ਸਣੇ ਟੀਚਰ ਨੂੰ ਘਸੀਟਦਾ ਲੈ ਗਿਆ। ਲੋਕਾਂ ਨੇ ਰੌਲਾ ਪਾ ਕੇ ਟਰੱਕ ਰੁਕਵਾਇਆ ਪਰ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਣ ਸੋਨੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਥਾਣਾ ਨੰਬਰ 8 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਟਰੱਕ ਚਾਲਕ ਜਗਮੋਹਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭੋਗਪੁਰ ਨੂੰ ਕਾਬੂ ਕਰ ਲਿਆ। ਏ. ਐੱਸ. ਆਈ. ਤਰਸੇਮ ਲਾਲ ਦਾ ਕਹਿਣਾ ਹੈ ਕਿ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਕੇ ਉਸਦੀ ਗ੍ਰਿਫਤਾਰੀ ਦਿਖਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸੋਨੀਆ ਦੇ ਪਤੀ ਦਾ ਆਪਣਾ ਬਿਜ਼ਨੈੱਸ ਹੈ ਅਤੇ ਉਸਦੇ 2 ਬੱਚੇ ਹਨ। ਮ੍ਰਿਤਕਾ ਬੁਲੰਦਪੁਰ 'ਚ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੀ ਸੀ।

shivani attri

This news is Content Editor shivani attri