ਕਾਰ ਤੇ ਐਕਟਿਵਾ ਦੀ ਹੋਈ ਟੱਕਰ, ਇਕ ਦੀ ਮੌਤ, ਔਰਤ ਜ਼ਖਮੀ

06/17/2019 6:25:55 PM

ਫਗਵਾੜਾ (ਹਰਜੋਤ)— ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਮੰਡੀ ਦੇ ਗੇਟ ਨੇੜੇ ਐਕਟਿਵਾ 'ਤੇ ਸਵਾਰ ਇਕ ਵਿਅਕਤੀ ਅਤੇ ਔਰਤ ਨੂੰ ਇਕ ਗੱਡੀ ਵੱਲੋਂ ਟੱਕਰ ਮਾਰਨ ਕਾਰਨ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਔਰਤ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਭਰਤੀ ਕਰਵਾਇਆ। ਇਥੇ ਉਸ ਦੀ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਜਲੰਧਰ ਦੇ ਹਸਪਤਾਲ 'ਚ ਰੈੱਫਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗਿਆਨ ਚੰਦ (75) ਪੁੱਤਰ ਹਰਮਨ ਸਿੰਘ ਵਾਸੀ ਖਾਟੀ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਦੇ ਜਾਂਚ ਅਧਿਕਾਰੀ ਦਯਾ ਚੰਦ ਨੇ ਦੱਸਿਆ ਕਿ ਗਿਆਨ ਚੰਦ ਅਤੇ ਬਲਵਿੰਦਰ ਕੌਰ ਆਪਣੀ ਐਕਟਿਵਾ ਨੰਬਰੀ ਪੀ. ਬੀ.09.ਏ. ਡੀ.6156 'ਤੇ ਸਵਾਰ ਹੋ ਕੇ ਖਾਟੀ ਤੋਂ ਫਗਵਾੜਾ ਵੱਲ ਨੂੰ ਆ ਰਹੇ ਸੀ ਤੇ ਜਦੋਂ ਮੰਡੀ ਦੇ ਗੇਟ ਲਾਗੇਂ ਪੁੱਜੇ ਤਾਂ ਪਿੱਛੋਂ ਆ ਰਹੀ ਇਕ ਐਗਜੈਲੋ ਗੱਡੀ ਨੰਬਰ ਪੀ. ਬੀ.10.ਡੀ. ਪੀ. 9320 ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸਕੂਟਰੀ ਤੋਂ ਡਿੱਗ ਪਏ। ਇਸ ਹਾਦਸੇ 'ਚ ਗਿਆਨ ਚੰਦ ਦੀ ਮੌਤ ਹੋ ਗਈ ਅਤੇ ਬਲਵਿੰਦਰ ਕੌਰ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਟੱਕਰ ਮਾਰ ਕੇ ਮੌਕੇ 'ਤੋਂ ਫਰਾਰ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਕਾਰ ਦਾ ਨੰਬਰ ਨੋਟ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਲਖਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਖਾਟੀ ਦੇ ਬਿਆਨਾ 'ਤੇ ਕਾਰ ਚਾਲਕ ਖਿਲਾਫ ਧਾਰਾ 304 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਤੇ ਔਰਤ ਆਪਸ 'ਚ ਰਿਸ਼ਤੇਦਾਰ ਸਨ। ਡਾਕਟਰਾਂ ਅਨੁਸਾਰ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ।


shivani attri

Content Editor

Related News