ਛੁੱਟੀਆਂ ਕੱਟਣ ਜਾ ਰਹੇ ਪਰਿਵਾਰ ਦੀ ਸਕੂਟਰੀ ਨੂੰ ਬੱਸ ਨੇ ਮਾਰੀ ਟੱਕਰ, 10 ਸਾਲਾ ਬੱਚੀ ਦੀ ਮੌਤ

06/16/2019 3:59:29 PM

ਫਗਵਾੜਾ (ਹਰਜੋਤ,ਜਲੋਟਾ)— ਬੀਤੇ ਦਿਨ ਇਥੇ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ । ਮ੍ਰਿਤਕ ਲੜਕੀ ਦੀ ਪਛਾਣ ਸਵਿਨੀ ਪੁੱਤਰੀ ਕਸ਼ਮੀਰ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਅਹਿਮਦ ਗੜ੍ਹਸ਼ੰਕਰ ਦੀ ਰਹਿਣ ਵਾਲੀ ਇਕ ਔਰਤ ਕਸ਼ਮੀਰ ਕੌਰ ਆਪਣੇ ਬੱਚਿਆਂ ਸਵਿਨੀ ਅਤੇ ਸੁਮਿਤ (5) ਨਾਲ ਆਪਣੀ ਸਕੂਟਰੀ ਪਲੇਜਰ 'ਤੇ ਸਵਾਰ ਹੋ ਕੇ ਫਗਵਾੜਾ ਵੱਲ ਨੂੰ ਆ ਰਹੀ ਸੀ। ਜਦੋਂ ਉਹ ਹੁਸ਼ਿਆਰਪੁਰ ਰੋਡ 'ਤੇ ਪਲਾਹੀ ਗੇਟ ਚੌਕ ਅੱਗੇ ਪੁੱਜੀ ਤਾਂ ਪਿੱਛੋਂ ਪੰਜਾਬ ਰੋਡਵੇਜ਼ ਦੀ ਚੰਡੀਗ਼ੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ । ਜਿਸ ਨਾਲ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਅਤੇ ਸਕੂਟਰੀ ਤੋਂ ਡਿੱਗਣ ਕਾਰਣ ਸਵਿਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਸ਼ਮੀਰ ਕੌਰ ਅਤੇ ਸੁਮਿਤ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਲੋਕਾਂ ਨੇ ਮੌਕੇ 'ਤੇ ਬੱਸ ਅਤੇ ਡਰਾਈਵਰ ਨੂੰ ਘੇਰਾ ਪਾ ਲਿਆ ਅਤੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਐੱਚ. ਓ. ਵਿਜੈ ਕੰਵਰ ਸਿੰਘ, ਐੱਸ. ਐੱਚ. ਓ. ਰਾਵਲਪਿੰਡੀ ਰੇਸ਼ਮ ਸਿੰਘ ਮੌਕੇ 'ਤੇ ਪੁੱਜੇ ਅਤੇ ਬੱਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਡਰਾਈਵਰ ਨੂੰ ਕਾਬੂ ਕਰ ਲਿਆ। ਮ੍ਰਿਤਕ ਸਵਿਨੀ ਤੀਸਰੀ ਜਮਾਤ ਦੀ ਵਿਦਿਆਰਥਣ ਸੀ ਤੇ ਉਹ ਪੜ੍ਹਾਈ 'ਚ ਕਾਫ਼ੀ ਹੁਸ਼ਿਆਰ ਵੀ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਕਸ਼ਮੀਰ ਕੌਰ ਆਪਣੇ ਬੱਚਿਆਂ ਸਮੇਤ ਛੁੱਟੀਆਂ ਕੱਟਣ ਲਈ ਪਿੰਡ ਆਠੋਲੀ ਵਿਖੇ ਆਪਣੀ ਭੈਣ ਜਸਵਿੰਦਰ ਕੌਰ ਨੂੰ ਮਿਲਣ ਜਾ ਰਹੀ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

PunjabKesari

ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਵਾਪਰ ਰਹੇ ਹਨ ਹਾਦਸੇ
ਮੌਕੇ 'ਤੇ ਮੌਜੂਦ ਧਰਮਵੀਰ ਤੇ ਹੋਰ ਮੌਜੂਦ ਲੋਕਾਂ ਨੇ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਚੌਕ ਕਾਫੀ ਖਤਰਨਾਕ ਹੈ ਅਤੇ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਇਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਟ੍ਰੈਫਿਕ ਕਰਮੀ ਤਾਇਨਾਤ ਕੀਤੇ ਜਾਣ ਤਾਂ ਜੋ ਕੀਮਤੀ ਜਾਨਾਂ ਬਚ ਸਕਣ ਪਰ ਉਨ੍ਹਾਂ ਦਾ ਦੋਸ਼ ਸੀ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ, ਜਿਸ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਇਸ ਨੂੰ ਅਣਗੌਲਿਆ ਹੀ ਕਰ ਰਿਹਾ ਹੈ।
ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਵਿਜੈਕੰਵਰ ਸਿੰਘ ਅਤੇ ਜਾਂਚ ਅਧਿਕਾਰੀ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਮੋਹਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰੋਪੜ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨਹੀਂ ਰੁਕ ਰਿਹੈ ਖੂਨੀ ਚੌਕ 'ਚ ਹਾਦਸਿਆਂ ਦਾ ਸਿਲਸਿਲਾ
ਆਖਿਰ ਖੂਨੀ ਚੌਕ 'ਤੇ ਆਏ ਦਿਨ ਹੋਏ ਹੋ ਰਹੇ ਭਿਆਨਕ ਸੜਕ ਹਾਦਸਿਆਂ 'ਚ ਕਈ ਲੋਕ ਜ਼ਖ਼ਮੀ ਤੇ ਕਈਆਂ ਦੀ ਮੌਤ ਹੋ ਜਾਣ ਤੋਂ ਬਾਅਦ ਵੀ ਸਰਕਾਰੀ ਅਮਲਾ ਇਨ੍ਹਾਂ ਕਾਰਣਾਂ 'ਤੇ ਚੁੱਪੀ ਸਾਧ ਕੇ ਖਾਮੋਸ਼ ਬੈਠਾ ਹੈ। ਇਹ ਸਵਾਲ ਬੀਤੇ ਦਿਨ ਫਗਵਾੜਾ ਵਾਸੀ ਦੇ ਦਿਲਾਂ ਤੇ ਦਿਮਾਗ 'ਚ ਹਾਵੀ ਹੋ ਰਿਹਾ ਹੈ। ਲੋਕਾਂ ਨੇ ਕਿਹਾ ਕਿ ਸਰਕਾਰਾਂ ਬਦਲੀਆਂ, ਫਗਵਾੜਾ ਪੁਲਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਬਦਲੇ ਪਰ ਕੁਝ ਨਹੀਂ ਬਦਲਿਆ ਤਾਂ ਉਹ ਹੈ ਖੂਨੀ ਚੌਕ 'ਤੇ ਹੁੰਦੇ ਖੂਨੀ ਹਾਦਸਿਆਂ ਦਾ ਸਿਲਸਿਲਾ। ਲੋਕਾਂ ਨੇ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹਨ। ਨਾ ਤਾਂ ਇਸ ਵਲ ਕੋਈ ਧਿਆਨ ਦੇ ਰਹੀ ਹੈ ਅਤੇ ਨਾ ਹੀ ਉਕਤ ਚੌਕ 'ਤੇ ਹਾਦਸਿਆਂ ਦਾ ਸਿਲਸਿਲਾ ਰੁਕ ਰਿਹਾ ਹੈ। ਕੁਝ ਸਮੇਂ ਪਹਿਲਾਂ ਸਮਾਜ ਸੇਵੀਆਂ ਨੇ ਲੋਕ ਹਿੱਤ ਕਾਰਨ ਨਿੱਜੀ ਪੈਸੇ ਖਰਚ ਕੇ ਇਸ 'ਤੇ ਸਪੀਡ ਬ੍ਰੇਕਰ ਬਣਾਏ ਸਨ, ਜਿਸ ਤੋਂ ਬਾਅਦ ਇਥੇ ਹਾਦਸਿਆਂ 'ਚ ਕਮੀ ਆਈ ਸੀ ਪਰ ਉਕਤ ਸਪੀਡ ਬ੍ਰੇਕਰਾਂ ਨੂੰ ਹੈਵੀ ਵਾਹਨਾਂ ਨੇ ਨੁਕਸਾਨ ਪਹੁੰਚਾ ਦਿੱਤਾ। ਲੋਕਾਂ ਨੇ ਕਿਹਾ ਕਿ ਸਪੀਡ ਬ੍ਰੇਕਰ ਹੁੰਦਾ ਤਾਂ 10 ਸਾਲ ਦੀ ਸ਼ਿਵਾਨੀ ਦੀ ਜਾਨ ਬਚ ਸਕਦੀ ਸੀ। ਇਸ ਸਬੰਧੀ ਸਮਾਜ ਸੇਵੀ ਇੰਦਰ ਖੁਰਾਣਾ, ਸਾਬਕਾ ਪ੍ਰਧਾਨ ਰੋਟਰੀ ਕਲੱਬ ਸਾਊਥ ਈਸਟ ਨੇ ਕਿਹਾ ਕਿ ਸ਼ਿਵਾਨੀ ਦੀ ਹਾਦਸੇ 'ਚ ਹੋਈ ਮੌਤ ਬਹੁਤ ਦੁਖਦਾਈ ਘਟਨਾ ਹੈ। ਉਨ੍ਹਾਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚ ਸਪੀਡ ਬ੍ਰੇਕਰ ਬਣਾਏ ਜਾਣ ਕਿ ਜਿਨ੍ਹਾਂ ਲੋਕਾਂ ਨੇ ਜਾਣ-ਬੁੱਝ ਕੇ ਸਪੀਡ ਬ੍ਰੇਕਰਾਂ ਨੂੰ ਤੋੜਿਆ ਹੈ, ਉਨ੍ਹਾਂ ਦੀ ਪਛਾਣ ਕਰ ਕੇ ਸਰਕਾਰ ਉਨ੍ਹਾਂ ਖਿਲਾਫ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਸਰਕਾਰ ਬਿਨਾਂ ਸਮਾਂ ਗੁਆਏ ਇਸ ਇਲਾਕੇ 'ਚ ਵੱਡੇ ਸਪੀਡ ਬ੍ਰੇਕਰ ਦਾ ਨਿਰਮਾਣ ਕਰੇ ਤਾਂ ਜੋ ਸੜਕ ਹਾਦਸੇ ਨੂੰ ਰੋਕਿਆ ਜਾ ਸਕੇ।


shivani attri

Content Editor

Related News