ਸੜਕਾਂ ''ਤੇ ਘੁੰਮਦੇ ਬੇਸਹਾਰਾ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ

05/27/2019 11:26:24 AM

ਕਪੂਰਥਲਾ (ਮਹਾਜਨ)— ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਸੜਕਾਂ 'ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੈ। ਇਹ ਪਸ਼ੂ ਝੁੰਡ ਬਣਾ ਕੇ ਸੜਕਾਂ ਤੇ ਜੀ. ਟੀ. ਰੋਡ 'ਤੇ ਆਮ ਦੇਖੇ ਜਾਂਦੇ ਹਨ। ਇਨ੍ਹਾਂ ਪਸ਼ੂਆਂ ਦੇ ਕਾਰਨ ਸੜਕਾਂ 'ਤੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਵਾਰ ਅਜਿਹੇ ਹਾਦਸੇ ਵੀ ਹੋ ਚੁੱਕੇ ਹਨ ਅਤੇ ਕਈ ਲੋਕ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਉਸ ਨੂੰ ਇਸ ਦੀ ਜ਼ਰਾ ਵੀ ਚਿੰਤਾ ਨਹੀਂ ਹੈ। ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ। ਜਿੱਥੇ ਇਹ ਪਸ਼ੂ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ ਅਤੇ ਉਨ੍ਹਾਂ ਤੋਂ ਕਿਸਾਨ ਵੀ ਦੁਖੀ ਹਨ ਕਿਉਂਕਿ ਇਹ ਪਸ਼ੂ ਕਿਸਾਨਾਂ ਦੀ ਫਸਲ ਵੀ ਉਜਾੜ ਰਹੇ ਹਨ। ਬੇਸਹਾਰਾ ਪਸ਼ੂਆਂ ਤੋਂ ਰਾਤ ਨੂੰ ਵੀ ਕਾਫੀ ਮੁਸ਼ਕਿਲ ਆਉਂਦੀ ਹੈ, ਜਦੋਂ ਜੀ. ਟੀ. ਰੋਡ 'ਤੇ 100 ਦੀ ਸਪੀਡ 'ਤੇ ਗੱਡੀ ਹੁੰਦੀ ਹੈ ਤਾਂ ਹਨ੍ਹੇਰੇ 'ਚ ਅਜਿਹੇ ਪਸ਼ੂ ਵਿਚਕਾਰ ਆ ਕੇ ਟਕਰਾਉਂਦੇ ਹਨ, ਜਿਸ ਨਾਲ ਵੱਡੇ ਹਾਦਸੇ ਹੋ ਜਾਂਦੇ ਹਨ। ਅਜਿਹੇ ਅਨੇਕ ਹਾਦਸੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਪਸ਼ੂਆਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਬਜ਼ੁਰਗਾਂ ਤੇ ਬੱਚਿਆਂ ਨੂੰ ਝੱਲਣੀ ਪੈਂਦੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਬੇਸਹਾਰਾ ਪਸ਼ੂਆਂ ਲਈ ਕਮਾਲਪੁਰ ਮੋਠਾਂਵਾਲ ਵਿਖੇ ਗਊਸ਼ਾਲਾ ਵੀ ਬਣੀ ਹੈ ਪਰ ਫਿਰ ਵੀ ਸੜਕਾਂ 'ਤੇ ਬੇਸਹਾਰਾ ਪਸ਼ੂ ਤੁਹਾਨੂੰ ਨਜ਼ਰ ਆਉਂਦੇ ਹਨ।
'ਬੇਸਹਾਰਾ ਪਸ਼ੂਆਂ ਦੇ ਗਲੇ 'ਚ ਪਾਇਆ ਜਾਵੇ ਰੇਡੀਅਮ ਟੇਪ ਵਾਲਾ ਪਟਾ'
ਖੇਤਰ ਦੇ ਵਾਸੀ ਵਿਕਾਸ ਗੁਪਤਾ, ਰਮਨ ਮਹਾਜਨ, ਰਾਮ ਭੁਟਾਨੀ, ਬਿੱਟੂ ਚਾਵਲਾ, ਰਾਜੂ ਅਰੋੜਾ, ਹੈਪੀ ਆਨੰਦ, ਅਤੁੱਲ ਚੱਕਰਵਤੀ, ਆਰ. ਕੇ. ਅਰੁਣ ਗੁਪਤਾ, ਅਮਿਤ ਸੋਨੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਦੀ ਰੋਕਥਾਮ ਲਈ ਉਨ੍ਹਾਂ ਦੇ ਗਲੇ 'ਚ ਰੇਡੀਅਮ ਟੇਪ ਵਾਲਾ ਪਟਾ ਪਾਇਆ ਜਾਵੇ ਤਾਂ ਜੋ ਹਨੇਰੇ 'ਚ ਦੂਰ ਤੋਂ ਬੇਸਹਾਰਾ ਪਸ਼ੂਆਂ ਦੇ ਸੜਕ 'ਚ ਖੜ੍ਹੇ ਹੋਣ ਦਾ ਪਤਾ ਲੱਗ ਸਕੇ।

shivani attri

This news is Content Editor shivani attri